ਕੈਪਟਨ ਦੀ ਫਿਲਮ ਇੰਟਰਵਲ ਤੋਂ ਬਾਅਦ ਵੀ ਨਹੀਂ ਹੋਈ ਵਧੀਆ : ਭਗਵੰਤ ਮਾਨ
Saturday, Sep 14, 2019 - 07:17 PM (IST)

ਜਲੰਧਰ : ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ 'ਤੇ ਆਮ ਆਦਮੀ ਪਾਰਟੀ ਦੇ ਸਟਾਰ ਆਗੂ ਭਗਵੰਤ ਮਾਨ ਨੇ ਚੁਟਕੀ ਲਈ ਹੈ। ਮਾਨ ਨੇ ਕਿਹਾ ਕਿ ਕਈ ਫਿਲਮਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਇੰਟਰਵਲ ਤੋਂ ਬਾਅਦ ਦਿਲਚਸਪ ਹੋ ਜਾਂਦੀਆਂ ਹਨ ਪਰ ਕੈਪਟਨ ਦੀ ਫਿਲਮ ਪੂਰੀ ਤਰ੍ਹਾਂ ਫਲਾਪ ਹੋ ਗਈ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਕੈਪਟਨ ਦਾ ਫਿਲਮ ਦਾ ਹੀਰੋ ਹੀ ਵਿਲਨ ਨਾਲ ਮਿਲਿਆ ਹੋਇਆ ਹੈ ਤਾਂ ਹੀ ਤਾਂ ਅੱਜ ਤਕ ਬੇਅਦਬੀ ਅਤੇ ਗੋਲੀ ਕਾਂਡ ਦੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ।
ਮਾਨ ਨੇ ਕਿਹਾ ਕਿ ਲਗਭਗ ਢਾਈ ਦਾ ਸਮਾਂ ਲੰਘ ਗਿਆ ਹੈ ਪਰ ਕੈਪਟਨ ਦੇ 129 ਪੰਨ੍ਹਿਆਂ ਦੇ ਮੈਨੀਫੈਸਟੋ 'ਚੋਂ 29 ਲਾਈਨਾਂ ਵੀ ਪੂਰੀਆਂ ਨਹੀਂ ਹੋਈਆਂ। ਕਿਸਾਨ ਖੁਦਕੁਸ਼ੀ ਕਰ ਰਿਹਾ, ਪਾਣੀ ਵਾਲੀਆਂ ਟੈਂਕੀਆਂ 'ਚ ਪਾਣੀ ਹੋਵੇ ਜਾਂ ਨਾ ਹੋਵੇ ਪਰ ਬੇਰੁਜ਼ਗਾਰ ਨੌਜਵਾਨ ਟੈਂਕੀਆਂ 'ਤੇ ਧਰਨੇ ਲਗਾ ਕੇ ਬੈਠੇ ਜ਼ਰੂਰ ਮਿਲ ਜਾਣਗੇ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਸਿਰਫ ਗੱਡੀ ਦਾ ਡਰਾਈਵਰ ਹੀ ਬਦਲਿਆ ਹੈ ਪਰ ਗੱਡੀ ਉਸੇ ਰੂਟ 'ਤੇ ਜਾ ਰਹੀ ਹੈ। ਅੱਗੇ ਬੋਲਦਿਆਂ ਮਾਨ ਨੇ ਕਿਹਾ ਕਿ ਸਿਰਫ ਅਸੀਂ ਹੀ ਨਹੀਂ ਸਗੋਂ ਕਾਂਗਰਸ ਦੇ ਆਪਣੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਸਰਕਾਰ ਦੀ ਨਾਲਾਇਕੀ ਖਿਲਾਫ ਆਵਾਜ਼ ਚੁੱਕੇ ਹਨ।