ਪੁਲਸ ਮੁਲਾਜ਼ਮ ਦੇ ਪੁੱਤਰ ਦਾ ਕੱਟਿਆ ਗਿਆ 25 ਹਜ਼ਾਰ ਰੁਪਏ ਦਾ ਚਲਾਨ, ਜਾਣੋ ਕੀ ਹੈ ਪੂਰਾ ਮਾਮਲਾ

Wednesday, Aug 28, 2024 - 01:15 PM (IST)

ਪੁਲਸ ਮੁਲਾਜ਼ਮ ਦੇ ਪੁੱਤਰ ਦਾ ਕੱਟਿਆ ਗਿਆ 25 ਹਜ਼ਾਰ ਰੁਪਏ ਦਾ ਚਲਾਨ, ਜਾਣੋ ਕੀ ਹੈ ਪੂਰਾ ਮਾਮਲਾ

ਜਲੰਧਰ (ਵੈੱਬ ਡੈਸਕ)- ਟਰੈਫਿਕ ਪੁਲਸ ਵੱਲੋਂ ਨਾਬਾਲਗ ਵਾਹਨ ਚਾਲਕਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਮੰਗਲਵਾਰ ਨੂੰ ਪੀ. ਏ. ਪੀ. ਚੌਂਕ ਅਤੇ ਰਾਮਾ ਮੰਡੀ ਚੌਂਕ ਵਿੱਚ ਨਾਕਾਬੰਦੀ ਕੀਤੀ ਗਈ। ਮੁਲਾਜ਼ਮਾਂ ਨੇ ਇਥੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਚਲਾਨ ਵੀ ਕੱਟੇ। ਨਾਬਾਲਗਾਂ ਦੇ 25 ਹਜ਼ਾਰ ਰੁਪਏ ਦੇ ਚਲਾਨ ਕੱਟੇ ਗਏ। ਇਸ ਦੌਰਾਨ ਪੁਲਸ ਮੁਲਾਜ਼ਮ ਦੇ ਨਾਬਾਲਗ ਪੁੱਤਰ ਦਾ ਵੀ 25 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ। ਇਹ ਨਿਯਮ ਹੈ ਕਿ ਜੇਕਰ ਨਾਬਾਲਗਾਂ ਦਾ ਚਲਾਨ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ 25 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਜੇਕਰ ਦੋਬਾਰਾ ਫੜੇ ਜਾਂਦੇ ਹਨ ਤਾਂ ਅਜਿਹੇ ਨਾਬਾਲਗ 25 ਸਾਲ ਦੀ ਉਮਰ ਦੇ ਹੋਣ ਤੱਕ ਲਾਇਸੈਂਸ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਐਕਟਿਵਾ ਤੇ ਟਰੱਕ ਦੀ ਟੱਕਰ ਦੌਰਾਨ RCF ਦੇ ਮੁਲਾਜ਼ਮ ਦੀ ਮੌਤ

ਦਰਅਸਲ 13 ਸਾਲਾ ਅਭੀ ਦੀ ਮੌਤ ਤੋਂ ਬਾਅਦ ਟਰੈਫਿਕ ਪੁਲਸ ਸਖ਼ਤ ਹੋ ਗਈ ਹੈ। ਮੁਲਾਜ਼ਮਾਂ ਨੂੰ ਕਿਸੇ ਵੀ ਹਾਲਤ ਵਿੱਚ ਢਿੱਲ ਨਾ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਨਾਕੇਬੰਦੀ ਦੌਰਾਨ ਬੱਚੇ ਹੀ ਨਹੀਂ ਸਗੋਂ ਉਨ੍ਹਾਂ ਦੇ ਮਾਪੇ ਵੀ ਛੱਡਣ ਦੀਆਂ ਮਿੰਨਤਾਂ ਕਰਦੇ ਵੇਖੇ ਗਏ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੀ ਇਕ 13 ਸਾਲ ਦੇ ਬੱਚੇ ਦੀ ਹਾਦਸੇ 'ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੀ ਲੋਕਾਂ ਨੇ ਸਬਕ ਨਹੀਂ ਸਿੱਖਿਆ। ਇਕ ਐਕਟਿਵਾ 'ਤੇ ਤਿੰਨ ਨਾਬਾਲਗ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੇ ਵਿਅਕਤੀ ਨੂੰ ਰਾਮਾਮੰਡੀ ਚੌਂਕ ਵਿਚ ਖੜ੍ਹੇ ਮੁਲਾਜ਼ਮ ਸਤਪਾਲ ਨੇ ਕਰੀਬ 100 ਮੀਟਰ ਦੌੜ ਕੇ ਫਲਾਈਓਵਰ 'ਤੇ ਫੜ ਲਿਆ। ਚਾਲਕ ਨੇ ਐਕਟਿਵਾ ਉਥੇ ਹੀ ਛੱਡ ਦਿੱਤੀ ਤਾਂ ਮੁਲਾਜ਼ਮ ਉਸ ਨੂੰ ਲੈ ਕੇ ਨਾਕੇ 'ਤੇ ਆ ਗਿਆ। ਵਾਹਨ ਚਾਲਕ ਦੇ ਕੋਲ ਕੋਈ ਦਸਤਾਵੇਜ਼ ਨਹੀਂ ਸਨ ਤਾਂ ਐਕਟਿਵਾ ਛੱਡ ਕੇ ਬੱਚਿਆਂ ਸਮੇਤ ਚਲਾ ਗਿਆ। ਬਾਅਦ ਵਿਚ ਐਕਟਿਵਾ ਇੰਪਾਊਂਡ ਕਰ ਦਿੱਤੀ ਗਈ। ਨਾਕੇ 'ਤੇ ਨਾਬਾਲਗ ਨੂੰ ਰੋਕਿਆ ਤਾਂ ਪਤਾ ਲੱਗਾ ਕਿ ਉਹ ਪੁਲਸ ਮੁਲਾਜ਼ਮ  ਦਾ ਬੇਟਾ ਹੈ। 

ਇਹ ਵੀ ਪੜ੍ਹੋ-ਰਾਤੋ-ਰਾਤ ਕਬਾੜੀਏ ਦੀ ਚਮਕੀ ਕਿਸਮਤ, ਬਣਿਆ ਕਰੋੜਪਤੀ

ਜਦੋਂ ਏ. ਐੱਸ. ਆਈ. ਸੁਰੇਸ਼ ਕੁਮਾਰ ਆਪਣੀ ਟੀਮ ਨਾਲ ਪੀ. ਏ. ਪੀ. ਚੌਂਕ ਵਿੱਚ ਚਲਾਨ ਕਰ ਰਹੇ ਸਨ ਤਾਂ ਮੁਲਾਜ਼ਮਾਂ ਨੇ ਮੌਕੇ ’ਤੇ ਹੀ ਕਈ ਨਾਬਾਲਗਾਂ ਨੂੰ ਰੋਕ ਲਿਆ। ਇਨ੍ਹਾਂ 'ਚ ਪੁਲਸ ਅਤੇ ਸੀ. ਏ.  ਦੇ ਬੱਚੇ ਵੀ ਸ਼ਾਮਲ ਸਨ। ਜਦੋਂ ਕਰਮਚਾਰੀ ਨੇ 12 ਸਾਲਾ ਨਾਬਾਲਗ ਬੱਚੇ ਤੋਂ ਦਸਤਾਵੇਜ਼ ਮੰਗੇ ਤਾਂ ਉਸ ਨੇ ਕਿਹਾ- ਮੇਰੀ ਸਕੂਟਰੀ ਇਲੈਕਟ੍ਰਾਨਿਕ ਹੈ, ਕ੍ਰਿਪਾ ਕਰਕੇ ਚਲਾਨ ਨਾ ਕੱਟੋ। ਸਾਨੂੰ ਜਾਣ ਦਿਓ। ਪੁਲਸ ਅਧਿਕਾਰੀ ਨੇ ਉਸ ਨੂੰ ਦੱਸਿਆ ਕਿ ਇਲੈਕਟ੍ਰਾਨਿਕ ਸਕੂਟਰੀ ਲਈ ਵੀ ਡਰਾਈਵਿੰਗ ਲਾਇਸੈਂਸ ਜ਼ਰੂਰੀ ਹੈ। ਇਸ 'ਤੇ 'ਨੋ ਗੇਅਰ' ਲਿਖਿਆ ਹੋਇਆ ਹੈ। ਬੱਚੇ ਨੇ ਦੱਸਿਆ ਕਿ ਕੰਪਨੀ ਨੇ ਕਿਹਾ ਸੀ ਕਿ ਇਸ ਸਕੂਟਰੀ ਨੂੰ ਚਲਾਉਣ ਲਈ ਹੈਲਮੇਟ, ਲਾਇਸੈਂਸ, ਨੰਬਰ ਪਲੇਟ ਅਤੇ ਆਰ. ਸੀ. ਜ਼ਰੂਰੀ ਨਹੀਂ ਹੈ।ਉਸ ਨੇ ਕਿਸੇ ਦਾ ਮੋਬਾਇਲ ਲੈ ਕੇ ਗੱਲ ਕੀਤੀ ਪਰ ਉਦੋਂ ਤੱਕ ਪੁਲਸ ਅਧਿਕਾਰੀ ਸੁਰੇਸ਼ ਕੁਮਾਰ ਨੇ ਨਾਬਾਲਗ ਦਾ ਚਲਾਨ ਕੱਟ ਦਿੱਤਾ ਸੀ। ਬੱਚੇ ਨੇ ਦੱਸਿਆ ਕਿ ਉਸ ਨੇ ਲਾਇਸੈਂਸ ਲਈ ਅਪਲਾਈ ਕੀਤਾ ਹੈ। ਇਸ ਦੌਰਾਨ ਪੁਲਸ ਮੁਲਾਜ਼ਮਾਂ ਨੇ ਕਿਹਾ- ਪਾਜੀ ਸਾਨੂੰ ਸਿਫ਼ਾਰਿਸ਼ਾਂ ਨਾ ਆਉਣ ਤਾਂ ਅਸੀਂ ਕਿਸੇ ਨੂੰ ਨਹੀਂ ਬਖ਼ਸ਼ਦੇ, ਅਫ਼ਸਰਾਂ ਅਤੇ ਮੰਤਰੀਆਂ ਦੇ ਫ਼ੋਨ ਆ ਜਾਂਦੇ ਬੱਚੇ ਛੁਡਾਉਣ ਲਈ। 

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, 13 ਸਾਲਾ ਬੱਚੇ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਟਰੱਕ ਦਾ ਟਾਇਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News