ਡਰੇਨ ’ਚ ਡੁੱਬਣ ਨਾਲ 10 ਸਾਲਾ ਬੱਚੇ ਦੀ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ
Sunday, Jul 23, 2023 - 07:10 PM (IST)
ਚੌਕ ਮਹਿਤਾ (ਕੈਪਟਨ)-ਹਲਕਾ ਮਜੀਠਾ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਪੁਰਾਣਾ ਤਨੇਲ ਦੀ ਡਰੇਨ ਵਿਚ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਹਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਭਾਰੀ ਬਰਸਾਤ ਪੈਣ ਨਾਲ ਪਿੰਡ ਦੇ ਨਾਲ ਲੱਗਦੀ ਡਰੇਨ ਉਪਰ ਤਕ ਪਾਣੀ ਨਾਲ ਭਰ ਕੇ ਵਹਿ ਰਹੀ ਸੀ, ਮੇਰਾ ਬੱਚਾ ਗੁਰਸੇਵਕ ਸਿੰਘ ਕੁਝ ਸਾਥੀ ਬੱਚਿਆਂ ਦੇ ਨਾਲ ਉਥੇ ਗਿਆ ਅਤੇ ਇਸ ਡਰੇਨ ’ਚ ਡਿੱਗ ਪਿਆ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਇਹ ਘਟਨਾ ਬੀਤੇ ਦਿਨ ਸ਼ਾਮ 5 ਵਜੇ ਦੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ’ਤੇ ਅਸੀਂ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਸੀ ਪਰ ਪ੍ਰਸ਼ਾਸਨ ਹਰਕਤ ’ਚ ਨਹੀਂ ਆਇਆ।
ਇਹ ਖ਼ਬਰ ਵੀ ਪੜ੍ਹੋ : ਭਾਖੜਾ ਡੈਮ ਦਾ ਦੌਰਾ ਕਰਨ ਮਗਰੋਂ ਬੋਲੇ CM ਮਾਨ, ਕਹੀਆਂ ਇਹ ਅਹਿਮ ਗੱਲਾਂ
ਪਿੰਡ ਵਾਸੀਆਂ ਵੱਲੋਂ ਆਪਣੇ ਤੌਰ ’ਤੇ ਰੱਸਿਆਂ ਦੀ ਮਦਦ ਨਾਲ ਦੇਰ ਰਾਤ ਤਕ ਭਾਲ ਕੀਤੀ ਗਈ ਪਰ ਹਨੇਰਾ ਤੇ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਰੋਸ ਵਜੋਂ ਅੱਜ ਅਸੀਂ ਪਿੰਡ ਵਾਸੀਆਂ ਦੀ ਮਦਦ ਨਾਲ ਅੰਮ੍ਰਿਤਸਰ-ਮਹਿਤਾ ਮੁੱਖ ਸੜਕ ਨੂੰ ਜਾਮ ਕਰ ਦਿੱਤਾ ਹੈ, ਜਦੋਂ ਤਕ ਪ੍ਰਸ਼ਾਸਨ ਸਾਨੂੰ ਸਾਡਾ ਬੱਚਾ ਨਹੀਂ ਲੱਭ ਕੇ ਦਿੰਦਾ, ਅਸੀਂ ਇਸ ਸੜਕ ਦੀ ਆਵਾਜਾਈ ਨਹੀਂ ਚੱਲਣ ਦਿਆਂਗੇ।
ਇਹ ਖ਼ਬਰ ਵੀ ਪੜ੍ਹੋ : ‘ਆਪ’ ਸਰਕਾਰ ਦੀ ਨੌਜਵਾਨਾਂ ਲਈ ਵੱਡੀ ਪਹਿਲਕਦਮੀ, UPSC ਪ੍ਰੀਖਿਆਵਾਂ ਦੀ ਕੋਚਿੰਗ ਲਈ ਖੋਲ੍ਹੇਗੀ 8 ਕੇਂਦਰ
ਇਸ ਦੌਰਾਨ ਪੁਲਸ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਟੀਮ ਤੁਰੰਤ ਮੌਕੇ ’ਤੇ ਪੁੱਜੀ ਅਤੇ ਬੱਚੇ ਦੇ ਮ੍ਰਿਤਕ ਸਰੀਰ ਦੀ ਭਾਲ ਸ਼ੁਰੂ ਕਰ ਦਿੱਤੀ। ਤਕਰੀਬਨ ਤਿੰਨ-ਚਾਰ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਤਕਰੀਬਨ ਡੇਢ ਕਿਲੋਮੀਟਰ ਦੀ ਦੂਰੀ ’ਤੇ ਪਿੰਡ ਤਾਹਰਪੁਰ ਦੇ ਡਰੇਨ ਪੁਲ ਨੇੜਿਓਂ ਬੱਚੇ ਦੀ ਲਾਸ਼ ਬਰਾਮਦ ਹੋਈ। ਇਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੱਚੇ ਦਾ ਮ੍ਰਿਤਕ ਸਰੀਰ ਪਰਿਵਾਰ ਦੀ ਸਹਿਮਤੀ ਨਾਲ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤਾ। ਇਸ ਸਮੇਂ ਹਲਕਾ ਮਜੀਠਾ ਤੋਂ ‘ਆਪ’ ਦੇ ਇੰਚਾਰਜ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਦੀ ਪਤਨੀ ਡਾ. ਸਤਿੰਦਰ ਕੌਰ ਗਿੱਲ ਨੇ ਮੌਕੇ ’ਤੇ ਪੁੱਜ ਕੇ ਇਸ ਮੰਦਭਾਗੀ ਘਟਨਾ ’ਤੇ ਪਰਿਵਾਰ ਨਾਲ ਅਫ਼ਸੋਸ ਜ਼ਾਹਿਰ ਕੀਤਾ ਅਤੇ ਡੀ. ਸੀ. ਅੰਮ੍ਰਿਤਸਰ ਨਾਲ ਫੋਨ ’ਤੇ ਰਾਬਤਾ ਕਰਕੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਆਖੀ। ਇਸ ਮੌਕੇ ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ, ਤਹਿਸੀਲਦਾਰ ਮੈਡਮ ਅਕਵਿੰਦਰ ਕੌਰ, ਡੀ. ਐਸ. ਪੀ. ਮਨਮੋਹਨ ਸਿੰਘ ਔਲਖ ਮਜੀਠਾ ,ਐੱਸ. ਐੱਚ. ਓ. ਗਗਨਦੀਪ ਸਿੰਘ ਮੱਤੇਵਾਲ, ਕਾਨੂੰਨਗੋ ਤਰਸੇਮ ਸਿੰਘ ਫੱਤੂਭੀਲਾ, ਪਟਵਾਰੀ ਗੁਰਪ੍ਰੀਤ ਸਿੰਘ, ਪਟਵਾਰੀ ਹਰਪ੍ਰਤਾਪ ਸਿੰਘ ਅਤੇ ਨਹਿਰੀ ਵਿਭਾਗ ਦੇ ਜੇ. ਈ. ਆਦਿ ਘਟਨਾ ਸਥਾਨ ’ਤੇ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ : 11 ਮਹੀਨਿਆਂ ਦੀ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ, ਜਾਂਚ ’ਚ ਜੁਟੀ ਪੁਲਸ