ਹਾਲ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ

Tuesday, Aug 15, 2017 - 07:06 AM (IST)

ਹਾਲ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ

ਅੰਮ੍ਰਿਤਸਰ,   (ਪ੍ਰਵੀਨ ਪੁਰੀ/ਸੂਰੀ)-  ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਭਾਰਤ ਦੀ ਆਜ਼ਾਦੀ ਦਿਵਸ ਦੇ ਵਿਰੋਧ ਵਿਚ ਅੱਜ ਅੰਮ੍ਰਿਤਸਰ ਵਿਖੇ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਦਲ ਦੇ ਜਨਰਲ ਸਕੱਤਰ ਅਮਰੀਕ ਸਿੰਘ ਬੱਲੋਵਾਲ ਅਤੇ ਅੰਮ੍ਰਿਤਸਰ ਸਥਿਤ ਮਾਝਾ-ਦੋਆਬਾ ਜ਼ੋਨ ਦਫਤਰ ਦੇ ਇੰਚਾਰਜ ਨਵਦੀਪ ਸਿੰਘ, ਪਾਰਟੀ ਦੀ ਤਰਨਤਾਰਨ ਇਕਾਈ ਦੇ ਸ਼ਹਿਰੀ ਪ੍ਰਧਾਨ ਡਾ. ਗੁਰਜਿੰਦਰ ਸਿੰਘ ਦੀ ਅਗਵਾਈ ਵਿਚ ਸੈਂਕੜੇ ਪਾਰਟੀ ਵਰਕਰ ਆਜ਼ਾਦੀ ਦਿਹਾੜੇ ਅਤੇ ਦੇਸ਼ ਅੰਦਰ ਘੱਟ ਗਿਣਤੀਆਂ ਦੀ ਆਜ਼ਾਦੀ ਨੂੰ ਕੁਚਲਣ ਵਾਲੇ ਕਾਰਨਾਮਿਆਂ ਖਿਲਾਫ ਰੋਸ ਪ੍ਰਗਟਾਉਂਦੀਆਂ ਤਸਵੀਰਾਂ, ਬੈਨਰ ਤੇ ਪਲੇਅ ਕਾਰਡ ਹੱਥਾਂ ਵਿਚ ਲੈ ਕੇ ਸਥਾਨਕ ਹਾਲ ਗੇਟ ਦੇ ਬਾਹਰ ਇਕੱਤਰ ਹੋਏ ਅਤੇ ਕੋਈ ਇਕ ਘੰਟੇ ਦੇ ਕਰੀਬ ਆਪਣੇ ਰੋਸ ਦਾ ਇਜ਼ਹਾਰ ਕੀਤਾ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਤੇ ਮਾਝਾ ਦੁਆਬਾ ਖੇਤਰ ਦੇ ਇੰਚਾਰਜ ਸ. ਅਮਰੀਕ ਸਿੰਘ ਬੱਲੋਵਾਲ ਨੇ ਕਿਹਾ ਕਿ ਭਾਰਤ ਦੁਨੀਆ ਦਾ ਪਹਿਲਾ ਅਜਿਹਾ ਮੁਲਕ ਹੈ ਜੋ ਆਪਣੇ ਮੁਲਕ ਦੇ ਵਾਸੀਆਂ ਅਤੇ ਇਸ ਦੇਸ਼ ਵਿਚ ਮੌਜੂਦ ਵੱਖ-ਵੱਖ ਧਰਮਾਂ ਦੇ ਧਾਰਮਿਕ ਅਸਥਾਨਾਂ ਉੱਪਰ ਆਪਣੀ ਹੀ ਫੌਜ ਦੀ ਵਰਤੋਂ ਕਰ ਕੇ ਉਨ੍ਹਾਂ ਦੀ ਨਸਲਕੁਸ਼ੀ ਅਤੇ ਕਤਲੇਆਮ ਕਰਦਾ ਆ ਰਿਹਾ ਹੈ। 
ਉਨ੍ਹਾਂ ਕਿਹਾ ਕਿ ਇਸ ਮੁਲਕ ਵਿਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਤੋਪਾਂ-ਟੈਂਕਾਂ ਨਾਲ ਹਮਲਾ ਕੀਤਾ ਗਿਆ, ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਵਾਇਆ ਗਿਆ, ਉੜੀਸਾ ਵਿਚ ਗਿਰਜਾ ਘਰਾਂ ਤੇ ਈਸਾਈ ਪਾਦਰੀ ਤੱਕ ਦੇ ਬੱਚੇ ਜ਼ਿੰਦਾ ਸਾੜ ਦਿੱਤੇ ਗਏ, ਦਿੱਲੀ ਅਤੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਤਿੰਨ ਦਿਨ ਨਿਰੰਤਰ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਮੁਸਲਮਾਨਾਂ, ਜੈਨੀਆਂ, ਬੋਧੀਆਂ, ਮੂਲਨਿਵਾਸੀਆਂ, ਕਸ਼ਮੀਰੀਆਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। 
ਅਜਿਹੇ ਹਾਲਾਤ ਵਿਚ ਕਿਸ ਮੂੰਹ ਨਾਲ ਭਾਰਤ ਆਪਣੇ ਆਜ਼ਾਦੀ ਦਿਵਸ ਦੇ ਜਸ਼ਨ ਮਨਾ ਰਿਹਾ ਹੈ ਜਦਕਿ ਇਥੋਂ ਦਾ ਲੋਕਤੰਤਰ, ਲੱਠਤੰਤਰ ਵਿਚ ਤਬਦੀਲ ਹੋ ਚੁੱਕਾ ਹੈ ਅਤੇ ਦੇਸ਼ ਦਾ ਸਾਰਾ ਨਿਜ਼ਾਮ ਹਿੰਦੂਤਵੀ ਕੱਟੜਵਾਦੀ ਤਾਕਤਾਂ ਦੇ ਹੱਥ ਪੂਰੀ ਤਰ੍ਹਾਂ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਪਾਰਟੀ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 15 ਅਗਸਤ 1947 ਨੂੰ ਇਤਿਹਾਸ ਦਾ ਕਾਲਾ ਦਿਨ ਕਰਾਰ ਦਿੰਦੀ ਹੈ ਕਿਉਂਕਿ ਇਸ ਦਿਨ ਬ੍ਰਾਹਮਣਵਾਦੀ ਤਾਕਤਾਂ ਹੱਥੋਂ ਘੱਟ ਗਿਣਤੀ ਕੌਮਾਂ ਉੱਤੇ ਜ਼ੁਲਮ ਕਰਨ ਦਾ ਮੁੱਢ ਬੰਨ੍ਹਿਆ ਗਿਆ ਸੀ। 
ਨਵਦੀਪ ਸਿੰਘ ਨੇ ਕਿਹਾ ਕਿ ਹੁਣ ਇਸ ਅਖੌਤੀ ਆਜ਼ਾਦੀ ਵਿਚ ਪਿਸ-ਪਿਸ ਕੇ ਘੱਟ ਗਿਣਤੀਆਂ ਦੇ ਸਾਹ ਬੰਦ ਹੋਣ ਕਿਨਾਰੇ ਆ ਗਏ ਹਨ। ਘੱਟ ਗਿਣਤੀ ਕੌਮਾਂ ਦੀ ਨੌਜਵਾਨੀ ਨੂੰ ਨਸ਼ੇ ਲਗਾ ਕੇ ਅਤੇ ਝੂਠੇ ਪੁਲਸ ਮੁਕਾਬਲਿਆਂ ਵਿਚ ਮਰਵਾ ਕੇ ਉਨ੍ਹਾਂ ਦੀ ਨਸਲ ਕੁਸ਼ੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।  ਇਸ ਮੌਕੇ ਗੁਰਮੇਲ ਸਿੰਘ ਸ਼ੇਰਗਿੱਲ, ਪ੍ਰਿਤਪਾਲ ਸਿੰਘ, ਗੁਰਸ਼ਰਨ ਸਿੰਘ ਸੋਹਲ, ਕੁਲਵੰਤ ਸਿੰਘ ਕੋਟਲਾ, ਮਨਜਿੰਦਰ ਸਿੰਘ, ਮਨਦੀਪ ਸਿੰਘ, ਹਰਪਾਲ ਸਿੰਘ, ਸ.ਸੱਜਣ ਸਿੰਘ ਪੱਟੀ, ਹਰਮਨਪ੍ਰੀਤ ਸਿੰਘ ਆਵਾਨ, ਸੰਦੀਪ ਸਿੰਘ ਬਾਜਵਾ, ਰਣਜੀਤ ਸਿੰਘ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਸਮੇਤ ਸ਼ਾਮਿਲ ਹੋਏ।


Related News