''ਐਗਜ਼ਿਟ ਪੋਲ'' ਆਉਂਦੇ ਹੀ ''ਆਪ'' ਉਮੀਦਵਾਰਾਂ ਨੂੰ ਮਿਲਣ ਲੱਗੀਆਂ ਵਧਾਈਆਂ, ਲੱਡੂ ਬਣਾਉਣ ਦੇ ਦਿੱਤੇ ਆਰਡਰ
Tuesday, Mar 08, 2022 - 11:02 AM (IST)
ਲੁਧਿਆਣਾ (ਵਿੱਕੀ) : 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਪੜਾਅ ਤੋਂ ਬਾਅਦ ਵੱਖ-ਵੱਖ ਏਜੰਸੀਆਂ ਵੱਲੋਂ ਐਗਜ਼ਿਟ ਪੋਲ ਵੀ ਜਾਰੀ ਕਰ ਦਿੱਤੇ ਗਏ ਹਨ, ਜਿਸ ਵਿਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਵੱਖ-ਵੱਖ ਐਗਜ਼ਿਟ ਪੋਲ ’ਚ ਆਮ ਆਦਮੀ ਪਾਰਟੀ ਨੂੰ 70 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ। ਐਗਜ਼ਿਟ ਪੋਲ ਜਾਰੀ ਹੋਣ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ’ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਪਾਰਟੀ ਦੇ ਉਮੀਦਵਾਰਾਂ ਦੇ ਘਰ ਅਤੇ ਦਫ਼ਤਰਾਂ ’ਚ ਚੋਣਾਂ ਤੋਂ ਬਾਅਦ ਇਕ ਵਾਰ ਫਿਰ ਲੋਕਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਹੈ। ਸਤ੍ਹਾ ਦੀ ਸਵਾਰੀ ਕਰਨ ਜਾ ਰਹੀ ਪਾਰਟੀ ਦੇ ਉਮੀਦਵਾਰਾਂ ਦੇ ਚਿਹਰੇ ’ਤੇ ਖੁਸ਼ੀ ਦੇਖੀ ਜਾ ਸਕਦੀ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦਾਜ਼ਾ ਸਹੀ ਦਿਸ਼ਾ ਵਿਚ ਜਾ ਰਿਹਾ ਹੈ, ਜੋ 10 ਮਾਰਚ ਨੂੰ ਹਕੀਕਤ ਵਿਚ ਬਦਲ ਜਾਵੇਗਾ। ਨਾਲ ਹੀ ਪਾਰਟੀ ਦੀ ਸੰਕੇਤਕ ਜਿੱਤ ਦੇਖ ਕੇ ਉਮੀਦਵਾਰਾਂ ਨੇ ਹਲਵਾਈਆਂ ਨੂੰ ਲੱਡੂ ਬਣਾਉਣ ਦਾ ਆਰਡਰ ਵੀ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਕੌਮਾਂਤਰੀ ਮਹਿਲਾ ਦਿਵਸ : 'ਔਰਤ' ਦੀ ਦੁਨੀਆ ਦੇ ਮੁਹਾਂਦਰੇ ਨੂੰ ਬਦਲਣ ਤੇ ਸੁਧਾਰਨ 'ਚ ਅਹਿਮ ਭੂਮਿਕਾ (ਤਸਵੀਰਾਂ)
ਸੋਸ਼ਲ ਮੀਡੀਆ ’ਤੇ ਬਦਲੇ ਸਟੇਟਸ
ਐਗਜ਼ਿਟ ਪੋਲ ਆਉਂਦੇ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ’ਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਵਰਕਰਾਂ ਵੱਲੋਂ ਜਿਥੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਦੇ ਆਪਣੇ ਅਕਾਊਂਟਸ ’ਤੇ ਪਾਰਟੀ ਉਮੀਦਵਾਰ ਦੀ ਹਮਾਇਤ ’ਚ ਸਟੇਟਸ ਲਗਾਇਆ ਗਿਆ ਸੀ, ਹੁਣ ਉਹੀ ਉਸ ਨੂੰ ਬਦਲਦੇ ਹੋਏ ਪਾਰਟੀ ਦੀ ਜਿੱਤ ਦੀ ਖੁਸ਼ੀ ਮਨਾਉਣ ਦੀ ਤਿਆਰੀ ਸਬੰਧੀ ਸਟੇਟਸ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਨਤੀਜਿਆਂ ਤੋਂ ਪਹਿਲਾਂ ਵੱਡੀ ਹਲਚਲ, ਕੈਪਟਨ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
ਜਸ਼ਨ ਦੀ ਹੋ ਰਹੀ ਤਿਆਰੀ
ਆਮ ਆਦਮੀ ਪਾਰਟੀ ਦੇ ਇਕ ਵੱਡੇ ਨੇਤਾ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਐਗਜ਼ਿਟ ਪੋਲ ਦੇ ਆਧਾਰ ’ਤੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਪਾਰਟੀ ਦੀ ਜਿੱਤ ਦੀ ਖੁਸ਼ੀ ਮਨਾਉਣ ਲਈ ਉਨ੍ਹਾਂ ਨੂੰ ਲੱਡੂ ਦੇ ਆਰਡਰ ਵੀ ਦੇ ਦਿੱਤੇ ਹਨ ਪਰ 10 ਮਾਰਚ ਦੇ ਫਾਈਨਲ ਨਤੀਜੇ ਤੋਂ ਬਾਅਦ ਹੀ ਆਰਡਰ ਫਾਈਨਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਮਜੀਠੀਆ ਦੀ ਨਿਆਇਕ ਹਿਰਾਸਤ ਅੱਜ ਹੋ ਰਹੀ ਖ਼ਤਮ, ਅਦਾਲਤ 'ਚ ਪੇਸ਼ ਕੀਤਾ ਜਾ ਸਕਦੈ
ਦੂਜੇ ਪਾਸੇ ਇਕ ਹੋਰ ਸੂਚਨਾ ਮੁਤਾਬਕ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਭਗਵੰਤ ਮਾਨ ਬਤੌਰ ਮੁੱਖ ਮੰਤਰੀ 16 ਮਾਰਚ ਨੂੰ ਖਟਕੜ ਕਲਾਂ ਵਿਚ ਆਪਣੇ ਮੰਤਰੀਆਂ ਦੇ ਨਾਲ ਸਹੁੰ ਲੈਣਗੇ ਪਰ ਹੁਣ ਤੱਕ ਪਾਰਟੀ ਵੱਲੋਂ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਤਾਂ ਨਹੀਂ ਕੀਤੀ ਗਈ ਪਰ ਪਤਾ ਲੱਗਾ ਹੈ ਕਿ ਇਸ ਸਬੰਧੀ ਸਾਰਾ ਪ੍ਰੋਗਰਾਮ ਕੁੱਝ ਦਿਨ ਪਹਿਲਾਂ ਹੀ ਤੈਅ ਹੋ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ