ਆਮ ਆਦਮੀ ਵੱਲੋਂ ‘ਆਮ ਆਦਮੀ ਕਲੀਨਿਕਾਂ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ : ਚੇਤਨ ਸਿੰਘ ਜੌੜਾਮਾਜਰਾ

Monday, Sep 19, 2022 - 09:16 AM (IST)

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਤਰਜੀਹੀ ਪ੍ਰੋਗਰਾਮ ਆਮ ਆਦਮੀ ਕਲੀਨਿਕਾਂ ਨੂੰ ਸੂਬੇ ਭਰ ’ਚ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਨਾਲ ਹੁਣ ਤੱਕ ਇਨ੍ਹਾਂ ਕਲੀਨਿਕਾਂ ’ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 1.82 ਲੱਖ ਨੂੰ ਪਾਰ ਕਰ ਗਈ ਹੈ, ਜਦਕਿ ਵੱਧ ਤੋਂ ਵੱਧ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਐੱਸ.ਏ.ਐੱਸ.ਨਗਰ ਨੇ ਹੋਰ ਜ਼ਿਲ੍ਹਿਆਂ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਤਾਜ਼ਾ ਪ੍ਰਾਪਤ ਅੰਕੜਿਆਂ ਅਨੁਸਾਰ ਐੱਸ. ਏ. ਐੱਸ. ਨਗਰ ’ਚ ਹੁਣ ਤੱਕ ਕੁਲ 25990 ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ ਅਤੇ 2811 ਲੈਬ ਟੈਸਟ ਕੀਤੇ ਜਾ ਚੁੱਕੇ ਹਨ, ਜਦਕਿ ਜ਼ਿਲ੍ਹਾ ਲੁਧਿਆਣਾ ਨੇ 21384 ਮਰੀਜ਼ਾਂ ਅਤੇ 2343 ਕਲੀਨਿਕਲ ਟੈਸਟਾਂ ਨਾਲ 23 ਜ਼ਿਲ੍ਹਿਆਂ ’ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਨੇ 16889 ਮਰੀਜ਼ਾਂ ਅਤੇ 2243 ਕਲੀਨਿਕਲ ਟੈਸਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਭਰ ’ਚ ਕੁਲ 23402 ਕਲੀਨਿਕਲ ਟੈਸਟਾਂ ਦੇ ਨਾਲ 15 ਅਗਸਤ ਤੋਂ 17 ਸਤੰਬਰ, 2022 ਤੱਕ ਮਰੀਜ਼ਾਂ ਦੀ ਗਿਣਤੀ 1,82,325 ਤੱਕ ਜਾ ਅੱਪੜੀ ਹੈ।

ਇਹ ਖ਼ਬਰ ਵੀ ਪੜ੍ਹੋ : ਫਰੀਦਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਝਗੜੇ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਨੇ SGPC ਨੂੰ ਦਿੱਤੇ ਇਹ ਹੁਕਮ

ਇਸ ਭਰਵੇਂ ਹੁੰਗਾਰੇ ਲਈ ਡਾਕਟਰਾਂ ਤੇ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਅਜਿਹੇ 75 ਕਲੀਨਿਕ ਸੁਤੰਤਰਤਾ ਦਿਵਸ ਵਾਲੇ ਦਿਨ ਤੋਂ ਸ਼ੁਰੂ ਹੋ ਚੁੱਕੇ ਹਨ, ਜਦਕਿ 25 ਅਜਿਹੇ ਹੋਰ ਕਲੀਨਿਕਾਂ ਨੂੰ ਬਾਅਦ ’ਚ ਸ਼ੁਰੂ ਕਰ ਦਿੱਤਾ ਗਿਆ ਹੈ, ਜਿੱਥੇ ਪ੍ਰਤੀ ਦਿਨ 70 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਿਹਤ ਮੰਤਰੀ ਨੇ ਕਿਹਾ, “ਮੁਫ਼ਤ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਅਜਿਹੇ ਕਲੀਨਿਕਾਂ ਦਾ ਨੈੱਟਵਰਕ ਸਥਾਪਿਤ ਕਰਨ ਲਈ ਲੋਕਾਂ ਨਾਲ ਸਾਡੀ ਵਚਨਬੱਧਤਾ ਅਨੁਸਾਰ ਅਸੀਂ ਹੁਣ ਤੱਕ 100 ਕਲੀਨਿਕ (65 ਸ਼ਹਿਰੀ ਖੇਤਰਾਂ ’ਚ ਅਤੇ 35 ਪੇਂਡੂ ਖੇਤਰਾਂ ’ਚ) ਲੋਕਾਂ ਨੂੰ ਸਮਰਪਿਤ ਕਰ ਚੁੱਕੇ ਹਾਂ।’’ ਕੈਬਨਿਟ ਮੰਤਰੀ ਨੇ ਕਿਹਾ ਕਿ ਜਲਦ ਹੀ ਅਜਿਹੇ ਕਲੀਨਿਕ ਸੂਬੇ ਦੇ ਕੋਨੇ-ਕੋਨੇ ’ਚ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਅਹਿਮ ਪਹਿਲਕਦਮੀ ਸੂਬੇ ਦੀ ਸਮੁੱਚੀ ਸਿਹਤ ਸੰਭਾਲ ਪ੍ਰਣਾਲੀ ਨੂੰ ਮੁੜ ਸੁਰਜੀਤ ਕਰ ਰਹੀ ਹੈ। ਚੇਤਨ ਜੌੜਾਮਾਜਰਾ ਨੇ ਦੱਸਿਆ ਕਿ ਮਰੀਜ਼ ਕਲੀਨਿਕਾਂ ’ਚ ਜਾ ਕੇ ਡਾਕਟਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ ਜਾਂ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਲੈ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਜਲਾਉਣ ਤੋਂ ਰੋਕਣ ਲਈ ਲਿਆ ਵੱਡਾ ਫ਼ੈਸਲਾ

ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜਲੀਆਂ ਥਾਵਾਂ ’ਤੇ ਮਿਆਰੀ ਸਿਹਤ ਸੇਵਾਵਾਂ ਮੁਫ਼ਤ ਮਿਲ ਰਹੀਆਂ ਹਨ । ਉਨ੍ਹਾਂ ਕਿਹਾ ਕਿ ਹੁਣ ਤੱਕ ਸੱਤਾ ਸੰਭਾਲ ਚੁੱਕੀਆਂ ਸਾਰੀਆਂ ਸਰਕਾਰਾਂ ਨੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਖ਼ਮਿਆਜ਼ਾ ਝੱਲਣਾ ਪਿਆ ਹੈ। ਇਸ ਦੌਰਾਨ  ਜੌੜਾਮਾਜਰਾ ਨੇ ਕਿਹਾ ਕਿ ਆਮ ਆਦਮੀ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਸਿਹਤ ਸੰਭਾਲ ਖੇਤਰ ’ਚ ਕ੍ਰਾਂਤੀ ਲਿਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਰਾਹੀਂ ਲੋਕਾਂ ਨੂੰ 75 ਦਵਾਈਆਂ ਅਤੇ 41 ਡਾਇਗਨੌਸਟਿਕ ਟੈਸਟ ਮੁਫ਼ਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਨਾਂ ਕਲੀਨਿਕਾਂ ਤੋਂ 90 ਫੀਸਦੀ ਮਰੀਜ਼ਾਂ ਨੂੰ ਇਲਾਜ ਦੀਆਂ ਸਹੂਲਤਾਂ ਮਿਲ ਰਹੀਆਂ ਹਨ, ਜਿਸ ਨਾਲ ਹਸਪਤਾਲਾਂ ’ਤੇ ਬੋਝ ਘਟੇਗਾ। ਜੌੜਾਮਾਜਰਾ ਨੇ ਅੱਗੇ ਕਿਹਾ ਕਿ ਵੱਡੀਆਂ ਬੀਮਾਰੀਆਂ ਵਾਲੇ ਗੰਭੀਰ ਮਰੀਜ਼ਾਂ ਨੂੰ ਹੀ ਅੱਗੇ ਵੱਡੇ ਹਸਪਤਾਲਾਂ ’ਚ ਰੈਫਰ ਕੀਤਾ ਜਾਵੇਗਾ।


Manoj

Content Editor

Related News