ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, 1 ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ

Monday, Feb 13, 2023 - 01:23 PM (IST)

ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, 1 ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ

ਜਲੰਧਰ (ਜ. ਬ.)- ਥਾਣਾ ਮਕਸੂਦਾਂ ਅਧੀਨ ਪਿੰਡ ਅਮਾਨਤਪੁਰ ਦੇ ਖੇਤਾਂ ’ਚ ਤੜਕਸਾਰ ਨਸ਼ੇ ਦੀ ਓਵਰਡੋਜ਼ ਲੈਣ ਨਾਲ ਨੌਜਵਾਨ ਦੀ ਮੌਤ ਹੋ ਗਈ। ਨਸ਼ੇ ਕਾਰਨ ਇਕ ਸੁਹਾਗਣ ਦਾ ਘਰ ਬਰਬਾਦ ਹੋ ਗਿਆ। ਖੇਤਾਂ ’ਚੋਂ ਲਾਸ਼ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ।
ਇਕ ਰਾਹਗੀਰ ਨੇ ਖੇਤਾਂ ’ਚ ਲਾਸ਼ ਪਈ ਹੋਣ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਅਤੇ ਸੂਚਨਾ ਮਿਲਣ ’ਤੇ ਏ. ਐੱਸ. ਆਈ. ਗੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਰਾਹਗੀਰ ਨੇ ਦੱਸਿਆ ਕਿ ਜਦੋਂ ਉਹ ਖੇਤਾਂ ਵਿਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਮੋਟਰ ਨੇੜੇ ਜ਼ਮੀਨ ’ਤੇ ਇਕ ਨੌਜਵਾਨ ਪਿਆ ਮਿਲਿਆ, ਜਿਸ ਦੀ ਬਾਂਹ ਨੀਲੀ ਹੋਈ ਪਈ ਸੀ।

ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ (29) ਪੁੱਤਰ ਮਹਿੰਦਰ ਸਿੰਘ ਵਾਸੀ ਆਨੰਦ ਨਗਰ ਮਕਸੂਦਾਂ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਦਾ ਲਗਭਗ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਪਤਾ ਲੱਗਾ ਕਿ ਉਹ ਨਸ਼ੇ ਦਾ ਆਦੀ ਹੈ। ਇਸ ’ਤੇ ਉਨ੍ਹਾਂ ਨੇ ਉਸ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਭੇਜ ਦਿੱਤਾ। ਉਸ ਨੇ ਦੱਸਿਆ ਕਿ ਨਸ਼ੇ ਕਾਰਨ ਹਰਪ੍ਰੀਤ ਨੇ ਆਪਣਾ ਮਹਿੰਗਾ ਮੋਬਾਇਲ ਵੀ ਵੇਚ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਹ ਕਈ ਵਾਰ ਕੰਮ ਦੀ ਭਾਲ ਵਿਚ ਘਰੋਂ ਬਾਹਰ ਜਾਂਦਾ ਸੀ ਅਤੇ ਸ਼ਾਮ ਨੂੰ ਵਾਪਸ ਆ ਜਾਂਦਾ ਸੀ। ਬੀਤੇ ਦਿਨੀਂ ਵੀ ਉਹ ਇਹੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ। ਜਦੋਂ ਉਹ ਘਰ ਨਾ ਪਰਤਿਆ ਤਾਂ ਆਲੇ-ਦੁਆਲੇ ਦੇ ਇਲਾਕਿਆਂ ’ਚ ਉਸ ਦੀ ਭਾਲ ਕੀਤੀ ਗਈ ਤਾਂ ਉਹ ਨਹੀਂ ਮਿਲਿਆ ਪਰ ਲਗਭਗ 11 ਵਜੇ ਉਸ ਦੀ ਮੌਤ ਹੋਣ ਦੀ ਸੂਚਨਾ ਮਿਲੀ ਤਾਂ ਉਹ ਹੈਰਾਨ ਰਹਿ ਗਏ। ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਜਲੰਧਰ 'ਚ ਕਤਲ ਕੀਤੇ ਨੌਜਵਾਨ ਸੱਤਾ ਦੇ ਮਾਮਲੇ 'ਚ ਦੋਸ਼ੀਆਂ ਦੀ ਵੀਡੀਓ ਆਈ ਸਾਹਮਣੇ, ਪਾਰਟੀ ਕਰਦੇ ਆਏ ਨਜ਼ਰ

ਦਿਨ ਢਲਦੇ ਹੀ ਨਸ਼ੇੜੀਆਂ ਦਾ ਗੜ੍ਹ ਬਣ ਜਾਂਦੈ ਅਮਾਨਤਪੁਰ
ਪਿੰਡ ਅਮਾਨਤਪੁਰ ਦੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਕਾਕਾ ਭੁੱਲਰ ਨੇ ਕਿਹਾ ਕਿ ਦਿਨ ਢਲਦੇ ਹੀ ਇਲਾਕਾ ਨਸ਼ਿਆਂ ਦਾ ਗੜ੍ਹ ਬਣ ਜਾਂਦਾ ਹੈ। ਸ਼ਾਮ ਨੂੰ ਖੇਤਾਂ ਵਾਲੇ ਇਲਾਕੇ ਵਿਚ ਹਨੇਰਾ ਹੋ ਜਾਂਦਾ ਹੈ ਅਤੇ ਇਲਾਕਾ ਵਾਸੀ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਹਨ। ਗੁਰੇਜ਼ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਪਤਾ ਨਹੀਂ ਕਦੋਂ ਕੋਈ ਨਸ਼ੇੜੀ ਉਨ੍ਹਾਂ ’ਤੇ ਹਮਲਾ ਕਰਨ ਤੋਂ ਬਾਅਦ ਲੁੱਟ ਲਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਗੜ੍ਹ ਤੋਂ ਬਾਅਦ ਇਲਾਕੇ ਵਿਚ ਬਾਹਰੀ ਲੋਕ ਗੱਡੀਆਂ ਵਿਚ ਲੜਕੀਆਂ ਲੈ ਕੇ ਆਉਂਦੇ ਹਨ ਅਤੇ ਗਲਤ ਕੰਮ ਕਰਦੇ ਹਨ। ਇਸ ਬਾਰੇ ਕਈ ਵਾਰ ਪੁਲਸ ਨੂੰ ਸੂਚਿਤ ਵੀ ਕੀਤਾ ਗਿਆ ਪਰ ਮਾਹੌਲ ਸੁਧਰਨ ਦਾ ਨਾਂ ਨਹੀਂ ਲੈ ਰਿਹਾ।

ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਛੱਡਾਂਗਾ : ਮਨਜੀਤ ਸਿੰਘ
ਇਸ ਸਬੰਧੀ ਜਦੋਂ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੋਈ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤ ਨਹੀਂ ਮਿਲੀ। ਉਹ ਆਪਣੇ ਪੱਧਰ ’ਤੇ ਇਸ ਦੀ ਜਾਂਚ ਕਰਨਗੇ ਅਤੇ ਕਿਸੇ ਵੀ ਨਸ਼ਾ ਕਰਨ ਅਤੇ ਵੇਚਣ ਵਾਲੇ ਨੂੰ ਬਖ਼ਸ਼ਣਗੇ ਨਹੀਂ।

ਇਹ ਵੀ ਪੜ੍ਹੋ : ਨਸ਼ੇ ਦੇ ਨਾਜਾਇਜ਼ ਕਾਰੋਬਾਰ ਸਬੰਧੀ ਫਿਰ ਚਰਚਾ ’ਚ ਫਿਲੌਰ ਦੀ ਪੰਜਾਬ ਪੁਲਸ ਅਕੈਡਮੀ, ਖੁੱਲ੍ਹੇ ਵੱਡੇ ਰਾਜ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News