ਸਰਕਾਰਾਂ ਦੇ ਏਜੰਡੇ ''ਤੇ ਜੇ ਲੋਕ ਹੁੰਦੇ ਤਾਂ ਘੱਗਰ ਬਰਬਾਦੀ ਦੀ ਥਾਂ ਵਰਦਾਨ ਹੁੰਦਾ : ਚੀਮਾ

Friday, Jul 19, 2019 - 06:57 PM (IST)

ਸਰਕਾਰਾਂ ਦੇ ਏਜੰਡੇ ''ਤੇ ਜੇ ਲੋਕ ਹੁੰਦੇ ਤਾਂ ਘੱਗਰ ਬਰਬਾਦੀ ਦੀ ਥਾਂ ਵਰਦਾਨ ਹੁੰਦਾ : ਚੀਮਾ

ਮੂਨਕ/ਸੰਗਰੂਰ (ਬੇਦੀ, ਵਰਤਿਆ) : ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਘੱਗਰ ਨਦੀ ਵੱਲੋਂ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲਿਆਂ 'ਚ ਮਚਾਈ ਤਬਾਹੀ ਲਈ ਹੁਣ ਤੱਕ ਕੇਂਦਰ ਅਤੇ ਪੰਜਾਬ 'ਤੇ ਰਾਜ ਕਰ ਰਹੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਸਵੇਰੇ ਘੱਗਰ ਦਰਿਆ ਦੀ ਚਪੇਟ 'ਚ ਆਏ ਚੰਦੂ, ਫੂਲਦ, ਮੰਡਵੀਂ ਅਤੇ ਮਕਰੌੜ ਸਾਹਿਬ (ਖਨੌਰੀ-ਮੂਨਕ ਇਲਾਕਾ) ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀ ਦਰਦ ਕਹਾਣੀ ਸੁਣਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕੇਂਦਰ ਦੀਆਂ ਐੱਨ. ਡੀ. ਏ. ਅਤੇ ਯੂ. ਪੀ. ਏ. ਸਰਕਾਰਾਂ ਨੂੰ ਰੱਜ ਕੇ ਕੋਸਿਆ।

ਚੀਮਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੇ ਏਜੰਡੇ 'ਤੇ ਹੀ ਨਹੀਂ ਹਨ, ਜੇ ਹੁੰਦੇ ਤਾਂ ਹਰ ਸਾਲ ਹੜ੍ਹਾਂ ਨਾਲ ਤਬਾਹੀ ਮਚਾਉਣ ਵਾਲੀ ਇਹੋ ਘੱਗਰ ਨਦੀ ਇਸ ਇਲਾਕੇ ਲਈ ਵਰਦਾਨ ਹੁੰਦੀ। ਚੀਮਾ ਨੇ ਕਿਹਾ ਕਿ ਸੱਤਾਧਾਰੀ ਸਿਆਸੀ ਧਿਰਾਂ ਦੇ ਸਵਾਰਥੀ ਅਤੇ ਸੌੜੇ ਰਵੱਈਏ ਕਾਰਨ ਘੱਗਰ ਨੂੰ ਮਕਰੋੜ ਸਾਹਿਬ ਤੋਂ ਅੱਗੇ 17 ਕਿੱਲੋਮੀਟਰ ਸਿੱਧਾ ਅਤੇ ਚੌੜਾ (ਚੈਨਾਲਾਇਜ) ਕਰਨ ਦਾ ਪ੍ਰੋਜੈਕਟ ਕਦੋਂ ਦਾ ਪੂਰਾ ਹੋ ਗਿਆ ਹੁੰਦਾ, ਜੋ ਦਹਾਕਿਆਂ ਤੋਂ ਲਟਕਿਆ ਪਿਆ ਹੈ। ਇਸ ਲਈ ਹਰਿਆਣਾ, ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਸਮੇਤ ਲਹਿਰਾਗਾਗਾ ਹਲਕੇ ਤੋਂ ਜਿੱਤ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੀ ਬੀਬੀ ਰਜਿੰਦਰ ਕੌਰ ਭੱਠਲ, ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਹਲਕਾ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ।

ਚੀਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਮੁਤਾਬਿਕ ਜ਼ਿਲਾ ਪ੍ਰਸ਼ਾਸਨ ਨੇ ਫੂਲਦ ਆਦਿ ਦੇ ਬੰਨ ਮਜ਼ਬੂਤ ਕਰਨ ਲਈ 25 ਲੱਖ ਰੁਪਏ ਮੰਗੇ ਸਨ ਪਰ ਸਰਕਾਰ ਨੇ 25 ਲੱਖ ਰੁਪਏ ਦਾ ਫ਼ੰਡ ਵੀ ਜਾਰੀ ਨਹੀਂ ਕੀਤਾ। ਘੱਗਰ 'ਚ ਫੂਲਦ ਵਿਖੇ ਹੀ ਪਏ ਪਾੜ ਨੇ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਰਜਿੰਦਰ ਕੌਰ ਭੱਠਲ ਦੀ ਸਰਕਾਰੀ ਕੋਠੀ ਦਾ 84 ਲੱਖ ਰੁਪਏ ਜੁਰਮਾਨਾ ਤਾਂ ਮੁਆਫ਼ ਕਰ ਸਕਦੀ ਹੈ ਪਰ ਲੋਕਾਂ ਨੂੰ ਬਰਬਾਦੀ ਤੋਂ ਬਚਾਉਣ ਲਈ 25 ਲੱਖ ਰੁਪਏ ਦਾ ਪ੍ਰਬੰਧ ਨਹੀਂ ਕਰ ਸਕਦੀ ਕਿਉਂਕਿ ਇਹ ਇਲਾਕਾ ਅਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਦਲਾਂ ਵਾਂਗ ਕੈਪਟਨ ਸਰਕਾਰ ਦੇ ਵੀ ਏਜੰਡੇ 'ਤੇ ਨਹੀਂ ਹਨ।


author

Gurminder Singh

Content Editor

Related News