ਬਾਘਾ ਪੁਰਾਣਾ ਤੋਂ ‘ਆਪ’ ਦੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਡੇ ਫਰਕ ਨਾਲ ਜਿੱਤੇ, ਘਰ ਜਸ਼ਨ ਦਾ ਮਾਹੌਲ
Thursday, Mar 10, 2022 - 05:26 PM (IST)
ਸਮਾਲਸਰ (ਸੁਰਿੰਦਰ ਸੇਖਾ) : ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਵਿਚ ਚੋਣਾਂ ਤੋਂ ਪਹਿਲਾਂ ਮੰਨੇ ਜਾ ਰਹੇ ਪੰਜ ਕੋਨੇ ਮੁਕਾਬਲੇ ਨੂੰ ਹਲਕੇ ਦੇ ਲੋਕਾਂ ਨੇ ਵਿਰਾਮ ਦਿੰਦਿਆਂ ਤਿੰਨ ਕੋਣਾਂ ਮੁਕਾਬਲਾ ਬਣਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਹੱਕ ਵਿਚ ਵੱਡਾ ਫਤਵਾ ਦਿੰਦਿਆਂ ਹਲਕਾ ਵਿਧਾਇਕ ਚੁਣ ਲਿਆ। 33759 ਵੋਟਾਂ ਦੀ ਵੱਡੀ ਲੀਡ ਲੈ ਕੇ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਬਣੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਜਿੱਤ ਦੇ ਜਸ਼ਨ ਅੱਜ ਸਵੇਰ ਤੋਂ ਹੀ ਮਨਾਉਣੇ ਸ਼ੁਰੂ ਹੋ ਗਏ ਜਦ ਉਹ ਪਹਿਲੇ ਦੂਜੇ ਗੇੜ ਦੀਆਂ ਵੋਟਾਂ ਵਿਚ ਅੱਗੇ ਵਧਣਾ ਸ਼ੁਰੂ ਹੋਏ। ਜਿਉਂ ਹੀ ਹਲਕੇ ਵਿਚ ਉਨ੍ਹਾਂ ਦੀ ਜਿੱਤ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਘਰ ਇਲਾਕੇ ਅਤੇ ਨਗਰ ਤੋਂ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਵੋਟਰ ਅਤੇ ਸਪੋਰਟਰ ਜੁੜਨੇ ਸ਼ੁਰੂ ਹੋ ਗਏ ਅਤੇ ਗਿੱਧੇ ਭੰਗੜੇ ਸ਼ੁਰੂ ਕਰ ਦਿੱਤੇ।
ਬੇਸ਼ੱਕ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਚੋਣ ਲੜ ਰਹੇ ਕੁੱਲ 10 ਉਮੀਦਵਾਰਾਂ ਵਿੱਚੋਂ ਇਹ ਮੁਕਾਬਲਾ ਪੰਜ ਕੋਣਾਂ ਮੰਨਿਆ ਜਾ ਰਿਹਾ ਸੀ ਪਰ ਹਲਕੇ ਦੇ ਵੋਟਰਾਂ ਨੇ ਇਹ ਮੁਕਾਬਲਾ ਤਿੰਨ ਕੋਣਾਂ ਬਣਾਉਂਦਿਆਂ ਸਭ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਹੱਕ ਵਿਚ 67143 ਦੇ ਕੇ 33759 ਦੀ ਲੀਡ ਨਾਲ ਵੱਡਾ ਫਤਵਾ ਉਨ੍ਹਾਂ ਦੇ ਹੱਕ ਵਿਚ ਦਿੱਤਾ। ਜਦਕਿ ਦੂਸਰੇ ਨੰਬਰ ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ 33384, ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ 18042, ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਭੋਲਾ ਸਿੰਘ ਬਰਾੜ ਸਮਾਧ ਭਾਈ ਨੂੰ 9702 ਅਤੇ ਸੰਯੁਕਤ ਅਕਾਲੀ ਦਲ ਵੱਲੋਂ ਚੋਣ ਲੜੇ ਜਗਤਾਰ ਸਿੰਘ ਰਾਜੇਆਣਾ ਨੂੰ 3267 ਵੋਟਾਂ ਮਿਲੀਆਂ।