ਅਕਾਲੀ ਦਲ ਵਲੋਂ ਲਗਾਏ ਦੋਸ਼ਾਂ ’ਤੇ ‘ਆਪ’ ਦਾ ਵੱਡਾ ਬਿਆਨ, ਕਿਹਾ ਹੁਣ ਚੋਰ ਮਚਾ ਰਹੇ ਸ਼ੋਰ

Friday, Jun 25, 2021 - 09:50 PM (IST)

ਅਕਾਲੀ ਦਲ ਵਲੋਂ ਲਗਾਏ ਦੋਸ਼ਾਂ ’ਤੇ ‘ਆਪ’ ਦਾ ਵੱਡਾ ਬਿਆਨ, ਕਿਹਾ ਹੁਣ ਚੋਰ ਮਚਾ ਰਹੇ ਸ਼ੋਰ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ’ਤੇ ਵੱਡਾ ਹਮਲਾ ਬੋਲਿਆ ਹੈ। ਚੀਮਾ ਦਾ ਆਖਣਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਨਫਰਤ ਦਾ ਪਾਤਰ ਬਣ ਚੁੱਕਾ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਲੋਕਾਂ ’ਤੇ ਸਭ ਤੋਂ ਵੱਧ ਜ਼ੁਲਮ ਹੋਇਆ ਹੈ। ਚੀਮਾ ਨੇ ਕਿਹਾ ਕਿ ਹੁਣ ਅਕਾਲੀ ਦਲ ਚੋਰਾਂ ਵਾਂਗ ਸ਼ੋਰ ਮਚਾ ਰਿਹਾ ਹੈ। ਅਕਾਲੀ ਦਲ ਨੂੰ ਚੋਰ ਪਾਰਟੀ ਨਾਲ ਸੰਬੋਧਨ ਕਰਦੇ ਹੋਏ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਦ੍ਰਿਸ਼ ’ਚ ਅਕਾਲੀ ਦਲ ਦਾ ਕੋਈ ਰੋਲ ਨਹੀਂ ਹੈ ਅਤੇ 2022 ਵਿਚ ਅਕਾਲੀ ਦਲ ਦਾ ਪੂਰੀ ਤਰ੍ਹਾਂ ਭੋਗ ਪੈ ਜਾਵੇਗਾ।

ਇਹ ਵੀ ਪੜ੍ਹੋ : ਕੈਪਟਨ ਦੀ ਕੋਠੀ ਕੋਲੋਂ ਮਿਲੀ ਲਾਸ਼ ਦਾ ਕਈ ਦਿਨ ਬਾਅਦ ਵੀ ਨਹੀਂ ਮਿਲਿਆ ਸਿਰ, ਅੰਤ ਪੁਲਸ ਨੇ ਚੁੱਕਿਆ ਇਹ ਕਦਮ

ਅਕਾਲੀ ਦਲ ਵਲੋਂ ਬੇਅਦਬੀ ਮਾਮਲੇ ’ਚ ਸਿਆਸਤ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਸਿਰਫ ਮੀਡੀਆ ਵਿਚ ਬਣੇ ਰਹਿਣ ਲਈ ਹੀ ਅਕਾਲੀ ਦਿਖਾਵਾ ਕਰ ਰਹੇ ਹਨ ਜਦਕਿ ਜਸਟਿਸ ਜ਼ੋਰਾ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਿਚ ਬਾਦਲਾਂ ਦਾ ਚਿਹਰਾ ਸਾਫ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਨਾਰਕੋ ਏਜੰਸੀ ਕੋਲ ਚੱਲ ਕੇ ਜਾਣਾ ਚਾਹੀਦਾ ਹੈ ਅਤੇ ਟੈਸਟ ਕਰਵਾਉਣਾ ਚਾਹੀਦਾ ਹੈ, ਇਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਪਰ ਅਕਾਲੀ ਦਲ ਜਾਂਚ ਤੋਂ ਭੱਜ ਰਿਹਾ ਹੈ ਜਿਸ ਤੋਂ ਇਸ ਦਾ ਚਿਹਰਾ ਫਿਰ ਸਾਫ ਹੁੰਦਾ ਹੈ।

ਇਹ ਵੀ ਪੜ੍ਹੋ : ਕਾਂਗਰਸ ਨੂੰ ਟੱਕਰ ਦੇਣ ਲਈ ਅਕਾਲੀ ਦਲ ਨੇ ਹਾਇਰ ਕੀਤਾ ‘ਸੁਨੀਲ ਕੋਨੋਗੋਲੂ’

ਕਾਂਗਰਸ ’ਤੇ ਵਰ੍ਹਦਿਆਂ ‘ਆਪ’ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਸਿਰਫ ਆਪਣਿਆਂ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ, ਇਸੇ ਲਈ ਸਰਕਾਰ ਵਲੋਂ ਆਪਣੇ ਪਰਿਵਾਰਾਂ ’ਚ ਹੀ ਨੌਕਰੀਆਂ ਵੰਡੀਆਂ ਜਾ ਰਹੀਆਂ ਹਨ। ਚੀਮਾ ਨੇ ਕਿਹਾ ਕਿ ਸਵਾ ਚਾਰ ਸਾਲ ਵਿਚ ਕਾਂਗਰਸ ਨੇ ਸਿਰਫ ਭਾਈ ਭਤੀਜਾਵਾਦ ਹੀ ਫੈਲਾਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਕੈਪਟਨ ਦੇ ਸ਼ਾਹੀ ਮਹਿਲਾਂ ਦੇ ਸਾਹਮਣੇ ਦੋ ਨੌਜਵਾਨ ਟਾਵਰਾਂ ’ਤੇ ਚੜ੍ਹੇ ਹੋਏ ਨੌਕਰੀਆਂ ਮੰਗ ਰਹੇ, ਉਨ੍ਹਾਂ ਦੀ ਸਾਰ ਲੈਣ ਦੀ ਬਜਾਏ ਸਰਕਾਰ ਆਪਣੇ ਪਰਿਵਾਰ ਵਾਲਿਆਂ ਨੂੰ ਹੀ ਨੌਕਰੀਆਂ ਵੰਡ ਰਹੀ ਹੈ। ਚੀਮਾਂ ਨੇ ਕਿਹਾ ਕਿ ਸਰਕਾਰ ਵਲੋਂ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਡੀ. ਐੱਸ. ਪੀ., ਸੁਨੀਲ ਜਾਖੜ ਦਾ ਭਤੀਜਾ ਪੰਜਾਬ ਫਾਰਮਰ ਕਮਿਸ਼ਨ ਦਾ ਚੇਅਰਮੈਨ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਪੁੱਤਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ, ਸੁੱਖ ਸਰਕਾਰੀਆ ਦਾ ਭਤੀਜਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੈ, ਵਰਿੰਦਰਜੀਤ ਪਾਹੜਾ ਦਾ ਭਰਾ ਮਿਊਂਸਪਲ ਕਾਰਪੋਰੇਸ਼ਨ ਦਾ ਪ੍ਰਧਾਨ ਹੈ, ਬਲਬੀਰ ਸਿੰਘ ਸਿੱਧੂ ਦਾ ਭਰਾ ਮੇਅਰ ਹੈ, ਦੀਪਇੰਦਰ ਢਿੱਲੋਂ ਦਾ ਪੁੱਤਰ ਮਿਊਂਸਪਲ ਕਮੇਟੀ ਦਾ ਪ੍ਰਧਾਨ ਹੈ, ਗੁਰਪ੍ਰੀਤ ਕਾਂਗੜ ਦਾ ਪੁੱਤਰ ਕੋਆਪਰੇਟਿਵ ਬੈਂਕ ਦਾ ਡਾਇਰੈਕਟਰ ਲਗਾਇਆ ਗਿਆ ਹੈ। ਇਹ ਕੁੱਝ ਕੁ ਉਦਾਹਰਣਾਂ ਹਨ ਪਰ ਕਾਂਗਰਸ ਦੇ ਸਾਰੇ ਵਿਧਾਇਕਾਂ ਅਤੇ ਆਗੂਆਂ ਵਲੋਂ ਪੰਜਾਬ ’ਚ ਭਾਈ ਭਤੀਜਾਵਾਦ ਫੈਲਾਇਆ ਗਿਆ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਦਫਤਰ ਵਿਚ 50 ਫ਼ੀਸਦੀ ਸਟਾਫ ਕਾਂਗਰਸੀਆਂ ਦੇ ਪਰਿਵਾਰਾਂ ਦਾ ਹੈ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਤੋਂ ਬਾਅਦ ਅਕਾਲੀ ਦਲ ਨੇ ਐੱਸ. ਆਈ. ਟੀ. ’ਤੇ ਚੁੱਕੇ ਸਵਾਲ

ਸਰਕਾਰ ਨੂੰ ਸਿਰਫ ਆਪਣੇ ਪਰਿਵਾਰ ਹੀ ਕਾਬਲ ਨਜ਼ਰ ਆਉਂਦੇ ਹਨ ਜਦਕਿ ਟੈਟ ਪਾਸ ਬੇਰੁਜ਼ਗਾਰਾਂ ਨੂੰ ਨੌਕਰੀਆਂ ਮੰਗਣ ’ਤੇ ਸਰਕਾਰ ਡਾਂਗਾਂ ਵਰ੍ਹਾਉਂਦੀ ਹੈ। ਚੀਮਾ ਨੇ ਕਿਹਾ ਕਿ 2022 ਵਿਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਸਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੁੰਵਰ ਵਿਜੇ ਪ੍ਰਤਾਪ ’ਤੇ ਬੋਲਦਿਆਂ ਚੀਮਾ ਨੇ ਕਿਹਾ ਕਿ ਕੁੰਵਰ ਇਕ ਇਮਾਨਦਾਰ ਅਫ਼ਸਰ ਰਹੇ ਹਨ ਅਤੇ ਹੁਣ ਸਿਆਸਤ ਵਿਚ ਪਏ ਗੰਦ ਨੂੰ ਸਾਫ ਕਰਨ ਲਈ ਰਾਜਨੀਤੀ ਵਿਚ ਆਏ ਹਨ। ਪੰਜਾਬ ਵਿਚ ਮੁੱਖ ਮੰਤਰੀ ਚਿਹਰੇ ਸੰਬੰਧੀ ਪੁੱਛੇ ਸਵਾਲ ’ਤੇ ਚੀਮਾ ਨੇ ਸਾਫ਼ ਕੀਤਾ ਕਿ ਉਹ ਕਿਸੇ ਅਹੁਦੇ ਦੀ ਦੌੜ ਵਿਚ ਸ਼ਾਮਲ ਨਹੀਂ ਹਨ।

ਇਹ ਵੀ ਪੜ੍ਹੋ : 6 ਸਾਲਾ ਭਤੀਜੀ ਨਾਲ ਚਾਚੇ ਨੇ ਟੱਪੀਆਂ ਹੱਦਾਂ, ਅਖੀਰ ਵੱਡਾ ਜਿਗਰਾ ਕਰਕੇ ਮਾਂ ਨੇ ਪੁਲਸ ਸਾਹਮਣੇ ਖੋਲ੍ਹੀ ਕਰਤੂਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News