ਗੁ. ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ

02/24/2024 6:36:19 PM

ਸੁਲਤਾਨਪੁਰ ਲੋਧੀ (ਸੋਢੀ)-ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਰਜੀ ਹਲਵਾਈ ਦੀ ਡਿਊਟੀ ਨਿਭਾਅ ਰਹੇ ਸ਼੍ਰੋਮਣੀ ਕਮੇਟੀ ਦੇ ਨੌਜਵਾਨ ਕਰਮਚਾਰੀ ਜਸਪਿੰਦਰ ਸਿੰਘ ਪੁੱਤਰ ਕਾਲਾ ਸਿੰਘ ਨਿਵਾਸੀ ਪਿੰਡ ਆਹਲੀਕਲਾਂ ਦੀ ਕਮਰੇ ਵਿਚ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਵੱਲੋਂ ਇੰਸਪੈਕਟਰ ਹਰਗੁਰਦੇਵ ਸਿੰਘ ਐੱਸ. ਐੱਚ. ਓ. ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ 'ਚ ਪੁਲਸ ਵੱਲੋਂ ਕੀਤੀ ਗਈ ਜਾਂਚ ਉਪਰੰਤ ਮ੍ਰਿਤਕ ਨੌਜਵਾਨ ਦੇ ਦੋ ਸਾਥੀ ਸੇਵਾਦਾਰਾਂ ਖ਼ਿਲਾਫ਼ ਜਸਪਿੰਦਰ ਸਿੰਘ ਨੂੰ ਕੋਈ ਜ਼ਹਿਰੀਲੀ ਦਵਾਈ ਪਿਲਾ ਕੇ ਮਾਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਦਾਰ ਬਬਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਮ੍ਰਿਤਕ ਕਰਮਚਾਰੀ ਜਸਪਿੰਦਰ ਸਿੰਘ ਦੇ ਪਿਤਾ ਕਾਲਾ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਆਹਲੀ ਕਲਾਂ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ ਵਿੱਚ ਦੋਸ਼ ਲਾਇਆ ਸੀ ਕਿ ਉਸ ਦਾ ਲੜਕਾ ਜਸਪਿੰਦਰ ਸਿੰਘ ਪਿਛਲੇ 3 ਸਾਲਾਂ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬਤੌਰ ਸੇਵਾਦਾਰ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ। ਉਸ ਦੇ ਲੜਕੇ ਜਸਪਿੰਦਰ ਸਿੰਘ ਦੇ ਕਮਰੇ ਵਿੱਚ ਦੋ ਹੋਰ ਸੇਵਾਦਾਰ ਦਲਜੀਤ ਸਿੰਘ ਪੁੱਤਰ ਸੋਹਣ ਸਿੰਘ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਅਤੇ ਗੁਰਮੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭੱਠਲ ਤਾਰਨ ਤਾਰਨ ਰਹਿੰਦੇ ਸਨ। 

PunjabKesari

ਇਹ ਵੀ ਪੜ੍ਹੋ: ਬਰਥਡੇ ਪਾਰਟੀ ਦੌਰਾਨ ਪੈ ਗਿਆ ਭੜਥੂ, ਤੇਜ਼ਧਾਰ ਹਥਿਆਰਾਂ ਨਾਲ ਅੱਧੀ ਦਰਜਨ ਹਮਲਾਵਰਾਂ ਨੇ ਕੀਤਾ ਵੱਡਾ ਕਾਂਡ

ਉਨ੍ਹਾਂ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਪਿਛਲੇ ਮਹੀਨੇ 11 ਜਨਵਰੀ ਨੂੰ ਮੇਰੀ ਪਤਨੀ ਗੁਰਮੀਤ ਕੌਰ ਨੇ ਆਪਣੇ ਪੁੱਤਰ ਜਸਪਿੰਦਰ ਸਿੰਘ ਨੂੰ ਵਾਰ-ਵਾਰ ਫੋਨ ਕੀਤਾ ਪਰ ਉਸ ਨੇ ਫੋਨ ਨਾ ਚੁੱਕਿਆ। ਸ਼ਾਮ ਨੂੰ 7.30 ਵਜੇ ਤੱਕ ਜਦੋਂ ਜਸਪਿੰਦਰ ਸਿੰਘ ਨੇ ਫੋਨ ਨਾ ਚੁੱਕਿਆ ਤਾਂ ਉਹ ਆਪਣੇ ਰਿਸ਼ਤੇਦਾਰ ਕੁਲਵਿੰਦਰ ਸਿੰਘ, ਹਰਜੀਤ ਸਿੰਘ ਅਤੇ ਕਰਨਦੀਪ ਸਿੰਘ ਨੂੰ ਨਾਲ ਲੈ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਆਏ। ਉੱਥੇ ਮੌਜੂਦ ਸੇਵਾਦਾਰ ਏਕਮ ਸਿੰਘ ਨੇ ਦੱਸਿਆ ਕਿ ਜਸਪਿੰਦਰ ਸਿੰਘ ਅੱਜ ਆਪਣੇ ਸਾਥੀ ਸੇਵਾਦਾਰਾਂ ਦਲਜੀਤ ਸਿੰਘ ਅਤੇ ਗੁਰਮੀਤ ਸਿੰਘ ਨਾਲ ਕਮਰੇ ਵੱਲ ਜਾਂਦੇ ਵੇਖਿਆ। ਜਦੋਂ ਉਹ ਕਮਰੇ ਕੋਲ ਗਏ ਤਾਂ ਬਾਹਰੋਂ ਜਿੰਦਰਾ ਲੱਗਾ ਹੋਇਆ ਸੀ।

ਜਦੋਂ ਗੁਰਦੁਆਰਾ ਪ੍ਰਬੰਧਕਾਂ ਰਾਹੀਂ ਡੁਪਲੀਕੇਟ ਚਾਬੀ ਲੈ ਕੇ ਜਿੰਦਰਾ ਖੋਲ੍ਹਿਆ ਤਾਂ ਜਸਪਿੰਦਰ ਸਿੰਘ ਬੈੱਡ ਉੱਪਰ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਅਤੇ ਫੋਨ ਸਾਈਲੈਂਟ 'ਤੇ ਲੱਗਾ ਹੋਇਆ ਸੀ। ਜਦ ਉਸ ਨੂੰ ਤਰੁੰਤ ਸਿਵਲ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਚੈੱਕ ਕਰਨ ਤੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਲੱਗਾ ਕਿ ਜਸਪਿੰਦਰ ਸਿੰਘ ਦੀ ਮੌਤ ਜ਼ਹਿਰੀਲੀ ਦਵਾਈ ਪੀਣ ਨਾਲ ਹੋਈ ਹੈ। ਜਿਸ 'ਤੇ ਪੁਲਸ ਵੱਲੋਂ ਗੰਭੀਰਤਾ ਨਾਲ ਕੀਤੀ ਜਾਂਚ ਤੋਂ ਬਾਅਦ ਉਕਤ ਸਾਥੀ ਸੇਵਾਦਾਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। 

ਮ੍ਰਿਤਕ ਕਰਮਚਾਰੀ ਜਸਪਿੰਦਰ ਸਿੰਘ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਕਰਮਚਾਰੀ ਜਥੇ ਸਰਵਣ ਸਿੰਘ ਚੱਕ ਪੱਤੀ ਬਾਲੂ ਬਹਾਦਰ ਦਾ ਭਾਣਜਾ ਸੀ ਅਤੇ 14 ਜਨਵਰੀ ਨੂੰ ਉਸ ਦੀ ਲਾਸ਼ ਕਮਰੇ 'ਚੋਂ ਸ਼ੱਕੀ ਹਾਲਾਤ ਵਿਚ ਮਿਲੀ ਸੀ। ਜਸਪਿੰਦਰ ਸਿੰਘ ਤਕਰੀਬਨ 19 ਕੁ ਸਾਲ ਦਾ ਸੀ ਅਤੇ ਦੋ ਭੈਣਾ ਦਾ ਇਕਲੌਤਾ ਭਰਾ ਸੀ। ਜਸਪਿੰਦਰ ਦੀ ਵੱਡੀ ਭੈਣ ਵਿਆਹੀ ਹੋਈ ਹੈ ਅਤੇ ਛੋਟੀ ਭੈਣ ਕੁਆਰੀ ਹੈ। 

ਇਹ ਵੀ ਪੜ੍ਹੋ: ਅੱਜ ਹੁਸ਼ਿਆਰਪੁਰ ਦਾ ਦੌਰਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ, ਸ੍ਰੀ ਖੁਰਾਲਗੜ ਸਾਹਿਬ ਹੋਣਗੇ ਨਤਮਸਤਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News