ਸ੍ਰੀ ਨਨਕਾਣਾ ਸਾਹਿਬ ਦੇ ਮਾਮਲੇ 'ਚ ਮੋਦੀ ਖੁਦ ਦਖ਼ਲ ਦੇਣ: 'ਆਪ'

01/05/2020 1:41:20 PM

ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਪਾਕਿ ਸਥਿਤ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਰਾਰਤੀ ਭੀੜ ਵਲੋਂ ਕੀਤੀ ਪੱਥਰਬਾਜ਼ੀ ਪਿੱਛੇ ਡੂੰਘੀ ਫ਼ਿਰਕੂ ਸਾਜ਼ਿਸ਼ ਹੋਣ ਦਾ ਸੰਦੇਹ ਦਿੱਤਾ ਹੈ। ਆਗੂਆਂ ਨੇ ਇਸ ਮਾਮਲੇ ਦੇ ਸਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਧਾ ਦਖ਼ਲ ਮੰਗਿਆ ਹੈ। 'ਆਪ' ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ 'ਆਪ' ਆਗੂਆਂ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਥਲ ਸ੍ਰੀ ਨਨਕਾਣਾ ਸਾਹਿਬ ਵਿਖੇ ਅਜਿਹੀ ਘਟਨਾ ਕਿਸੇ ਡੂੰਘੀ ਸਾਜ਼ਿਸ਼ ਬਗੈਰ ਨਹੀਂ ਵਾਪਰ ਸਕਦੀ। ਇਹ ਉਚ ਪਧਰੀ ਨਿਰਪੱਖ ਅਤੇ ਸਮਾਂਬੱਧ ਜਾਂਚ ਦਾ ਸੰਵੇਦਨਸ਼ੀਲ ਮਸਲਾ ਹੈ, ਜਿਸ ਨੇ ਦੁਨੀਆ ਭਰ 'ਚ ਵੱਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਨਿਰਾਸ਼ ਅਤੇ ਚਿੰਤਤ ਕੀਤਾ ਹੈ। 

ਕੁਲਤਾਰ ਸੰਧਵਾਂ ਨੇ ਕਿਹਾ ਕਿ ਭਾਰਤ ਆਪਣੀ ਕੂਟਨੀਤਕ ਪਹੁੰਚ ਰਾਹੀਂ ਪਾਕਿ 'ਤੇ ਲੋੜੀਂਦਾ ਦਬਾਅ ਪਾਵੇ ਅਤੇ ਇਸ ਘਟਨਾ ਪਿੱਛੇ ਸਾਜ਼ਿਸ਼ ਨੂੰ ਬੇਨਕਾਬ ਕਰਵਾਏ। ਇਹ ਪਾਕਿ 'ਚ ਵਸਦੇ ਘਟ ਗਿਣਤੀ ਹਿੰਦੂ-ਸਿੱਖ ਭਾਈਚਾਰੇ ਦਰਮਿਆਨ ਫ਼ਿਰਕੂ ਜ਼ਹਿਰ ਘੋਲਣ ਦੀ ਨਿੰਦਾ ਜਨਕ ਹਰਕਤ ਹੈ। ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਸ ਘਟਨਾ ਦੀ ਆਪਣੀ ਨਿਗਰਾਨੀ ਥੱਲੇ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ ਕਿ ਪਾਕਿ 'ਚ ਘੱਟ ਗਿਣਤੀ ਹਿੰਦੂ ਅਤੇ ਸਿੱਖਾਂ ਵੱਲ ਕੋਈ ਸ਼ਰਾਰਤੀ ਅਨਸਰ ਜਾਂ ਕੱਟੜਵਾਦੀ ਅੱਖ ਉਠਾ ਕੇ ਨਾ ਦੇਖ ਸਕੇ।


rajwinder kaur

Content Editor

Related News