ਲੋਕ ਸਭਾ ਚੋਣਾਂ : ਪੰਜਾਬ ''ਚ ਪਹਿਲੇ ਦਿਨ 9 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

04/23/2019 10:18:34 AM

ਚੰਡੀਗੜ੍ਹ (ਭੁੱਲਰ) : ਲੋਕ ਸਭਾ ਚੋਣਾਂ ਲਈ ਪੰਜਾਬ 'ਚ 19 ਮਈ ਪੈਣ ਵਾਲੀਆਂ ਵੋਟਾਂ ਸਬੰਧੀ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਸ ਤੋਂ ਬਾਅਦ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਪਹਿਲੇ ਦਿਨ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 9 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ। ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਪਹਿਲੇ ਦਿਨ ਜਲੰਧਰ ਅਤੇ ਲੁਧਿਆਣਾ ਲੋਕ ਸਭਾ ਹਲਕਿਆਂ ਲਈ 2-2 ਅਤੇ ਆਨੰਦਪੁਰ ਸਾਹਿਬ, ਅੰਮ੍ਰਿਤਸਰ, ਸੰਗਰੂਰ, ਬਠਿੰਡਾ ਅਤੇ ਫਰੀਦਕੋਟ ਹਲਕੇ ਲਈ 1-1 ਉਮੀਦਵਾਰ ਨੇ ਨਾਮਜ਼ਦਗੀ ਪੱਤਰ ਭਰੇ ਹਨ। ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ, ਨੈਸ਼ਨਲ ਜਸਟਿਸ ਪਾਰਟੀ ਦੇ ਬਲਦੇਵ ਰਾਜ ਕਟਾਣਾ, ਜਲੰਧਰ ਰਿਜ਼ਰਵ ਲੋਕ ਸਭਾ ਹਲਕੇ ਤੋਂ ਚੌਧਰੀ ਸੰਤੋਖ ਸਿੰਘ, ਸੰਗਰੂਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਭਾਰਤੀ ਲੋਕ ਸੇਵਾ ਦਲ ਦੇ ਮਹਿੰਦਰ ਪਾਲ ਸਿੰਘ, ਬਠਿੰਡਾ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਸੇਵਕ ਸਿੰਘ ਜਵਾਹਰਕੇ, ਆਨੰਦਪੁਰ ਸਾਹਿਬ ਤੋਂ ਸੀ. ਪੀ. ਆਈ. ਦੇ ਰਘੁਨਾਥ ਸਿੰਘ, ਫਰੀਦਕੋਟ (ਐੱਸ. ਸੀ.) ਲਈ ਆਜ਼ਾਦ ਉਮੀਦਵਾਰ ਬਾਦਲ ਸਿੰਘ ਅਤੇ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਕਾਬਲ ਸਿੰਘ ਨੇ ਪਹਿਲੇ ਦਿਨ ਆਪਣੇ ਨਾਮਜ਼ਦਗੀ ਪੱਤਰ ਭਰੇ। ਨਾਮਜ਼ਦਗੀਆਂ 20 ਅਪ੍ਰੈਲ ਤੱਕ ਭਰੀਆਂ ਜਾ ਸਕਣਗੀਆਂ ਅਤੇ 30 ਨੂੰ ਇਨ੍ਹਾਂ ਦੀ ਜਾਂਚ ਹੋਵੇਗੀ। ਇਸ ਤੋਂ ਇਲਾਵਾ 2 ਮਈ ਤੱਕ ਆਪਣੇ ਨਾਂ ਵਾਪਸ ਲਏ ਜਾ ਸਕਣਗੇ। 


Babita

Content Editor

Related News