ਮਾਨਸ਼ਾਹੀਆ ਨੇ ਹਲਕੇ ਦੇ ਲੋਕਾਂ ਦੀ ਪਿੱਠ ''ਚ ਛੁਰਾ ਮਾਰਿਆ : ਭਗਵੰਤ ਮਾਨ
Friday, Apr 26, 2019 - 09:49 AM (IST)
ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ ਪੰਜਾਬ ਨੇ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵਲੋਂ ਕਾਂਗਰਸ 'ਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਸਮੇਤ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਸਾਹਮਣੇ ਇਸ ਟੋਲੇ ਦਾ ਭਾਂਡਾ ਭੱਜ ਗਿਆ ਹੈ ਕਿ ਇਹ ਲੋਕ ਆਮ ਆਦਮੀ ਪਾਰਟੀ (ਆਪ) ਦੇ ਸੱਚੇ-ਸੁੱਚੇ ਮਿਸ਼ਨ 'ਤੇ ਨਹੀਂ, ਸਗੋਂ ਕੈਪਟਨ ਅਤੇ ਬਾਦਲਾਂ ਦੇ ਕਮਿਸ਼ਨ 'ਤੇ ਕੰਮ ਕਰ ਰਹੇ ਹਨ। 'ਆਪ' ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਇਕ ਸਾਫ਼-ਸੁਥਰੀ ਈਮਾਨਦਾਰ ਅਕਸ ਵਾਲੀ ਪਾਰਟੀ 'ਆਪ' ਦੇ ਦਮ 'ਤੇ ਵਿਧਾਇਕ ਬਣਨ ਵਾਲੇ ਇਨ੍ਹਾਂ ਮੌਕਾਪ੍ਰਸਤ ਲੋਕਾਂ ਨੇ ਸਿਰਫ਼ 'ਆਪ' ਦੀ ਪਿੱਠ 'ਚ ਹੀ ਛੁਰਾ ਨਹੀਂ ਮਾਰਿਆ ਸਗੋਂ ਆਪਣੇ ਹਲਕਾ ਵਾਸੀਆਂ ਦੀ ਪਿੱਠ 'ਚ ਛੁਰਾ ਮਾਰਿਆ ਹੈ, ਜਿਨ੍ਹਾਂ ਨੇ ਪਹਿਲਾਂ ਇਨ੍ਹਾਂ ਨੂੰ ਜਿਤਾਉਣ ਲਈ ਤਨੋ-ਮਨੋ-ਧਨੋਂ ਮਦਦ ਕੀਤੀ, ਫਿਰ ਪੰਜਾਬੀਅਤ, ਜ਼ਮੀਰ ਅਤੇ ਖ਼ੁਦਮੁਖ਼ਤਿਆਰੀ ਦੇ ਨਾਂ 'ਤੇ ਗੁੰਮਰਾਹ ਹੋਏ।
ਉਨ੍ਹਾਂ ਕਿਹਾ ਕਿ ਇਕ ਵੱਡੀ ਸਾਜ਼ਿਸ਼ ਤਹਿਤ ਇਹ ਲੋਕ ਪਹਿਲਾਂ 'ਆਪ' 'ਚ ਦਾਖਲ ਹੋਏ। ਵਿਧਾਇਕ ਬਣ ਕੇ ਪਾਰਟੀ ਨੂੰ ਬਦਨਾਮ ਕਰਨ ਅਤੇ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਅਤੇ ਹੁਣ ਚੋਣਾਂ ਪਹਿਲਾਂ 'ਝਟਕਾ' ਦੇਣ ਦੀ ਰਣਨੀਤੀ ਤਹਿਤ ਕਾਂਗਰਸ ਦਾ ਹੱਥ ਫੜਿਆ ਪਰ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਇਸ 'ਵਿਕਾਊ ਟੋਲੇ' ਨੂੰ ਮੂੰਹ ਨਹੀਂ ਲਾਉਣਗੇ, ਕਿਉਂਕਿ ਇਨ੍ਹਾਂ ਮੌਕਾਪ੍ਰਸਤ ਨੇ ਉਸ ਹਰੇਕ ਪੰਜਾਬੀ ਦੀ ਉਮੀਦ ਨੂੰ ਝਟਕਾ ਦਿੱਤਾ ਹੈ ਜੋ ਦਹਾਕਿਆਂ ਤੋਂ ਕਾਂਗਰਸ ਅਤੇ ਅਕਾਲੀ-ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਹੱਥੋਂ ਠੱਗੇ, ਲੁੱਟੇ ਅਤੇ ਕੁੱਟੇ ਜਾ ਰਹੇ ਹਨ।