ਮਹਿਲਾ ਕਾਂਸਟੇਬਲ ਵੱਲੋਂ ਥਾਣੇ ''ਚ ਫਾਹਾ ਲੈ ਕੇ ਖੁਦਕੁਸ਼ੀ (ਦੇਖੋ ਤਸਵੀਰਾਂ)
Sunday, Jun 11, 2017 - 04:43 AM (IST)
ਜੋਧਾਂ/ਗੁਰੂਸਰ ਸੁਧਾਰ/ਹਲਵਾਰਾ (ਟੂਸੇ, ਮਨਦੀਪ) - ਥਾਣਾ ਜੋਧਾਂ ਦੀ ਮਹਿਲਾ ਕਾਂਸਟੇਬਲ ਵੱਲੋਂ ਬੀਤੀ ਰਾਤ ਥਾਣੇ 'ਚ ਹੀ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਸਟੇਬਲ ਅਮਨਪ੍ਰੀਤ ਕੌਰ ਜੋ ਕਿ ਜੋਧਾਂ ਥਾਣੇ 'ਚ ਤਾਇਨਾਤ ਸੀ, ਨੇ ਚਾਰ ਪੰਜ ਦਿਨ ਪਹਿਲਾਂ ਡੀ. ਐੱਸ. ਪੀ. ਦਾਖਾ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਉਕਤ ਥਾਣੇ ਦਾ ਇਕ ਮੁਲਾਜ਼ਮ ਤੰਗ ਪ੍ਰੇਸ਼ਾਨ ਕਰਦਾ ਹੈ। ਉਪਰੰਤ ਡੀ. ਐੱਸ. ਪੀ. ਦਾਖਾ ਵਲੋਂ ਉਸ ਨੂੰ ਆਪਣੇ ਹੀ ਦਫਤਰ 'ਚ ਹੀ ਡਿਊਟੀ ਕਰਨ ਲਈ ਕਿਹਾ ਗਿਆ ਪਰ ਬੀਤੇ ਕੱਲ ਥਾਣਾ ਜੋਧਾਂ ਦੀ ਮਹਿਲਾ ਕਾਂਸਟੇਬਲ ਦੇ ਛੁੱਟੀ 'ਤੇ ਹੋਣ ਕਾਰਨ ਅਮਨਪ੍ਰੀਤ ਕੌਰ ਇਥੇ ਡਿਊਟੀ ਕਰਨ ਆਈ ਸੀ ਅਤੇ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟ ਵਰਕ ਸਿਸਟਮ ਦਾ ਕੰਮ ਦੇਖ ਰਹੀ ਸੀ। ਇਸ ਸਬੰਧੀ ਥਾਣਾ ਜੋਧਾਂ ਵਿਖੇ ਦਰਜ ਬਿਆਨਾਂ 'ਚ ਮ੍ਰਿਤਕ ਲੜਕੀ ਅਮਨਪ੍ਰੀਤ ਕੌਰ ਦੇ ਭਰਾ ਗੁਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਖੰਡੂਰ ਹਾਲ ਵਾਸੀ ਨਵੀਂ ਆਬਾਦੀ ਅਕਾਲਗੜ੍ਹ ਨੇ ਪੁਲਸ ਕੋਲ ਦਰਜ ਬਿਆਨਾਂ 'ਚ ਕਿਹਾ ਕਿ ਉਸਦੀ ਭੈਣ ਖੁਦਕੁਸ਼ੀ ਨਹੀਂ ਕਰ ਸਕਦੀ। ਪੁਲਸ ਦੇ ਢਿੱਲੇ ਰਵੱਈਏ ਦੇ ਚੱਲਦਿਆਂ ਵੱਡੀ ਗਿਣਤੀ 'ਚ ਇਲਾਕੇ ਦੇ ਲੋਕਾਂ ਨੇ ਅੱਜ ਸਥਾਨਿਕ ਥਾਣੇ ਅੱਗੇ ਲੁਧਿਆਣਾ-ਰਾਏਕੋਟ ਮਾਰਗ 'ਤੇ ਰੋਹ ਭਰਪੂਰ ਧਰਨਾ ਦਿੰਦਿਆਂ ਆਵਾਜਾਈ ਮੁਕੰਮਲ ਠੱਪ ਕਰ ਦਿੱਤੀ।
ਇਸ ਦੌਰਾਨ ਵਿਧਾਇਕ ਹਰਵਿੰਦਰ ਸਿੰਘ ਫੂਲਕਾ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਕਾਮਰੇਡ ਸੰਤੋਖ ਗਿੱਲ ਆਦਿ ਆਗੂਆਂ ਨੇ ਪੁਲਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਥਿਤ ਦੋਸ਼ੀ ਪੁਲਸ ਕਰਮਚਾਰੀ ਖਿਲਾਫ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਮੌਕੇ 'ਤੇ ਪੁੱਜੇ ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ ਸੁਰਜੀਤ ਸਿੰਘ ਆਈ. ਪੀ. ਐੱਸ. ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ। ਪੁਲਸ ਵੱਲੋਂ ਮ੍ਰਿਤਕ ਮਹਿਲਾ ਕਾਂਸਟੇਬਲ ਦੇ ਭਰਾ ਗੁਰਵਿੰਦਰ ਸਿੰਘ ਦੇ ਥਾਣਾ ਜੋਧਾਂ ਦੇ ਮੁੱਖ ਮੁਨਸ਼ੀ ਨਿਰਭੈ ਸਿੰਘ ਖਿਲਾਫ ਦਿੱਤੇ ਬਿਆਨਾਂ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਥਾਣਾ ਮੁਖੀ ਜੋਧਾਂ ਮੋਹਨ ਦਾਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।
