ਤੇਜ਼ ਰਫਤਾਰ ਕਾਰ ਚਾਲਕ ਨੇ ਬਿਜਲੀ ਦੇ ਖੰਭੇ ਨੂੰ ਮਾਰੀ ਜ਼ੋਰਦਾਰ ਟੱਕਰ, ਦਹਿਲ ਉੱਠਿਆ ਇਲਾਕਾ

Monday, Sep 02, 2024 - 08:16 PM (IST)

ਲੁਧਿਆਣਾ (ਖੁਰਾਣਾ) : ਹੈਬੋਵਾਲ ਇਲਾਕੇ ਦੇ ਜਵਾਲਾ ਸਿੰਘ ਚੌਕ ਵਿਚ ਪੈਂਦੇ ਪਟਵਾਰਖਾਨੇ ਦੇ ਨੇੜੇ ਮੁੱਖ ਸੜਕ ‘ਤੇ ਲੱਗੇ ਬਿਜਲੀ ਦੇ ਖੰਭੇ ਨੂੰ ਤੇਜ਼ ਰਫਤਾਰ ਕਾਰ ਚਾਲਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਇਲਾਕਾ ਬੁਰੀ ਤਰ੍ਹਾਂ ਦਹਿਲ ਉੱਠਿਆ। ਇਸ ਦੌਰਾਨ ਬਿਜਲੀ ਦਾ ਖੰਭਾ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ। ਗਨੀਮਤ ਰਹੀ ਕਿ ਉਕਤ ਹਾਦਸੇ ਦੌਰਾਨ ਮੌਕੇ ‘ਤੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਜਾਣਕਾਰੀ ਦਿੰਦੇ ਹੋਏ ਪ੍ਰਤੱਖ ਦੇਖਣ ਵਾਲਿਆਂ ਦੇ ਮੁਤਾਬਕ ਘਟਨਾ ਸਵੇਰ ਕਰੀਬ 5 ਵਜੇ ਵਾਪਰੀ। ਇਸ ਸਮੇਂ ਇਲਾਕਾ ਨਿਵਾਸੀ ਸਵੇਰ ਦੀ ਸੈਰ ਕਰਨ ਲਈ ਨਿਕਲੇ ਹੋਏ ਸਨ ਅਤੇ ਇਸ ਦੌਰਾਨ ਤੇਜ਼ ਰਫਤਾਰ ਕਾਰ ਚਾਲਕ ਦਾ ਕਾਰ ਤੋਂ ਕੰਟ੍ਰੋਲ ਗੁਆਚ ਜਾਣ ਕਾਰਨ ਸੜਕ ਦੇ ਕੰਢੇ ਲੱਗੇ ਬਿਜਲੀ ਦੇ ਖੰਭੇ ਨਾਲ ਜ਼ੋਰਕਾਰ ਟੱਕਰ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਟੱਕਰ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮੌਕੇ ‘ਤੇ ਸੈਰ ਕਰਨ ਵਾਲੇ ਲੋਕਾਂ ਵਿਚ ਹਫੜਾ ਦਫੜੀ ਮਚ ਗਈ ਅਤੇ ਇਲਾਵਾ ਬੁਰੀ ਤਰ੍ਹਾਂ ਦਹਿਲ ਉੱਠਿਆ। ਹਾਦਸੇ ਕਾਰਨ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਅਤੇ ਬਿਜਲੀ ਦਾ ਖੰਭਾ ਇਕ ਪਾਸੇ ਨੂੰ ਝੂਲਣ ਲੱਗਾ।

ਹਾਦਸੇ ਤੋਂ ਤੁਰੰਤ ਬਾਅਦ ਇਲਾਕੇ ਦੇ ਜ਼ਿਆਦਾਤਰ ਘਰਾਂ ਵਿਚ ਬਿਜਲੀ ਸਪਲਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਪੈ ਗਈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਅਗਰ ਨਗਰ ਡਵੀਜ਼ਨ ਦੇ ਐਕਸੀਅਨ ਦਿਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਐੱਸ.ਡੀ.ਓ. ਵੱਲੋਂ ਵਿਭਾਗੀ ਮੁਲਾਜ਼ਮਾਂ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਸੀ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਨੁਕਸਾਨੀ ਹੋਈ ਕਾਰ ਨੂੰ ਮੌਕੇ ਤੋਂ ਹਟਾਉਣ ਦੇ ਨਾਲ ਹੀ ਬਿਜਲੀ ਦੇ ਖੰਭੇ ਨੂੰ ਸਿੱਧਾ ਕਰਕੇ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ।

ਐਕਸੀਅਨ ਦਿਲਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਕਤ ਸਾਰੇ ਅਪਰੇਸ਼ਨ ਨੂੰ ਪਾਵਰਕਾਮ ਮੁਲਾਜ਼ਮਾਂ ਦੀ ਟੀਮ ਵੱਲੋਂ ਜੰਗੀ ਪੱਧਰ ‘ਤੇ ਅੰਜਾਮ ਦੇ ਦਿੱਤਾ ਗਿਆ ਅਤੇ ਸਿਰਫ ਕੁਝ ਹੀ ਘੰਟੇ ਵਿਚ ਬਿਜਲੀ ਦਾ ਖੰਭਾ ਲਗਾਉਣ ਸਮੇਤ ਪ੍ਰਭਾਵਿਤ ਘਰਾਂ ਵਿਚ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ।


Baljit Singh

Content Editor

Related News