ਸੜਕ ''ਤੇ ਪ੍ਰੀਮਿਕਸ ਪਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ
Wednesday, Mar 14, 2018 - 03:01 AM (IST)

ਗੜ੍ਹਦੀਵਾਲਾ, (ਜਤਿੰਦਰ)- ਗੜ੍ਹਦੀਵਾਲਾ-ਟਾਂਡਾ ਸੜਕ 'ਤੇ ਟਾਹਲੀ ਮੋੜ ਤੋਂ ਗੜ੍ਹਦੀਵਾਲਾ ਤੱਕ ਲੋਕ ਨਿਰਮਾਣ ਵਿਭਾਗ ਵੱਲੋਂ ਪਿਛਲੇ ਲਗਭਗ ਡੇਢ ਸਾਲ ਤੋਂ ਪੱਥਰ ਪਾ ਕੇ ਕੰਮ ਬੰਦ ਕਰ ਦੇਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ 'ਤੇ ਪਾਏ ਪੱਥਰ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਈ ਵਾਰ ਸੜਕ 'ਤੇ ਪ੍ਰੀਮਿਕਸ ਪਾਉਣ ਦੀ ਮੰਗ ਕੀਤੀ ਪਰ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ। ਰੋਜ਼ਾਨਾ ਦੀਆਂ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਅਤੇ ਸੜਕ ਦੀ ਦੁਰਦਸ਼ਾ ਨੂੰ ਲੈ ਕੇ ਲੋਕਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ।
ਸੂਬੇਦਾਰ ਬਚਨ ਸਿੰਘ ਕੁੱਲੀਆਂ, ਪਿੰਡ ਜੀਆ ਸਹੋਤਾ ਕਲਾਂ ਦੀ ਸਰਪੰਚ ਬੀਬੀ ਜੋਗਿੰਦਰ ਕੌਰ, ਧਰਮਜੀਤ ਸਿੰਘ ਆਦਿ ਨੇ ਕਿਹਾ ਕਿ ਸੜਕ 'ਤੇ ਪੱਥਰ ਖਿੱਲਰੇ ਰਹਿੰਦੇ ਹਨ ਅਤੇ ਨੇੜਲੇ ਘਰਾਂ ਦੇ ਲੋਕ ਹਰ ਵੇਲੇ ਧੂੜ-ਮਿੱਟੀ ਫੱਕਣ ਨੂੰ ਮਜਬੂਰ ਹਨ।
ਇਥੋਂ ਲੰਘਣਾ ਜਿਥੇ ਰਾਹਗੀਰਾਂ ਲਈ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ, ਉਥੇ ਹੀ ਪੱਥਰਾਂ ਨੇ ਵਾਹਨਾਂ ਦੇ ਟਾਇਰਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਸੜਕ ਉਪਰੋਂ ਵਾਹਨ ਲੰਘਣ ਸਮੇਂ ਪੱਥਰ ਭੁੜਕ ਕੇ ਰਾਹਗੀਰਾਂ ਦੇ ਵੱਜਦੇ ਹਨ, ਜਿਨ੍ਹਾਂ ਕਾਰਨ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ ਪਰ ਸਰਕਾਰ ਅਤੇ ਸਬੰਧਤ ਵਿਭਾਗ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਲੋਕਾਂ ਨੇ ਪਹਿਲ ਦੇ ਆਧਾਰ 'ਤੇ ਇਸ ਸੜਕ 'ਤੇ ਪ੍ਰੀਮਿਕਸ ਪਾਉਣ ਦੀ ਮੰਗ ਕੀਤੀ ਹੈ।
ਇਸ ਮੌਕੇ ਜੋਗਿੰਦਰ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਰਾਮ ਆਸਰਾ, ਮਹਿੰਦਰ ਸਿੰਘ, ਮਨਜੀਤ ਕੌਰ, ਉਰਮਿਲਾ ਦੇਵੀ, ਮੋਹਨ ਸਿੰਘ, ਤਰਲੋਕ ਸਿੰਘ, ਸਤਪਾਲ ਸਿੰਘ, ਦਲਵੀਰ ਸਿੰਘ, ਮਹਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਕੀ ਕਹਿੰਦੇ ਹਨ ਵਿਭਾਗ ਦੇ ਅਧਿਕਾਰੀ : ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਇੰਜੀਨੀਅਰ ਦਵਿੰਦਰ ਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਕ ਮਹੀਨੇ ਦੇ ਅੰਦਰ-ਅੰਦਰ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਪਹਿਲਾਂ ਫੰਡ ਦੀ ਘਾਟ ਸੀ ਪਰ ਹੁਣ ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤੇ ਗਏ ਹਨ।