PU ’ਚ ਭੋਜਨ ਦੀ ਥਾਲੀ ਹੋਵੇਗੀ 5 ਤੋਂ 10 ਫ਼ੀਸਦੀ ਤੱਕ ਮਹਿੰਗੀ

06/27/2024 2:35:55 PM

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਨੇ ਹੋਸਟਲਾਂ ਦੀਆਂ ਮੈੱਸਾਂ ’ਚ ਫੂਡ ਪਲੇਟਾਂ ਦੇ ਰੇਟ ਵਧਾਉਣ ਦੀ ਯੋਜਨਾ ਬਣਾਈ ਹੈ। ਇਸ ਲਈ ਰੇਟ ਲਿਸਟ ਵੀ ਤਿਆਰ ਕਰ ਲਈ ਗਈ ਹੈ ਪਰ ਹਾਲੇ ਅੰਤਿਮ ਪ੍ਰਵਾਨਗੀ ਮਿਲਣੀ ਬਾਕੀ ਹੈ। ਫਾਈਨਲ ਮੋਹਰ ਲੱਗਣ ਤੋਂ ਬਾਅਦ ਖਾਣੇ ਦੇ ਰੇਟ ਡਿਸਪਲੇ ਕਰ ਦਿੱਤੇ ਜਾਣਗੇ। ਹਾਲਾਂਕਿ ਜਦੋਂ ਵੀ ਮੈੱਸ ’ਚ ਖਾਣੇ ਦੀਆਂ ਪਲੇਟਾਂ ਦੇ ਰੇਟ ਵਧਾਏ ਜਾਂਦੇ ਹਨ ਤਾਂ ਵਿਦਿਆਰਥੀ ਵਿਰੋਧ ਕਰਦੇ ਹਨ। ਦੂਜੇ ਪਾਸੇ ਕੁੱਝ ਠੇਕੇਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਰੇਟ ਨਹੀਂ ਵਧੇ ਹਨ, ਜਦੋਂ ਕਿ ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਹੁਣ ਕੀਮਤਾਂ ’ਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਪੀ. ਯੂ. ਮੈੱਸ ’ਚ ਖਾਣੇ ਦੀਆਂ ਪਲੇਟਾਂ ਦੇ ਰੇਟਾਂ ’ਚ 5 ਤੋਂ 10 ਫ਼ੀਸਦੀ ਤੱਕ ਵਾਧਾ ਕੀਤਾ ਜਾ ਸਕਦਾ ਹੈ, ਜਿਸ ਲਈ ਪੀ. ਯੂ. ਮੈਨੇਜਮੈਂਟ ਦੀਆਂ ਕੁੱਝ ਮੀਟਿੰਗਾਂ ਹੋ ਚੁੱਕੀਆਂ ਹਨ, ਜਦੋਂ ਕਿ ਰੇਟ ’ਤੇ ਫਾਈਨਲ ਮੋਹਰ ਲੱਗਣੀ ਬਾਕੀ ਹੈ। ਹਰ ਸਾਲ ਖਾਣੇ ਦਾ ਮੁੱਲ ਕੁੱਝ ਫ਼ੀਸਦੀ ਵੱਧਦਾ ਹੈ। ਨਵੇਂ ਸੈਸ਼ਨ ’ਚ ਫ਼ੀਸਾਂ ਨਾਲ ਖਾਣੇ ਦੀਆਂ ਕੀਮਤਾਂ ਵੀ ਵੱਧ ਜਾਂਦੀਆਂ ਹਨ।
ਪਲੇਟ ਦਾ ਰੇਟ
ਇਸ ਸਮੇਂ ਲੜਕਿਆਂ ਲਈ ਖਾਣੇ ਦੀ ਥਾਲੀ ਦਾ ਰੇਟ 39 ਰੁਪਏ ਦੇ ਕਰੀਬ ਹੈ। ਪਨੀਰ ਦੀ ਥਾਲੀ ਦਾ ਰੇਟ 47 ਰੁਪਏ ਹੈ, ਜਦਕਿ ਲੜਕੀਆਂ ਦੇ ਹੋਸਟਲ ’ਚ ਥਾਲੀ ਦਾ ਰੇਟ 37 ਰੁਪਏ 50 ਪੈਸੇ ਹੈ ਤੇ ਪਨੀਰ ਦੀ ਥਾਲੀ 45.50 ਰੁਪਏ ’ਚ ਮਿਲਦੀ ਹੈ। ਜੇ ਰੇਟ ਵਧਾਏ ਜਾਂਦੇ ਹਨ ਤਾਂ ਲੜਕਿਆਂ ਦੀ ਭੋਜਨ ਥਾਲੀ 44 ਰੁਪਏ ਤੇ ਲੜਕੀਆਂ ਦੀ 42.50 ਰੁਪਏ ਤੱਕ ਪਹੁੰਚ ਜਾਵੇਗੀ।
ਪਿਛਲੀ ਵਾਰ ਵਿਦਿਆਰਥੀਆਂ ਨੇ ਕੀਤਾ ਸੀ ਹੰਗਾਮਾ
ਸੈਸ਼ਨ 2023 ’ਚ ਮੈੱਸ ਦੇ ਰੇਟ ਵਧਾਏ ਜਾਣ ’ਤੇ ਵਿਦਿਆਰਥੀਆਂ ਨੇ ਹੰਗਾਮਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪਲੇਟਾਂ ਦੇ ਰੇਟ ਵਧਾਏ ਜਾਣ ਤੋਂ ਬਾਅਦ ਮੁੜ ਘੱਟ ਕਰ ਦਿੱਤੇ ਗਏ ਸੀ। ਕੁਝ ਟੱਕ ਸ਼ਾਪਸ ਦੇ ਰੇਟ ਵਧਾਏ ਜਾ ਚੁੱਕੇ ਹਨ। ਖਾਣੇ ਦੀ ਥਾਲੀ, ਚਾਹ, ਕੌਫੀ ਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਦੇ ਰੇਟ ਵਧਾਏ ਗਏ ਹਨ। ਫ਼ਿਲਹਾਲ ਮੈੱਸ ’ਚ ਫੂਡ ਪਲੇਟਾਂ ਦੇ ਵਧਾਏ ਜਾਣ ਵਾਲੇ ਰੇਟਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਖਾਣੇ ਦੀ ਗੁਣਵੱਤਾ ਨੂੰ ਸੁਧਾਰਨ ਲਈ ਰੇਟ ਵਧਾਉਣ ਸਬੰਧੀ ਵਿਚਾਰ ਚੱਲ ਰਿਹਾ ਹੈ। ਕੁਝ ਟੱਕ ਸ਼ਾਪਸ ਦੇ ਰੇਟ ਜ਼ਰੂਰ ਵਧਾਏ ਗਏ ਹਨ।


Babita

Content Editor

Related News