ਪੰਜਾਬ ’ਚ ਫਿਰ ਵੱਡੀ ਵਾਰਦਾਤ, ਆਸਟ੍ਰੇਲੀਆ ਤੋਂ ਆਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
Monday, Mar 04, 2024 - 06:29 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੌਰਾਇਆ) : ਬੀਤੀ ਰਾਤ ਨੈਸ਼ਨਲ ਹਾਈਵੇ ਦੇ ਪਿੰਡ ਪਰਮਾਨੰਦ ਨੇੜੇ ਇੱਕ' ਥਾਰ ਗੱਡੀ ’ਚੋਂ ਕਰੀਬ 28 ਤੋਂ 30 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਮਿਲਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਤਾਂ ਨੌਜਵਾਨ ਦੀ ਸ਼ਨਾਖਤ ਕਰਨ ’ਤੇ ਪਤਾ ਲੱਗਾ ਕਿ ਉਕਤ ਨੌਜਵਾਨ ਹਰਦੇਵ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਚੱਕ ਅਮੀਰ (ਬਮਿਆਲ) ਹੈ ਜੋ ਕਿ ਇਸ ਸਮੇਂ ਆਸਟ੍ਰੇਲੀਆ ਵਿਚ ਪੀ.ਆਰ ਸੀ। ਹਰਦੇਵ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕੁਝ ਮਹੀਨਿਆਂ ਤੋਂ ਆਪਣੇ ਪਿੰਡ ਚੱਕ ਅਮੀਰ ਵਿਖੇ ਰਹਿ ਰਿਹਾ ਸੀ ਅਤੇ ਬੀਤੀ ਰਾਤ ਉਹ ਅੰਮ੍ਰਿਤਸਰ ਦੇ ਤਰਨਤਾਰਨ ਵਿਖੇ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਗਿਆ ਸੀ ਅਤੇ ਉਥੋਂ ਵਾਪਸ ਆਉਂਦੇ ਸਮੇਂ ਇਸ ਨੌਜਵਾਨ ਦਾ ਪਰਮਾਨੰਦ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਦੋ ਦਿਨ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਕੌਫੀ ਪੀਣ ਮਗਰੋਂ ਹੋਈ ਮੌਤ
ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਆਪਣੇ ਸਾਲ਼ੇ ਨਾਲ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਤਾਂ ਮਲਿਕਪੁਰ ਨੇੜੇ ਆਪਣੇ ਸਾਲ਼ੇ ਨੂੰ ਉਤਾਰਨ ਤੋਂ ਬਾਅਦ ਨੌਜਵਾਨ ਨੂੰ ਕਿਸੇ ਦਾ ਫੋਨ ਆਇਆ, ਜਿਸ ਕਾਰਨ ਉਹ ਮੁੜ ਗੁਰਦਾਸਪੁਰ ਵੱਲ ਨੂੰ ਆ ਗਿਆ। ਪਰਮਾਨੰਦ ਨੇੜੇ ਅਣਪਛਾਤੇ ਵਿਅਕਤੀ ਵੱਲੋਂ ਉਸ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਦੇਵ ਸਿੰਘ ਦੇ ਪੇਟ ’ਚ ਨੇੜਿਓਂ ਗੋਲ਼ੀ ਮਾਰੀ ਗਈ ਸੀ। ਮੌਕੇ ’ਤੇ ਐੱਸ. ਐੱਸ. ਪੀ. ਸਮੇਤ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਗੋਪੀ ਚੋਹਲਾ ਕਤਲ ਕਾਂਡ ’ਚ ਵੱਡੀ ਖ਼ਬਰ, ਸੀ. ਸੀ. ਟੀ. ਵੀ. ਵੀਡੀਓ ਆਈ ਸਾਹਮਣੇ (ਦੇਖੋ ਵੀਡੀਓ)
ਪ੍ਰਾਪਤ ਜਾਣਕਾਰੀ ਅਨੁਸਾਰ ਹਰਦੇਵ ਸਿੰਘ ਕਰੀਬ 7 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਗਿਆ ਸੀ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਰਦੇਵ ਸਿੰਘ ਉੱਥੇ ਪੀ.ਆਰ. ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਹਰਦੇਵ ਸਿੰਘ ਆਸਟ੍ਰੇਲੀਆ ’ਚ ਆਪਣਾ ਕਾਰੋਬਾਰ ਚਲਾ ਰਿਹਾ ਸੀ। ਕੁਝ ਮਹੀਨੇ ਪਹਿਲਾਂ ਉਹ ਪਰਿਵਾਰ ਸਮੇਤ ਆਪਣੇ ਪਿੰਡ ਆਇਆ ਸੀ। ਕੁਝ ਸਮਾਂ ਪਹਿਲਾਂ ਹਰਦੇਵ ਦੇ ਪਿਤਾ ਦੀ ਮੌਤ ਹੋ ਜਾਣ ਕਾਰਨ ਉਹ ਆਪਣੇ ਬੱਚੇ ਸਮੇਤ ਆਪਣੀ ਮਾਤਾ ਦੇ ਘਰ ਹੀ ਰੁਕ ਗਿਆ ਸੀ। ਜਿਸ ਕਾਰਨ ਹਰਦੇਵ ਸਿੰਘ ਨੇ ਆਪਣੀ ਪਤਨੀ ਨੂੰ ਵਾਪਸ ਆਸਟ੍ਰੇਲੀਆ ਭੇਜ ਦਿੱਤਾ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ, ਇਕ ਬੇਟੇ ਸਮੇਤ ਬਜ਼ੁਰਗ ਮਾਤਾ ਛੱਡ ਗਿਆ ਹੈ। ਇਹ ਖ਼ਬਰ ਸੁਣ ਦੇ ਸਾਰ ਹੀ ਇਲਾਕੇ ਅੰਦਰ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਗੈਂਗਸਟਰ ਅਰਸ਼ ਡੱਲਾ ਨੇ ਘੋੜਿਆਂ ਦੇ ਵਪਾਰੀ ਤੋਂ ਮੰਗੀ ਲੱਖਾਂ ਰੁਪਏ ਦੀ ਫਿਰੌਤੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8