ਰੇਤ ਮਾਫੀਆ ਦੀ ਲੁੱਟ ਬੰਦ ਕਰਕੇ ਪੰਜਾਬ ਦੇ ਵਿਕਾਸ ’ਤੇ ਲਗਾਵਾਂਗੇ ਪੈਸਾ : ਸਿਸੋਦੀਆ

Monday, Dec 06, 2021 - 11:33 AM (IST)

ਰੇਤ ਮਾਫੀਆ ਦੀ ਲੁੱਟ ਬੰਦ ਕਰਕੇ ਪੰਜਾਬ ਦੇ ਵਿਕਾਸ ’ਤੇ ਲਗਾਵਾਂਗੇ ਪੈਸਾ : ਸਿਸੋਦੀਆ

ਜਲੰਧਰ : 2022 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਚੋਟੀ ਦੀ ਟੱਕਰ ਚੱਲ ਰਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਪੰਜਾਬ ਦੀ ਸਿੱਖਿਆ ਨੀਤੀ ’ਤੇ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਵਲੋਂ ਦਿੱਲੀ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਨ ਦੀ ਗੱਲ ਕਹੀ ਜਾ ਰਹੀ ਹੈ। ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਸਿਸੋਦੀਆ ਨੇ ਗੱਲਬਾਤ ਕਰਦਿਆਂ ਜਿੱਥੇ ਦਿੱਲੀ ਦੀ ਸਿੱਖਿਆ ਨੀਤੀਆ ’ਤੇ ਚਾਨਣਾ ਪਾਇਆ, ਉਥੇ ਹੀ ਪੰਜਾਬ ਵਿਚ ਰੇਤ ਮਾਫੀਆ ਨੂੰ ਨੱਥ ਪਾਉਣ ਦੀ ਗੱਲ ਆਖੀ।

ਤੁਹਾਡੇ ਮੁਤਾਬਕ ਪੰਜਾਬ ਦੇ ਲੋਕਾਂ ਦੇ ਮਨ ਵਿਚ ਕੀ ਹੈ?
ਮੈਂ ਪੰਜਾਬ ਆ ਕੇ ਮਹਿਸੂਸ ਕੀਤਾ ਹੈ ਕਿ ਸਾਰੀਆਂ ਰਿਵਾਇਤੀਆਂ ਪਾਰਟੀਆਂ ਤੋਂ ਲੋਕ ਤੰਗ ਆ ਚੁੱਕੇ ਹਨ। ਇਸ ਵਾਰ ਲੋਕ ਅਰਿਵੰਦ ਕੇਜਰੀਵਾਲ ਨੂੰ ਇਕ ਮੌਕਾ ਦੇਣਾ ਚਾਹੁੰਦੇ ਹਨ ਕਿਉਂਕਿ ਕੇਜਰੀਵਾਲ ਸਿਰਫ ਕੰਮ ਦੀ ਰਾਜਨੀਤੀ ਕਰਦੇ ਹਨ। ਕੇਜਰੀਵਾਲ ਨੇ ਦਿੱਲੀ ਵਿਚ ਕਰਕੇ ਵਿਖਾਇਆ ਹੈ ਇਸ ਲਈ ਲੋਕ ਚਾਹੁੰਦੇ ਹਨ ਕਿ ਪੰਜਾਬ ਵੀ ਉਸੇ ਤਰ੍ਹਾਂ ਤਰੱਕੀ ਕਰੇ।

ਕਿਹੜੇ ਪੰਜ ਮਸਲਿਆਂ ’ਤੇ ਤੁਸੀਂ ਚੋਣ ਲੜਨ ਜਾ ਰਹੇ ਹੋ?
ਪੰਜਾਬ ਵਿਚ ਵਪਾਰੀ ਵਰਗ ਬੜਾ ਪ੍ਰੇਸ਼ਾਨ ਹੈ। ਉਨ੍ਹਾਂ ਦੀਆਂ ਤਮਾਮ ਮੁਸ਼ਕਲਾਂ ਦਾ ਹੱਲ ਕਰਨਾ ਬੇਹੱਦ ਲਾਜ਼ਮੀ ਹੈ। ਕਿਸਾਨੀ ਦਾ ਮੁੱਦਾ ਸਾਡੇ ਲਈ ਸਭ ਤੋਂ ਅਹਿਮ ਹੈ। ਸਿੱਖਿਆ ਨੀਤੀ ਦਾ ਬੇੜਾ ਗਰਕ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਰੇਤ ਮਾਫੀਆ ਬੰਦ ਕਰਨ ਦੀ ਲੋੜ ਹੈ। ਅੱਜ ਵੀ ਮੁੱਖ ਮੰਤਰੀ ਦੇ ਆਪਣੇ ਹਲਕੇ ਅੰਦਰ ਨਾਜਾਇਜ਼ ਰੇਤ ਮਾਈਨਿੰਗ ਚੱਲ ਰਹੀ ਹੈ ਜਿਸ ਬਾਰੇ ਰਾਘਵ ਚੱਢਾ ਨੇ ਆਪਣੀ ਜਾਨ ’ਤੇ ਖੇਡ ਕੇ ਖੁਲਾਸਾ ਕੀਤਾ ਹੈ। ਡਰੱਗ ਤਸਕਰੀ ਹਾਲੇ ਤਕ ਬੰਦ ਨਹੀਂ ਹੋ ਸਕੀ। ਸੋ ਮੇਰਾ ਮੰਨਣਾ ਹੈ ਕਿ ਮੁੱਖ ਤੌਰ ’ਤੇ ਇਨ੍ਹਾਂ ਸਾਰੀਆਂ ਚੀਜ਼ਾਂ ’ਤੇ ਕੰਮ ਕਰਨ ਦੀ ਲੋੜ ਹੈ।

ਕਾਂਗਰਸੀ ਕਹਿੰਦੇ ਹਨ ਕਿ ਸਿੱਖਿਆ ਮਾਮਲੇ ਵਿਚ ਪੰਜਾਬ ਪਹਿਲੇ ਨੰਬਰ ’ਤੇ ਹੈ। ਕੀ ਕਹੋਗੇ?
ਪੰਜਾਬ ਸਰਕਾਰ ਆਖ ਰਹੀ ਕਿ ਅਸੀਂ ਪੰਜ ਸਾਲਾਂ ਵਿਚ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਪਰ ਮੈਂ ਮੁੱਖ ਮੰਤਰੀ ਦੇ ਹਲਕੇ ਵਿਚ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ 6 ਹਜ਼ਾਰ ਰੁਪਏ ਵਿਚ ਇਕ ਅਧਿਆਪਕ ਕੰਮ ਕਰ ਰਿਹਾ ਹੈ, ਇਸੇ ਤਰ੍ਹਾਂ ਬਾਕੀ ਸਕੂਲਾਂ ਦਾ ਹਾਲ ਹੈ। ਅਜਿਹੀ ਸਥਿਤੀ ਵਿਚ ਅਧਿਆਪਕ ਬੱਚਿਆਂ ਨੂੰ ਕਿਵੇਂ ਪੜ੍ਹਾ ਸਕਦੇ ਹਨ। ਇਹ ਸ਼ਰੇਆਮ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ। ਇਸ ਦੌਰਾਨ ਜਦੋਂ ‘ਜਗ ਬਾਣੀ’ ਵਲੋਂ ਸਿਸੋਦੀਆ ਨੂੰ ਸਵਾਲ ਪੁੱਛਿਆ ਗਿਆ ਕਿ ਵਿਰੋਧੀਆਂ ਦਾ ਆਖਣਾ ਹੈ ਕਿ ਪੰਜਾਬ ਅਤੇ ਦਿੱਲੀ ਦੇ ਹਾਲਾਤ ਵਿਚ ਬਹੁਤ ਫਰਕ ਹੈ, ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇ ਕਾਂਗਰਸ ਨੂੰ ਆਪ ਲੱਗਦਾ ਹੈ ਕਿ ਉਹ ਇਕ ਸੂਬਾ ਨਹੀਂ ਚਲਾ ਸਕਦੇ ਤਾਂ ਉਨ੍ਹਾਂ ਨੂੰ ਲਾਂਭੇ ਹੋ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕੈਪਟਨ-ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸੁਖਦੇਵ ਢੀਂਡਸਾ ਨੇ ਆਖੀ ਵੱਡੀ ਗੱਲ

ਵਿਰੋਧੀ ਕਹਿੰਦੇ ਨੇ ਜੋ ਵਾਅਦੇ ਪੰਜਾਬ ਵਿਚ ਕਰ ਰਹੇ ਹੋ ਦਿੱਲੀ ਵਿਚ ਲਾਗੂ ਕਿਉਂ ਨਹੀਂ ਕਰਦੇ?
ਜੇਕਰ ਪੰਜਾਬ ਦੇ ਟੈਕਸ ਵਿਚੋਂ ਹੀ ਪੰਜਾਬ ਦੀਆਂ ਔਰਤਾਂ ਨੂੰ ਕੁਝ ਫਾਇਦਾ ਮਿਲੇ ਤਾਂ ਇਸ ਨਾਲ ਵਿਰੋਧੀਆਂ ਨੂੰ ਤਕਲੀਫ ਕਿਉਂ ਹੁੰਦੀ ਹੈ। ਜਿਹੜਾ ਪੈਸਾ ਪੰਜਾਬ ਦੇ ਲੋਕਾਂ ਦੇ ਕੰਮ ਆਉਣਾ ਚਾਹੀਦਾ ਸੀ, ਉਹ ਲੀਡਰ ਖਾ ਰਹੇ ਹਨ, ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਇਹੀ ਪੈਸਾ ਜਨਤਾ ਦੀ ਭਲਾਈ ਅਤੇ ਪੰਜਾਬ ਦੇ ਵਿਕਾਸ ’ਤੇ ਖਰਚ ਕੀਤਾ ਜਾਵੇਗਾ। 20 ਹਜ਼ਾਰ ਕਰੋੜ ਰੁਪਿਆ ਰੇਤ ਮਾਫੀਆ ਚੋਰੀ ਕਰ ਰਿਹਾ ਹੈ ਜੇਕਰ ਇਹੀ ਪੈਸਾ ਪੰਜਾਬ ਸਰਕਾਰ ਦੇ ਹਿੱਸੇ ਆਉਂਦਾ ਤਾਂ ਸਰਕਾਰ ਦੀ ਬੱਲੇ ਬੱਲੇ ਹੁੰਦੀ ਹੈ। ਜੋ ਦਿੱਲੀ ਨੂੰ ਚਾਹੀਦਾ ਹੈ ਉਹੀ ਕਰ ਰਹੇ ਹਾਂ।

ਕੀ ਹੈ ਦਿੱਲੀ ਮਾਡਲ?
ਸਿਸੋਦੀਆ ਮੁਤਾਬਕ ਛੇ ਸਾਲ ਪਹਿਲਾਂ ਦਿੱਲੀ ਵਿਚ 7 ਤੋਂ ਅੱਠ ਘੰਟੇ ਦੇ ਕੱਟ ਲੱਗਦੇ ਸਨ। ਜਨਰੇਟਰ ਤੋਂ ਬਿਨਾਂ ਉਥੇ ਲੋਕ ਕੰਮ ਨਹੀਂ ਕਰ ਸਕਦੇ ਸਨ ਪਰ ਅੱਜ ਘਰਾਂ ਵਿਚ 24 ਘੰਟੇ ਬਿਜਲੀ ਮਿਲ ਰਹੀ ਹੈ। ਜਿਹੜੇ ਪੁਲ ਪਹਿਲਾਂ ਪੰਜ ਸੋ ਕਰੋੜ ਰੁਪਏ ’ਚ ਬਣਦੇ ਸਨ, ਅੱਜ ਉਹ ’ਤੇ ਸਾਢੇ ਤਿੰਨ ਸੋ ਕਰੋੜ ਵਿਚ ਤਿਆਰ ਹੋਏ। ਸਾਡੀ ਸਰਕਾਰ ਨੇ ਇਮਾਨਦਾਰ ਨਾਲ ਕੰਮ ਕੀਤਾ, ਅਤੇ ਇਹੀ ਪੈਸਾ ਸਿੱਖਿਆ ਅਤੇ ਸਿਹਤ ਸੇਵਾਵਾਂ ’ਤੇ ਖਰਚ ਕੀਤਾ ਗਿਆ। ਸਿੱਖਿਆ ਨੀਤੀ ’ਤੇ ਉਨ੍ਹਾਂ ਦੱਸਿਆ ਕਿ ਅਸੀਂ ਦਿੱਲੀ ਦੇ 1000 ਸਕੂਲਾਂ ਦੀਆਂ ਨਵੀਂ ਇਮਾਰਤਾਂ ਬਣਵਾਈਆਂ ਅਤੇ ਮੁੱਢਲੇ ਢਾਂਚੇ ’ਤੇ ਕੰਮ ਕੀਤਾ। ਅਸੀਂ ਆਪਣੇ ਕਾਰਜਕਾਲ ਦੌਰਾਨ 20000 ਦੇ ਕਰੀਬ ਅਧਿਆਪਕ ਭਰਤੀ ਕੀਤੇ ਹਨ।

ਪੰਜਾਬ ਤੋਂ ਹੀ ਹੋਵੇਗਾ ਮੁੱਖ ਮੰਤਰੀ ਉਮੀਦਵਾਰ, ਛੇਤੀ ਕਰਾਂਗੇ ਐਲਾਨ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਆਖ ਚੁੱਕੇ ਹਨ ਕਿ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਪੰਜਾਬ ’ਚੋਂ ਹੀ ਹੋਵੇਗਾ। ਇਸ ਦਾ ਐਲਾਨ ਬਹੁਤ ਜਲਦੀ ਕਰ ਦਿੱਤਾ ਜਾਵੇਗਾ। ਸਿਸੋਦੀਆ ਨੇ ਕਿਹਾ ਕਿ ਪਾਰਟੀ ਵਲੋਂ ਇਸ ਸਾਰੇ ਮਾਮਲੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਆਉਣ ਦਿਨਾਂ ਵਿਚ ਸਾਰੀ ਸਥਿਤੀ ਸਾਫ ਹੋ ਜਾਵੇਗੀ।

ਇਹ ਵੀ ਪੜ੍ਹੋ : ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਕੈਪਟਨ ਅਮਰਿੰਦਰ ਸਿੰਘ ਤਨਖਾਹੀਆ ਕਰਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News