ਕੈਪਟਨ ਦੀ ''ਕੈਪਟਨੀ'' ਖੋਹਣ ਦੀ ਤਿਆਰੀ ''ਚ ਆਮ ਆਦਮੀ ਪਾਰਟੀ!

11/30/2019 6:59:02 PM

ਸੰਗਰੂਰ (ਹਨੀ ਕੋਹਲੀ) : ਆਮ ਆਦਮੀ ਪਾਰਟੀ ਅੰਦਰਖਾਤੇ ਕੈਪਟਨ ਸਰਕਾਰ ਦੀਆਂ ਚੂਲ੍ਹਾਂ ਹਿਲਾਉਣ ਦੀ ਵਿਉਂਤਾ ਘੜ੍ਹ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਨਵਜੋਤ ਸਿੱਧੂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਅਤੇ ਨਵੇਂ ਸਿਰਿਓਂ ਸਰਕਾਰ ਬਨਾਉਣ ਦਾ ਸੱਦਾ ਦਿਤਾ ਹੈ। ਅਰੋੜਾ ਨੇ ਇਹ ਵੀ ਆਖਿਆ ਹੈ ਕਿ ਕਾਂਗਰਸ ਦੇ ਚਾਰ ਵਿਧਾਇਕ ਸਰਕਾਰ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ 40 ਹੋਰ ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਮੇਰੀ ਉਨ੍ਹਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਮਿਲ ਕੇ ਸਰਕਾਰ ਬਨਾਉਣ। 

ਅਰੋੜਾ ਨੇ ਆਖਿਆ ਕਿ ਜਿਸ ਤਰ੍ਹਾਂ ਦਿੱਲੀ ਵਿਚ ਵਿਕਾਸ ਹੋ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਵਿਚ ਵੀ ਹੋਵੇਗਾ। ਉਨ੍ਹਾਂ ਆਖਿਆ ਕਿ ਨਵਜੋਤ ਸਿੱਧੂ ਜਿਸ ਨੂੰ ਕਾਂਗਰਸ ਨੇ ਸਾਈਡਲਾਈਨ ਕੀਤਾ ਹੋਇਆ ਹੈ, ਨੂੰ ਵੀ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਅਰੋੜਾ ਨੇ ਆਖਿਆ ਕਿ ਕਾਂਗਰਸ ਸਰਕਾਰ ਤੋਂ ਨਾਰਾਜ਼ ਚੱਲ ਰਹੇ ਚਾਰ ਵਿਧਾਇਕਾਂ ਨੂੰ ਸਮਰਥਨ ਹਾਸਲ 40 ਵਿਧਾਇਕਾਂ ਨੂੰ ਨਾਲ ਲੈ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਤੇ ਆਮ ਆਦਮੀ ਪਾਰਟੀ ਤੇ 19 ਵਿਧਾਇਕ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 60 ਬਣਦੀ ਹੈ, ਲਿਹਾਜ਼ਾ ਪੰਜਾਬ ਵਿਚ ਬਹੁਮਤ ਦੀ ਸਰਕਾਰ ਬਣਾਈ ਜਾ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਵਲੋਂ ਦਿੱਤਾ ਗਿਆ ਸੱਦਾ ਪੰਜਾਬ ਦੀ ਸਿਆਸਤ ਵਿਚ ਕਿਹੜੀ ਨਵੀਂ ਰੰਗਤ ਲੈ ਕੇ ਆਉਂਦਾ ਹੈ।


Gurminder Singh

Edited By Gurminder Singh