ਮਾਨ ਸਰਕਾਰ ਦਾ ਐਲਾਨ: ਪੰਜਾਬ ''ਚ ਖੁੱਲੇਗਾ ਰੇਤ-ਬੱਜਰੀ ਕੇਂਦਰ, ਜਾਣੋ ਕਦੋਂ ਤੇ ਕਿਉਂ?
Monday, Dec 19, 2022 - 01:23 AM (IST)
ਚੰਡੀਗੜ੍ਹ : ਰੇਤ ਮਾਫੀਆ ਨੂੰ ਨੱਥ ਪਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਹੁਣ ਰੇਤਾ-ਬੱਜਰੀ ਵੇਚਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਪੰਜਾਬ ਸਰਕਾਰ ਮੋਹਾਲੀ ਵਿੱਚ ਪਹਿਲਾ ਵਿਕਰੀ ਕੇਂਦਰ ਖੋਲ੍ਹਣ ਜਾ ਰਹੀ ਹੈ, ਜਿਸ ਵਿੱਚ ਰੇਤਾ-ਬੱਜਰੀ ਵੇਚਣ ਦਾ ਕੰਮ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਇਸ ਕਦਮ ਨਾਲ ਜਿੱਥੇ ਇੱਕ ਪਾਸੇ ਰੇਤਾ-ਬੱਜਰੀ ਦੀਆਂ ਵਧਦੀਆਂ ਕੀਮਤਾਂ 'ਤੇ ਲਗਾਮ ਲੱਗੇਗੀ, ਉੱਥੇ ਹੀ ਰੇਤ ਮਾਫ਼ੀਆ 'ਤੇ ਵੀ ਕਾਬੂ ਪਾਇਆ ਜਾ ਸਕੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਰੇਤ ਆਸਾਨੀ ਨਾਲ ਮਿਲ ਸਕੇਗੀ। ਇਹ ਜਾਣਕਾਰੀ ਖਣਨ ਮੰਤਰੀ ਹਰਜੋਤ ਬੈਂਸ ਨੇ ਇੱਕ ਟਵੀਟ ਰਾਹੀਂ ਦਿੱਤੀ ਹੈ। ਉਹਨਾਂ ਕਿਹਾ ਹੈ ਕਿ "ਪੰਜਾਬ ਵਿੱਚ ਮਾਈਨਿੰਗ ਮਾਫੀਆ ਦਾ ਅੰਤ... ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਰੇਤਾ-ਬੱਜਰੀ ਦੀ ਵਿਕਰੀ ਕੇਂਦਰ ਦਾ ਮੋਹਾਲੀ 'ਚ ਉਦਘਾਟਨ ਕਰਨ ਜਾ ਰਹੇ ਹਨ, ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਅਜਿਹੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ।"
ਦੱਸ ਦੇਈਏ ਕਿ ਸੂਬੇ 'ਚ ਰੇਤਾ-ਬੱਜਰੀ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ, ਜਿਸ ਕਾਰਨ ਲੋਕਾਂ ਨੂੰ ਰੇਤਾ-ਬੱਜਰੀ ਬਹੁਤ ਮਹਿੰਗੇ ਭਾਅ 'ਤੇ ਖਰੀਦਣੀ ਪੈ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਨਿਰਮਾਣ ਕਾਰਜਾਂ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਹੁਣ ਆਪਣੇ ਪੱਧਰ 'ਤੇ ਰੇਤਾ ਬਜਰੀ ਦੇ ਵਿਕਰੀ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ।