ਆੜ੍ਹਤੀਆਂ, ਰਾਈਸ ਮਿੱਲਰਜ਼ ਤੇ ਵਪਾਰੀਆਂ ਵੱਲੋਂ ਮੁਕੰਮਲ ਹੜਤਾਲ ਤੇ ਨਾਅਰੇਬਾਜ਼ੀ
Wednesday, Nov 01, 2017 - 02:12 AM (IST)

ਨਾਭਾ, (ਜੈਨ)- ਨੌਜਵਾਨ ਆੜ੍ਹਤੀਏ ਮੋਨਿਕ ਜਿੰਦਲ ਦੇ ਕਤਲ ਦਾ ਮਾਮਲਾ ਹੁਣ ਹੋਰ ਗਰਮਾ ਗਿਆ ਹੈ। ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਤੇ ਹੋਰਨਾਂ ਅਧਿਕਾਰੀਆਂ ਦੀ ਸਿਆਣਪ ਸਦਕਾ ਕਤਲ ਦੀ ਸੁਪਾਰੀ ਦੇਣ ਵਾਲਾ ਸੁਖਵਿੰਦਰ ਸਿੰਘ ਵਾਰਦਾਤ ਤੋਂ 4 ਦਿਨਾਂ ਬਾਅਦ ਹੀ ਪੁਲਸ ਨੇ ਕਾਬੂ ਕਰ ਲਿਆ ਸੀ। ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਨੇ ਹੋਰ ਤਫਤੀਸ਼ ਲਈ ਰਿਮਾਂਡ ਪ੍ਰਾਪਤ ਕਰ ਲਿਆ ਹੈ। ਦੂਜੇ ਪਾਸੇ ਪਿਛਲੀ ਰਾਤ 8.30 ਵਜੇ ਤੋਂ ਅਨਾਜ ਮੰਡੀ ਵਿਚ ਤਣਾਅ ਪੈਦਾ ਹੋ ਗਿਆ। ਅੱਜ ਮੰਡੀ ਵਿਚ ਆੜ੍ਹਤੀਆਂ/ਰਾਈਸ ਮਿੱਲਰਜ਼ ਤੇ ਵਪਾਰੀਆਂ ਨੇ ਕਾਰੋਬਾਰ ਬੰਦ ਕਰ ਦਿੱਤਾ। ਨਾ ਹੀ ਬੋਲੀ ਹੋਈ ਤੇ ਨਾ ਹੀ ਖਰੀਦੀ ਹੋਈ। ਸਿਰਫ ਜੀਰੀ ਦੀ ਲੋਡਿੰਗ/ਅਣਲੋਡਿੰਗ ਦਾ ਕੰਮ ਕੀਤਾ ਗਿਆ।
ਆੜ੍ਹਤੀਆਂ/ਮਿੱਲਰਜ਼ ਦੀ ਭਰਵੀਂ ਇਕੱਤਰਤਾ ਹੋਈ, ਜਿਸ ਵਿਚ ਪ੍ਰਧਾਨ ਜੀਵਨ ਗੁਪਤਾ, ਸੁਖਵੰਤ ਸਿੰਘ ਕੌਲ, ਸਿਕੰਦਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਗੁਪਤਾ, ਹਰਬੰਸ ਸਿੰਘ ਬੁੱਟਰ, ਸੁਰਿੰਦਰ ਸਿੰਗਲਾ, ਦੀਪਕ ਗੁਪਤਾ, ਇੰਦਰਜੀਤ ਸਿੰਘ, ਅਸ਼ੋਕ ਗਰਗ, ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਸੱਤੀ (ਭੜੋ), ਦਰਸ਼ਨ ਅਰੋੜਾ, ਸੰਜੀਵ ਸ਼ਿਲਪਾ, ਸੁਸ਼ੀਲ ਜਿੰਦਲ, ਸੰਦੀਪ ਗਰਗ (ਕੌਂਸਲਰ), ਸੁਰਿੰਦਰ ਗਰਗ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਗੁਰਚਰਨ ਸਿੰਘ ਘਮਰੌਦਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਮਾਮ ਚੰਦ, ਇਛਿਆਮਾਨ ਸਿੰਘ ਭੋਜੋਮਾਜਰੀ ਤੇ ਰਾਮ ਸ਼ਰਨ ਗੁਪਤਾ ਸਾਬਕਾ ਪ੍ਰਧਾਨ ਤੋਂ ਇਲਾਵਾ ਵਪਾਰ ਮੰਡਲ ਦੇ ਆਗੂਆਂ ਨੇ ਹਿੱਸਾ ਲਿਆ।
ਆੜ੍ਹਤੀਆ ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਕ ਪੁਲਸ ਅਧਿਕਾਰੀ ਮੋਨਿਕ ਦਾ ਕਤਲ ਕਰਵਾਉਣ ਵਾਲੇ ਵਿਅਕਤੀ ਸੁਖਵਿੰਦਰ ਸਿੰਘ ਦੀ ਫਸਲ ਵੇਚਣ ਬਾਰੇ ਸਾਡੀ ਮੰਡੀ ਦੀ ਮਦਦ ਕਰਨ ਦੀ ਬਜਾਏ ਦੋਸ਼ੀ ਪਰਿਵਾਰ ਦੀ ਮਦਦ ਕਰ ਰਿਹਾ ਹੈ, ਜਿਸ ਕਰ ਕੇ ਸਾਰੇ ਵਪਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਨਿਯਮਾਂ ਅਨੁਸਾਰ ਸਾਰੀ ਫਸਲ ਇੱਥੇ ਮੰਡੀ ਵਿਚ ਹੀ ਵੇਚੀ ਜਾਵੇ। ਇਸ ਸਬੰਧੀ ਵਪਾਰੀਆਂ ਦੇ ਵਫਦ ਨੇ ਆਈ. ਜੀ. ਪੁਲਸ ਏ. ਐੱਸ. ਰਾਏ ਨਾਲ ਭੇਂਟ ਕਰ ਕੇ ਉਨ੍ਹਾਂ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾ ਕੇ ਇਨਸਾਫ ਦੀ ਮੰਗ ਕੀਤੀ। ਇਕੱਤਰਤਾ ਵਿਚ ਸੋਮ ਲਾਲ ਢੱਲ, ਸੁਭਾਸ਼ ਸਹਿਗਲ ਤੇ ਵਿਵੇਕ ਸਿੰਗਲਾ ਤੋਂ ਇਲਾਵਾ ਅਨੇਕ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਹਿੱਸਾ ਲਿਆ ਅਤੇ ਨਾਅਰੇਬਾਜ਼ੀ ਕੀਤੀ।
ਡੀ. ਐੱਸ. ਪੀ. ਚੰਦ ਸਿੰਘ ਨੇ ਦੁਪਹਿਰ ਸਮੇਂ ਆੜ੍ਹਤੀਆਂ/ਮਿੱਲਰਜ਼ ਦੀ ਇਕੱਤਰਤਾ ਵਿਚ ਆ ਕੇ ਮ੍ਰਿਤਕ ਮੋਨਿਕ ਦੇ ਪਿਤਾ ਸਤਪਾਲ ਜਿੰਦਲ ਤੇ ਭਰਾ ਅਮਿਤ ਜਿੰਦਲ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਹੈਰਾਨੀ ਦੀ ਗੱਲ ਹੈ ਕਿ ਖਬਰ ਲਿਖੇ ਜਾਣ ਤੱਕ ਜ਼ਿਲਾ ਪ੍ਰਸ਼ਾਸਨ ਨੇ ਆੜ੍ਹਤੀਆਂ, ਵਪਾਰੀਆਂ ਤੇ ਮਿੱਲਰਾਂ ਦੀ ਸਾਂਝੀ ਹੜਤਾਲ ਦਾ ਗੰਭੀਰ ਨੋਟਿਸ ਨਹੀਂ ਲਿਆ, ਜਿਸ ਕਾਰਨ ਗੁੱਸਾ ਹੋਰ ਭੜਕ ਰਿਹਾ ਹੈ। ਅਨੇਕ ਮਿੱਲਰਾਂ ਨੇ ਇਸ ਸਬੰਧੀ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨਾਲ ਵੀ ਸੰਪਰਕ ਕਾਇਮ ਕੀਤਾ ਹੈ। ਪੀੜਤ ਪਰਿਵਾਰ ਤੇ ਵਪਾਰੀਆਂ ਦੀ ਮੰਗ ਹੈ ਕਿ ਕਾਤਲਾਂ ਦੇ ਸਾਰੇ ਗਿਰੋਹ ਦਾ ਤੁਰੰਤ ਪਰਦਾਫਾਸ਼ ਕੀਤਾ ਜਾਵੇ ਤਾਂ ਜੋ ਮੰਡੀ ਵਿਚੋਂ ਦਹਿਸ਼ਤ ਦਾ ਮਾਹੌਲ ਖਤਮ ਹੋ ਸਕੇ ਅਤੇ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਅਨਾਜ ਮੰਡੀ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਵਪਾਰੀਆਂ ਨੇ ਗੁੱਸੇ ਭਰੇ ਅੰਦਾਜ਼ ਵਿਚ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਦੋਸ਼ੀ ਪਾਰਟੀ ਦੀ ਮਦਦ ਕਰਨ ਵਾਲੇ ਪੁਲਸ ਅਧਿਕਾਰੀ ਖਿਲਾਫ ਤੁਰੰਤ ਐਕਸ਼ਨ ਨਾ ਲਿਆ ਗਿਆ ਤਾਂ ਸਿੱਟੇ ਗੰਭੀਰ ਹੋ ਸਕਦੇ ਹਨ। ਸਬੰਧਤ ਪੁਲਸ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੋਬਾਇਲ 'ਨੋ ਰਿਪਲਾਈ' ਹੁੰਦਾ ਰਿਹਾ।
ਫੋਟੋ ਨੰਬਰ : 31 ਪੀਏਟੀ 17
ਫੋਟੋ ਨੰਬਰ : 31 ਪੀਏਟੀ 18
ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਨਾਭਾ ਵਪਾਰ ਮੰਡਲ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਆਈ. ਜੀ. ਸ਼੍ਰੀ ਰਾਏ ਨੂੰ ਪੀੜਤ ਪਰਿਵਾਰ ਦੀ ਸੁਰੱਖਿਆ ਲਈ ਪ੍ਰਬੰਧ ਕਰਨ ਬਾਰੇ ਗੱਲਬਾਤ ਕਰਦੇ ਹੋਏ। (ਜੈਨ)