ਪੰਜਾਬ ’ਚ ਹੁਣ ਤੱਕ ਕਣਕ ਦੀ ਖਰੀਦ ਦਾ 92% ਕਾਰਜ ਮੁਕੰਮਲ : ਵਿਸਵਾਜੀਤ ਖੰਨਾ

Saturday, May 16, 2020 - 08:44 PM (IST)

ਪੰਜਾਬ ’ਚ ਹੁਣ ਤੱਕ ਕਣਕ ਦੀ ਖਰੀਦ ਦਾ 92% ਕਾਰਜ ਮੁਕੰਮਲ : ਵਿਸਵਾਜੀਤ ਖੰਨਾ

ਚੰਡੀਗੜ੍ਹ,(ਅਸ਼ਵਨੀ)- ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਵੱਖ-ਵੱਖ ਚੁਣੌਤੀਆਂ ਦੌਰਾਨ ਕਣਕ ਦੀ ਵਾਢੀ ਅਤੇ ਖਰੀਦ ਕਾਰਜ ਲਗਭਗ ਮੁੱਕਣ ਕਿਨਾਰੇ ਪਹੁੰਚੇ ਹੋਏ ਪਰ ਇਸ ਖਰੀਦ ਸੀਜ਼ਨ ਦੌਰਾਨ ਸੂਬੇ ਦੇ ਲੱਖਾਂ ਕਿਸਾਨਾਂ ਨੇ ਸਿਹਤ ਸੁਰੱਖਿਆ ਉਪਾਵਾਂ ਦਾ ਉਲੰਘਣ ਕੀਤੇ ਬਿਨਾਂ ਖੇਤ ਤੋਂ ਮੰਡੀ ਤੱਕ ਜ਼ਾਬਤੇ ਦੀ ਪਾਲਣਾ ਸੰਜਮ ਨਾਲ ਕਰਕੇ ਮਿਸਾਲ ਕਾਇਮ ਕੀਤੀ ਹੈ। ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ’ਚ 135 ਲੱਖ ਮੀਟ੍ਰਿਕ ਟਨ ਕਣਕ ਆਉਣ ਦੇ ਮਿਥੇ ਅਨੁਮਾਨ ’ਚੋਂ ਹੁਣ ਤੱਕ 92 ਫੀਸਦੀ ਫਸਲ ਦੀ ਆਮਦ ਹੋ ਚੁੱਕੀ ਹੈ। ਕੋਰੋਨਾ ਦੌਰਾਨ ਮੰਡੀਆਂ ’ਚ ਪੜਾਅਵਾਰ ਕਣਕ ਲਿਆਉਣ ਦੇ ਬਾਵਜੂਦ ਖਰੀਦ ਸ਼ੁਰੂ ਹੋਣ ਦੇ ਇਕ ਮਹੀਨੇ ਦੇ ਸਮੇਂ ਦੌਰਾਨ ਹੁਣ ਤੱਕ 122.02 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ’ਚ ਪਹੁੰਚੀ ਹੈ, ਜਿਸ ’ਚੋਂ 121.85 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਸੂਬੇ ਦੇ ਕੁੱਲ 22 ਜ਼ਿਲਿਆਂ ’ਚੋਂ 15 ’ਚ ਤਾਂ ਕਣਕ ਦੀ 95 ਫੀਸਦੀ ਖਰੀਦ ਸਫਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ, ਜਿਨ੍ਹਾਂ ’ਚ ਪਠਾਨਕੋਟ ’ਚ (105 ਫੀਸਦੀ), ਜਲੰਧਰ (102 ਫੀਸਦੀ), ਫਰੀਦਕੋਟ, ਲੁਧਿਆਣਾ ਅਤੇ ਬਰਨਾਲਾ (99 ਫੀਸਦੀ), ਸੰਗਰੂਰ (97 ਫੀਸਦੀ), ਹੁਸ਼ਿਆਰਪੁਰ ਤੇ ਐੱਸ.ਬੀ.ਐੱਸ. ਨਗਰ (96 ਫੀਸਦੀ) ਅਤੇ ਫਿਰੋਜ਼ਪੁਰ ’ਚ 95 ਫੀਸਦੀ ਖਰੀਦ ਹੋਈ ਹੈ। ਮੰਡੀ ਬੋਰਡ ਵਲੋਂ ਸੂਬੇ ’ਚ ਹੁਣ ਤੱਕ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ 16.80 ਲੱਖ ਪਾਸ ਜਾਰੀ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਕੋਵਿਡ-19 ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਮੰਡੀਆਂ ’ਚ ਪੜਾਅਵਾਰ ਕਣਕ ਲਿਆਉਣ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਨੇ ਖਰੀਦ ਕਾਰਜ 30 ਮਈ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਸੀ ਅਤੇ ਜੇਕਰ ਲੋੜ ਪਈ ਤਾਂ ਇਸ ’ਚ 15 ਜੂਨ ਤੱਕ ਵਾਧਾ ਕੀਤਾ ਜਾ ਸਕਦਾ।


author

Bharat Thapa

Content Editor

Related News