ਗੈਸਟ ਹਾਊਸ ’ਚ ਲੜਕੀ ਨਾਲ ਜਨਮ ਦਿਨ ਮਨਾਉਣ ਗਏ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ

Wednesday, Aug 21, 2024 - 07:15 AM (IST)

ਗੈਸਟ ਹਾਊਸ ’ਚ ਲੜਕੀ ਨਾਲ ਜਨਮ ਦਿਨ ਮਨਾਉਣ ਗਏ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ

ਖਰੜ (ਗਗਨਦੀਪ) : ਖਰੜ ’ਚ ਬੱਸ ਸਟੈਂਡ ਨੇੜੇ ਬਣੇ ਇਕ ਗੈਸਟ ਹਾਊਸ ’ਚ ਆਪਣੀ ਲੜਕੀ ਦੋਸਤ ਨਾਲ ਜਨਮ ਦਿਨ ਮਨਾਉਣ ਆਏ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। 

ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਖਰੜ ਵਿਖੇ ਮੰਗਲਵਾਰ ਨੂੰ ਸਵੇਰੇ ਇਕ ਲੜਕੀ ਵੱਲੋਂ ਭੇਦਭਰੇ ਹਾਲਾਤਾਂ ’ਚ ਇਕ ਨੌਜਵਾਨ ਨੂੰ ਮ੍ਰਿਤਕ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਸਿਵਲ ਹਸਪਤਾਲ ਖਰੜ ਦੇ ਐੱਸ.ਐੱਮ.ਓ. ਡਾ. ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 7 :10 ਵਜੇ ਦੇ ਕਰੀਬ ਇਕ ਲੜਕੀ ਇਕ ਨੌਜਵਾਨ ਨੂੰ ਟੈਕਸੀ ਕਾਰ ’ਚ ਹਸਪਤਾਲ ਲੈ ਕੇ ਆਈ ਸੀ, ਜਿਸ ਨੂੰ ਜਦੋਂ ਐਮਰਜੈਂਸੀ ’ਚ ਪਹੁੰਚਾਇਆ ਗਿਆ ਤਾਂ ਚੈੱਕ ਕਰਨ ’ਤੇ ਡਿਊਟੀ 'ਤੇ ਮੌਜੂਦ ਡਾ. ਜਸਪ੍ਰੀਤ ਸਿੰਘ ਬਸੋਤਾ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਲੜਕੀ ਨੇ ਹਸਪਤਾਲ ਤੇ ਰਜਿਸਟਰ ’ਚ ਕਰਵਾਈ ਐਂਟਰੀ ’ਚ ਮ੍ਰਿਤਕ ਲੜਕੇ ਦਾ ਨਾਂ ਅਕਵਿੰਦਰ ਸਿੰਘ (32) ਵਾਸੀ ਪਿੰਡ ਨੌਗਾਵਾਂ ਨੇੜੇ ਬੱਸੀ ਪਠਾਣਾ ਦੱਸਿਆ ਹੈ ਅਤੇ ਲੜਕੀ ਵੱਲੋਂ ਆਪਣਾ ਨਾਂ ਦੀਪਾ ਦੱਸਿਆ ਗਿਆ ਜੋ ਕਿ ਚੰਡੀਗੜ੍ਹ ਦੀ ਰਹਿਣ ਵਾਲੀ ਹੈ।

ਕੀ ਕਹਿੰਦੇ ਨੇ ਪਰਿਵਾਰਕ ਮੈਂਬਰ 
ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਪਤਾ ਲੱਗਣ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਪੁਲਸ ਥਾਣਾ ਸਿਟੀ ਖਰੜ ਪਹੁੰਚਿਆ ਜਿੱਥੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੇ ਕੱਲ੍ਹ 19 ਅਗਸਤ ਨੂੰ ਮ੍ਰਿਤਕ ਅਕਵਿੰਦਰ ਸਿੰਘ ਦਾ ਜਨਮ ਦਿਨ ਸੀ ਅਤੇ ਜੋ ਆਪਣਾ ਜਨਮ ਦਿਨ ਮਨਾਉਣ ਲਈ ਆਪਣੀ ਕਿਸੇ ਸਹੇਲੀ ਨਾਲ ਹੋਟਲ ’ਚ ਰੁਕਿਆ ਸੀ, ਜਿੱਥੇ ਉਸ ਵੱਲੋਂ ਨਸ਼ੇ (ਚਿੱਟੇ) ਦੀ ਲਗਾਈ ਗਈ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।

ਕੀ ਕਹਿੰਦੇ ਨੇ ਗੈਸਟ ਹਾਊਸ ਦੇ ਮਾਲਕ 
ਇਸ ਮਾਮਲੇ ਸਬੰਧੀ ਜਦੋਂ ਖਰੜ ਦੇ ਜੀ.ਟੀ.ਬੀ. ਨਗਰ ਵਿਚ ਬਣੇ ਜਨਤਾ ਗੈਸਟ ਹਾਊਸ ਦੇ ਮਾਲਕ ਸ਼ੰਕਰ ਲਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਇਕ ਲੜਕਾ ਅਤੇ ਲੜਕੀ ਉਨ੍ਹਾਂ ਦੇ ਗੈਸਟ ਹਾਊਸ ’ਚ ਰੁਕਣ ਲਈ ਆਏ ਸਨ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਜਨਮ ਦਿਨ ਪਾਰਟੀ ਮਨਾਉਣੀ ਹੈ। ਜਿਨ੍ਹਾਂ ਦੇ ਆਧਾਰ ਕਾਰਡ ਲੈ ਕੇ ਰਜਿਸਟਰ ’ਚ ਐਂਟਰੀ ਕਰਵਾਈ ਗਈ ਅਤੇ ਉਨ੍ਹਾਂ ਨੂੰ ਕਮਰਾ ਨੰਬਰ 202 ਅਲਾਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲੜਕਾ-ਲੜਕੀ ਨੇ ਕਿਹਾ ਕਿ ਅਸੀਂ ਸਵੇਰੇ ਫਤਿਹਗੜ੍ਹ ਸਾਹਿਬ ਜਾਣਾ ਹੈ ਪਰ ਸਵੇਰੇ ਤੜਕੇ ਉਨ੍ਹਾਂ ਨੂੰ ਲੜਕੀ ਨੇ ਬੁਲਾਇਆ ਕਿ ਲੜਕਾ ਬਾਥਰੂਮ ’ਚ ਗਿਆ ਸੀ ਜਿਸ ਨੇ ਅੰਦਰੋਂ ਕੁੰਡੀ ਲਗਾਈ ਹੋਈ ਹੈ ਅਤੇ ਹੁਣ ਦਰਵਾਜ਼ਾ ਨਹੀਂ ਖੋਲ੍ਹ ਰਿਹਾ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਕੁੰਡੀ ਅੰਦਰੋਂ ਬੰਦ ਸੀ ਅਤੇ ਕੋਈ ਜਵਾਬ ਨਹੀਂ ਸੀ ਆ ਰਿਹਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਟਾਫ ਦੀ ਮਦਦ ਨਾਲ ਅੱਧੇ ਪੌਣੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਜਦੋਂ ਅੰਦਰ ਦੇਖਿਆ ਤਾਂ ਮ੍ਰਿਤਕ ਅਕਵਿੰਦਰ ਸਿੰਘ ਅਰਧ ਨੰਗੀ ਹਾਲਤ ’ਚ ਮੂੰਧੇ ਮੂੰਹ ਆਕੜਿਆ ਹੋਇਆ ਸੀ ਅਤੇ ਉਸ ਨੇ ਟੀਕਾ ਲਗਾਇਆ ਹੋਇਆ ਸੀ ਜੋ ਕਿ ਉਸ ਦੇ ਪੱਟ ’ਚ ਲੱਗਿਆ ਹੋਇਆ ਸੀ, ਜਿਸ ਨੂੰ ਤੁਰੰਤ ਉਨ੍ਹਾਂ ਇਕ ਟੈਕਸੀ ਵਿਚ ਪਾ ਸਿਵਲ ਹਸਪਤਾਲ ਭੇਜ ਦਿੱਤਾ।

ਕੀ ਕਹਿੰਦੇ ਨੇ ਐੱਸ.ਐੱਚ.ਓ. ਸਿਟੀ ਖਰੜ 
ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਐੱਸ.ਐੱਚ.ਓ. ਸਿਟੀ ਖਰੜ ਪੈਰੀਵਿੰਕਲ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਕ ਲੜਕੇ ਦੀ ਮੌਤ ਹੋਣ ਬਾਰੇ ਉਨ੍ਹਾਂ ਨੂੰ ਹਸਪਤਾਲ ਤੋਂ ਸੂਚਨਾ ਮਿਲੀ ਹੈ ਜਿਸ ’ਤੇ ਉਹ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਅਮਲ ਵਿਚ ਲਿਆ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਹਵਾਲੇ ਕਰ ਦੇਣਗੇ।

ਦੱਸਣਯੋਗ ਹੈ ਕਿ ਖਰੜ ਵਿਚ ਜਗ੍ਹਾ-ਜਗ੍ਹਾ ਖੁੱਲ੍ਹੇ ਅਣਗਿਣਤ ਹੋਟਲਾਂ ’ਚ ਦਿਨ ਤੇ ਰਾਤਾਂ ਰੰਗੀਨ ਹੁੰਦੀਆਂ ਹਨ, ਜਿਨ੍ਹਾਂ ਦੀ ਪੁਲਸ ਪ੍ਰਸ਼ਾਸਨ ਵੱਲੋਂ ਕਦੇ ਵੀ ਚੈਕਿੰਗ ਨਹੀਂ ਕੀਤੀ ਜਾਂਦੀ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਘਰਾਂ ਦੇ ਵਿਚ ਬਣੇ ਗੈਸਟ ਹਾਊਸ ਜਾਂ ਹੋਟਲ ਜਾਇਜ਼ ਹਨ, ਕੀ ਇਕ ਸਰਕਾਰ ਦੇ ਨਿਯਮਾਂ ’ਤੇ ਪੂਰਾ ਖਰ੍ਹੇ ਉਤਰਦੇ ਹਨ। ਖਰੜ ’ਚ ਧੜਾਧੜ ਬਣੇ ਹੋਟਲਾਂ ਨੂੰ ਕੀ ਨਗਰ ਕੌਂਸਲ ਖਰੜ ਤੋਂ ਪਾਸ ਕਰਵਾਇਆ ਗਿਆ ਹੈ ਜਾਂ ਫਿਰ ਨਾਜਾਇਜ਼ ਤੌਰ ’ਤੇ ਇਕ ਸ਼ੋਅਰੂਮ ਨੂੰ ਹੋਟਲ ਦੀ ਦਿੱਖ ਦੇ ਵਰਤਿਆ ਜਾ ਰਿਹਾ ਹੈ। ਕੀ ਖਰੜ ਪੁਲਸ ਤੇ ਸਿਵਲ ਪ੍ਰਸ਼ਾਸਨ ਇਨ੍ਹਾਂ ਚੱਲ ਰਹੇ ਗੈਸਟ ਹਾਊਸਾਂ, ਹੋਟਲਾਂ ’ਤੇ ਕਾਰਵਾਈ ਕਰੇਗੀ ਜਾਂ ਫਿਰ ਇਹ ਇਸੇ ਤਰ੍ਹਾਂ ਚਲਦੇ ਰਹਿਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


 


author

Sandeep Kumar

Content Editor

Related News