ਏ. ਐੱਸ. ਆਈ. ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
Wednesday, Oct 07, 2020 - 01:55 AM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ, ਖੁਰਾਣਾ)- ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਤੂਤਾਵਾਲੀ (ਅਬੋਹਰ) ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਦੋਸਤ ਰਾਜਾ ਰਾਮ ਵਾਸੀ ਹਨੂੰਮਾਨਗੜ੍ਹ ਆਪਣੀ ਲੜਕੀ ਜੋ ਅਬੋਹਰ ਵਿਖੇ ਹੈ ਨੂੰ ਮਿਲਣ ਦਿੱਲੀ ਤੋਂ ਅਬੋਹਰ ਆ ਰਿਹਾ ਸੀ ਅਤੇ ਗੁਰਮੇਲ ਸਿੰਘ ਕਿਸੇ ਕੰਮ ਲਈ ਸਿਰਸਾ ਗਿਆ ਹੋਇਆ ਸੀ ਅਤੇ ਸਿਰਸਾ ਜਦ ਉਹ ਅਬੋਹਰ ਵਾਪਸੀ ਲਈ ਬਸ ਦੀ ਉਡੀਕ ਕਰ ਰਿਹਾ ਸੀ ਤਾਂ ਰਾਜਾ ਰਾਮ ਮਿਲ ਗਿਆ ਅਤੇ ਉਹ ਦੋਵੇਂ ਸਰਸਾ ਤੋਂ ਅਬੋਹਰ ਵੱਲ ਰਵਾਨਾ ਹੋ ਗਏ । ਰਸਤੇ ਵਿਚ ਕਿਲਿਆਂਵਾਲੀ ਮੰਡੀ ਕੋਲ ਏ. ਐੱਸ. ਅਜਮੇਰ ਸਿੰਘ ਨੇ ਪੁਲਸ ਨਾਕਾ ਲਾਇਆ ਹੋਇਆ ਸੀ ਅਤੇ ਗੱਡੀਆਂ ਦੀ ਚੈਕਿੰਗ ਕਰ ਰਿਹਾ ਸੀ ਅਤੇ ਇਸ ਦੌਰਾਨ ਚੈਕਿੰਗ ਕਰਨ ’ਤੇ ਰਾਜਾ ਰਾਮ ਦੀ ਗੱਡੀ ’ਚੋਂ 2-2 ਲਿਟਰ ਦੀਆਂ 8 ਸ਼ਰਾਬ ਦੀਆਂ ਬੋਤਲਾਂ ਜੋ ਕਿ ਚੰਡੀਗੜ੍ਹ ਦੀਆਂ ਬਣੀਆਂ ਸਨ ਮਿਲੀਆ । ਜਿਸ ’ਤੇ ਰਾਜਾ ਰਾਮ ਉੱਤੇ ਦੋ ਅਕਤੂਬਰ ਨੂੰ ਮਾਮਲਾ ਦਰਜ ਕਰ ਦਿੱਤਾ ਗਿਆ । ਬਿਆਨਕਰਤਾ ਅਨੁਸਾਰ ਏ. ਐੱਸ. ਆਈ. ਨੇ ਉਸਨੂੰ ਧਮਕੀ ਦਿੱਤੀ ਕਿ ਉਸਨੂੰ ਵੀ ਮੁਕੱਦਮੇ ’ਚ ਰੱਖਣਗੇ ਪਰ ਉਸਨੇ ਕਿਹਾ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਅਤੇ ਕੋਈ ਨਸ਼ਾ ਨਹੀਂ ਕਰਦਾ । ਹੁਣ ਏ. ਐੱਸ. ਆਈ. ਅਜਮੇਰ ਸਿੰਘ ਵੱਲੋਂ ਬਿਆਨਕਰਤਾ ਅਨੁਸਾਰ ਰਾਜਾ ਰਾਮ ਦੇ ਪਰਿਵਾਰ ਤੋਂ ਕੇਸ ਵਿਚ ਮਦਦ ਕਰਨ ਬਦਲੇ, ਰਿਮਾਂਡ ਨਾ ਲੈਣ ਬਦਲੇ, ਕੋਰੋਨਾ ਟੈਸਟ ਨਾ ਕਰਵਾਉਣ ਬਦਲੇ ਅਤੇ ਕਾਰ ਦੀ ਸਪਰੁਦਦਾਰੀ ਬਦਲੇ ਰਾਜਾ ਰਾਮ ਦੇ ਪਰਿਵਾਰ ਤੋਂ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ । ਗੁਰਮੇਲ ਸਿੰਘ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਰਾਜਾ ਰਾਮ ਦੇ ਪਰਿਵਾਰ ਤੋਂ ਰਿਸ਼ਵਤ ਦੇ ਪੈਸੇ ਲਿਆ ਕੇ ਦੇਵੇ ਗੁਰਮੇਲ ਸਿੰਘ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦਾ ਜਿਸ ’ਤੇ ਉਸਨੇ ਵਿਜੀਲੈਂਸ ਨੂੰ ਸੂਚਿਤ ਕੀਤਾ ਅਤੇ ਵਿਜੀਲੈਂਸ ਨੇ ਅੱਜ ਅਜਮੇਰ ਸਿੰਘ ਏ. ਐੱਸ. ਆਈ. ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ ।