ਸੀ. ਐਮ. ਚਿਹਰਾ ਦੇਣ ਦੀ ਅਜੇ ਲੋੜ ਨਹੀਂ : ਭਗਵੰਤ ਮਾਨ

02/20/2020 1:52:21 AM

ਚੰਡੀਗੜ੍ਹ,(ਰਮਨਜੀਤ)-ਪੰਜਾਬ ਵਿਧਾਨ ਸਭਾ ਲਈ 2022 'ਚ ਹੋਣ ਵਾਲੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦਿੱਲੀ ਦੀ ਤਰ੍ਹਾਂ ਹੀ ਜਿੱਤ ਹਾਸਲ ਕਰੇਗੀ ਅਤੇ ਲੋਕ ਹਿਤੈਸ਼ੀ ਸਰਕਾਰ ਬਣਾਏਗੀ। ਇਹ ਦਾਅਵਾ ਪੰਜਾਬ ਆਪ ਪ੍ਰਧਾਨ ਭਗਵੰਤ ਮਾਨ ਨੇ ਕੀਤਾ। ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚੱਲ ਰਹੀ ਚਰਚਾ ਬੇਵਜ੍ਹਾ ਅਤੇ ਨਿਰਆਧਾਰ ਹੈ। ਮਾਨ ਨੇ ਕਿਹਾ ਕਿ 'ਆਪ' ਅਜੇ ਲੋਕਾਂ ਨਾਲ ਜੁੜੇਗੀ ਅਤੇ ਚੋਣਾਂ ਤੋਂ ਪਹਿਲਾਂ ਸੀ. ਐੱਮ. ਚਿਹਰਾ ਦੇਣ ਦੀ ਅਜੇ ਕੋਈ ਲੋੜ ਨਹੀਂ ਹੈ। ਚੋਣਾਂ ਸਮੇਂ ਪਾਰਟੀ ਅਤੇ ਵਿਧਾਇਕ ਤੈਅ ਕਰਨਗੇ ਕਿ ਇਸ ਬਾਰੇ ਕੀ ਕਰਨਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਸਿੱਧੂ ਦੇ ਕਿਰਦਾਰ 'ਤੇ ਕੋਈ ਉਂਗਲ ਨਹੀਂ ਉਠਾ ਸਕਦਾ ਅਤੇ ਜਿਵੇਂ ਕਿ ਮੀਡੀਆ 'ਚ ਚਰਚਾ ਚੱਲ ਰਹੀ ਹੈ, ਉਹ 'ਆਪ' ਨਾਲ ਜੁੜਨਾ ਚਾਹੁਣ ਤਾਂ ਉਨ੍ਹਾਂ ਦਾ ਖੁੱਲ੍ਹੇ ਦਿਲੋਂ ਸਵਾਗਤ ਹੋਵੇਗਾ। ਮਾਨ ਨੇ ਕਿਹਾ ਕਿ ਉਨ੍ਹਾਂ ਵਰਗੇ ਹੋਰ ਵੀ ਕਈ ਸਾਫ਼-ਸੁਥਰੇ ਅਕਸ ਵਾਲੇ ਸਿਆਸਤਦਾਨ ਹਨ, ਜਿਨ੍ਹਾਂ ਦੇ ਆਉਣ ਨਾਲ 'ਆਪ' ਹੋਰ ਮਜ਼ਬੂਤ ਹੋਵੇਗੀ। ਸੁਖਪਾਲ ਖਹਿਰਾ, ਸੁੱਚਾ ਸਿੰਘ ਛੋਟੇਪੁਰ ਅਤੇ ਡਾ. ਧਰਮਵੀਰ ਗਾਂਧੀ ਦੀ ਵਾਪਸੀ ਬਾਰੇ ਪੁੱਛਣ 'ਤੇ ਮਾਨ ਨੇ ਕਿਹਾ ਕਿ ਜੋ ਲੋਕ ਕੇਜਰੀਵਾਲ ਅਤੇ ਪਾਰਟੀ ਦੀ ਲੀਡਰਸ਼ਿਪ ਖਿਲਾਫ਼ ਹੇਠਲੇ ਪੱਧਰ ਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ ਹੋਣ, ਉਨ੍ਹਾਂ ਲਈ ਪਾਰਟੀ ਦੁਬਾਰਾ ਵਿਚਾਰ ਨਹੀਂ ਕਰੇਗੀ।

ਉਥੇ ਹੀ, ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਾਸ਼ਟਰ ਨਿਰਮਾਣ ਮੁਹਿੰਮ ਤਹਿਤ 'ਕੰਮ ਦੀ ਰਾਜਨੀਤੀ' ਨੂੰ ਦੇਸ਼ ਦੇ ਹਰ ਘਰ ਤੱਕ ਲੈ ਕੇ ਜਾਵੇਗੀ। ਪੰਜਾਬ 'ਚ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪਾਰਟੀ ਦੇ ਰਾਜ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ 2022 ਦਾ ਰਾਹ ਮਜ਼ਬੂਤ ਹੋਵੇਗਾ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਸ ਰਾਸ਼ਟਰ ਨਿਰਮਾਣ ਮੁਹਿੰਮ ਨੂੰ ਮੋਬਾਇਲ ਨੰਬਰ 9871010101 ਰਾਹੀਂ ਜਾਰੀ ਕੀਤਾ ਗਿਆ ਹੈ ਅਤੇ 24 ਘੰਟੇ ਦੇ ਅੰਦਰ ਹੀ ਦਿੱਲੀ 'ਚ 11 ਲੱਖ ਲੋਕਾਂ ਨੇ ਮਿਸਡ ਕਾਲ ਕਰ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ, ਵਿਧਾਇਕ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ ਅਤੇ ਅਹੁਦੇਦਾਰ ਹਰਚੰਦ ਸਿੰਘ ਬਰਸਟ, ਮਨਜੀਤ ਸਿੰਘ ਸਿੱਧੂ ਅਤੇ ਗੈਰੀ ਵੜਿੰਗ ਮੌਜੂਦ ਸਨ।

 


Related News