ਕੇਂਦਰੀ ਜੇਲ ਦੇ ਹਸਪਤਾਲ ''ਚ ਡਾਕਟਰ ''ਤੇ ਜਾਨਲੇਵਾ ਹਮਲਾ

Wednesday, Sep 13, 2017 - 06:48 AM (IST)

ਲੁਧਿਆਣਾ,(ਸਿਆਲ)- ਪੰਜਾਬ ਦੀਆਂ ਸੁਰੱਖਿਅਤ ਜੇਲਾਂ 'ਚ ਸ਼ਾਮਲ ਲੁਧਿਆਣਾ ਸੈਂਟਰਲ ਜੇਲ ਦੀ ਸੁਰੱਖਿਆ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦ ਅੱਜ ਦੁਪਹਿਰ 12.45 ਵਜੇ ਜੇਲ ਦੇ ਅੰਦਰ ਸਥਿਤ ਜੇਲ ਹਸਪਤਾਲ 'ਚ ਮੌਜੂਦ ਡਾ. ਸਵਰਨਦੀਪ ਸਿੰਘ 'ਤੇ ਜੇਲ 'ਚ ਲਗਭਗ 10 ਕੈਦੀਆਂ ਨੇ ਅਚਾਨਕ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ 'ਚ ਡਾ. ਸਵਰਨਦੀਪ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ, ਮੌਕੇ 'ਤੇ ਮੌਜੂਦ ਹੋਰ ਕੈਦੀਆਂ ਨੇ ਡਾਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਮੌਕਾ ਮਿਲਣ 'ਤੇ ਡਾ. ਸਵਰਨਦੀਪ ਹਸਪਤਾਲ ਤੋਂ ਭੱਜ ਕੇ ਬਾਹਰ ਆ ਗਏ ਅਤੇ ਆਪਣੀ ਜਾਨ ਬਚਾਈ ਅਤੇ ਲਹੂ-ਲੁਹਾਨ ਹਾਲਤ ਵਿਚ ਸਿਵਲ ਹਸਪਤਾਲ ਪਹੁੰਚੇ। ਸੂਚਨਾ ਮਿਲਣ 'ਤੇ ਮੀਡੀਆ ਕਰਮਚਾਰੀਆਂ ਦਾ ਜਮਾਵੜਾ ਲੱਗ ਗਿਆ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ. ਸਵਰਨਦੀਪ ਸਿੰਘ ਨੇ ਦੱਸਿਆ ਕਿ ਜੇਲ ਹਸਪਤਾਲ 'ਚ ਬੀਮਾਰ ਕੈਦੀਆਂ ਅਤੇ ਹਵਾਲਾਤੀਆਂ ਦਾ ਇਲਾਜ ਕਰਨ ਲਈ ਹਮੇਸ਼ਾ ਦੀ ਤਰ੍ਹਾਂ ਰੁੱਝੇ ਹੋਏ ਸਨ ਕਿ ਅਚਾਨਕ 10 ਦੇ ਲਗਭਗ ਕੈਦੀਆਂ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ, ਉਨ੍ਹਾਂ ਦੀ ਸੱਜੀ ਬਾਂਹ, ਪੇਟ ਅਤੇ ਸਿਰ 'ਚ ਸੱਟਾਂ ਲੱਗੀਆਂ। ਉਨ੍ਹਾਂ ਨੇ ਕਿਹਾ ਕਿ ਹੋਰ ਕੈਦੀ ਮੇਰਾ ਬਚਾਅ ਨਾ ਕਰਦੇ ਤਾਂ ਮੇਰੀ ਜਾਨ ਵੀ ਜਾ ਸਕਦੀ ਸੀ। ਇਸ 'ਤੇ ਡਾ. ਸਵਰਨਦੀਪ ਸਿੰਘ ਨੇ ਜੇਲ ਪ੍ਰਸ਼ਾਸਨ 'ਤੇ ਵੀ ਗੰਭੀਰ ਦੋਸ਼ ਲਗਾਉੁਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਕਿ ਸੁਰੱਖਿਆ ਦਾ ਦਾਅਵਾ ਕਰਨ ਵਾਲੇ ਜੇਲ ਅਧਿਕਾਰੀਆਂ ਦੀ ਨੱਕ ਥੱਲੇ ਘਾਤਕ ਹਥਿਆਰ ਜੇਲ 'ਚ ਕੈਦੀਆਂ ਦੇ ਕੋਲ ਕਿਵੇਂ ਪਹੁੰਚ ਗਏ ਜਦਕਿ ਜੇਲ ਹਸਪਤਾਲ ਤਕ ਆਉਣ ਲਈ ਡਾਕਟਰਾਂ ਨੂੰ ਖੁਦ ਵੀ ਸਖ਼ਤ ਸੁਰੱਖਿਆ ਦੇ ਤਿੰਨ ਸਥਾਨਾਂ ਤੋਂ ਨਿਕਲਣਾ ਪੈਂਦਾ ਹੈ। ਜੇਲ ਬੈਰਕਾਂ ਤੱਕ ਹਥਿਆਰ ਪਹੁੰਚਣਾ ਜੇਲ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਬਿਨਾਂ ਸੰਭਵ ਨਹੀਂ ਹੈ। 
ਉਨ੍ਹਾਂ ਕਿਹਾ ਕਿ ਜੇਲ ਦੇ ਕੈਦੀ ਅਕਸਰ ਉਨ੍ਹਾਂ 'ਤੇ ਵਿਸ਼ੇਸ਼ ਤਰ੍ਹਾਂ ਦੀ ਦਵਾਈ ਜਾਂ ਇੰਜੈਕਸ਼ਨ ਲਾਉਣ ਦਾ ਦਬਾਅ ਬਣਾਉਂਦੇ ਹਨ ਤਾਂ ਕਿ ਉਨ੍ਹਾਂ ਦੀ ਨਸ਼ੇ ਦੀ ਲਤ ਪੂਰੀ ਹੋ ਸਕੇ ਪਰ ਉਹ ਕਦੇ ਵੀ ਇਸ ਤਰ੍ਹਾਂ ਦੀ ਦਵਾਈ ਨਹੀਂ ਲਿਖਦੇ ਅਤੇ ਨਾ ਕਿਸੇ ਬੰਦੀ ਦੀ ਗੱਲ ਮੰਨਦੇ ਹਨ। ਡਾਕਟਰ ਨੇ ਦੱਸਿਆ ਕਿ ਜੇਲ ਅਧਿਕਾਰੀਆਂ ਨੇ ਜੇਲ 'ਚ ਮੇਰੇ ਉੱਪਰ ਉਕਤ ਮਾਮਲੇ 'ਚ ਸਮਝੌਤੇ ਦਾ ਦਬਾਅ ਵੀ ਬਣਾਇਆ। ਇਸ ਲਈ ਕੁਝ ਕੈਦੀਆਂ ਨੇ ਜੇਲ ਅਧਿਕਾਰੀਆਂ ਦੇ ਆਸ਼ੀਰਵਾਦ 'ਤੇ ਉਨ੍ਹਾਂ 'ਤੇ ਹਮਲੇ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਲ 'ਚ 100 ਰੁਪਏ ਦੀ ਬੀੜੀ, 200 ਰੁਪਏ ਦੀ ਤੰਬਾਕੂ ਦੀ ਪੁੜੀ ਅਤੇ ਨਸ਼ੀਲੀਆਂ ਗੋਲੀਆਂ 500 ਰੁਪਏ 'ਚ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਹ ਸਭ ਜੇਲ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਨੇ ਗੁੱਸੇ 'ਚ ਕਿਹਾ ਕਿ ਜੇਕਰ ਉਨ੍ਹਾਂ ਨੇ ਮੂੰਹ ਖੋਲ੍ਹਿਆ ਅਤੇ ਸਚਾਈ ਬਿਆਨ ਕੀਤੀ ਤਾਂ ਜੇਲ 'ਚ ਕਰਮਚਾਰੀਆਂ ਤੇ ਜੇਲ ਅਧਿਕਾਰੀਆਂ ਦੀ ਪੋਲ ਖੁੱਲ੍ਹ ਸਕਦੀ ਹੈ।


Related News