ਹੁਸ਼ਿਆਰਪੁਰ 'ਚ CM ਮਾਨ ਤੇ ਕੇਜਰੀਵਾਲ, 867 ਕਰੋੜ ਦੀਆਂ ਯੋਜਨਾਵਾਂ ਦੀ ਕੀਤੀ ਸ਼ੁਰੂਆਤ

Saturday, Nov 18, 2023 - 06:10 PM (IST)

ਹੁਸ਼ਿਆਰਪੁਰ 'ਚ CM ਮਾਨ ਤੇ ਕੇਜਰੀਵਾਲ, 867 ਕਰੋੜ ਦੀਆਂ ਯੋਜਨਾਵਾਂ ਦੀ ਕੀਤੀ ਸ਼ੁਰੂਆਤ

ਹੁਸ਼ਿਆਰਪੁਰ (ਵੈੱਬ ਡੈਸਕ, ਘੁੰਮਣ) : ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅੱਜ ਹੁਸ਼ਿਆਰਪੁਰ ਵਿਚ ਇਕ ਵਿਸ਼ਾਲ ‘ਵਿਕਾਸ ਕ੍ਰਾਂਤੀ ਰੈਲੀ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਨੀਵਾਰ ਦੋਆਬੇ 'ਚ ਕਰੀਬ 867 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ 'ਚੋਂ ਜਿੱਥੇ ਕਈ ਕੰਮਾਂ ਦੇ ਨੀਂਹ ਪੱਥਰ ਰੱਖੇ ਜਾ ਚੁੱਕੇ ਹਨ, ਉੱਥੇ ਕਈ ਮੁਕੰਮਲ ਹੋਏ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸਾਰੇ ਪ੍ਰਾਜੈਕਟਾਂ ਦਾ ਪੰਜਾਬ ਦੇ ਦੋਆਬਾ ਖੇਤਰ ਦੇ ਕਰੀਬ 10 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਲਾਭ ਹੋਵੇਗਾ।

ਇਹ ਵੀ ਪੜ੍ਹੋ: ਹੋਰਾਂ ਲਈ ਮਿਸਾਲ ਬਣਿਆ ਟਾਂਡਾ ਦਾ ਇਹ ਪਰਿਵਾਰ, ਧੀ ਜੰਮਣ 'ਤੇ ਵਿਆਹ ਵਰਗਾ ਮਾਹੌਲ, ਵਾਜਿਆਂ ਨਾਲ ਕੀਤਾ ਸੁਆਗਤ

ਇਸ ਮੌਕੇ ਭਗਵੰਤ ਮਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਅਸੀਂ ਕੋਈ ਸ਼ਕਤੀ ਪ੍ਰਦਰਸ਼ਨ ਜਾਂ ਫਿਰ ਨਿੰਦਿਆ ਕਰਨ ਲਈ ਇਥੇ ਨਹੀਂ ਆਏ ਹਾਂ ਸਗੋਂ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦੇਣ ਆਏ ਹਾਂ। ਅੱਜ ਅਸੀਂ ਇਹ ਦੱਸਣ ਆਏ ਹਾਂ ਕਿ ਪੌਣੇ ਦੋ ਸਾਲ ਹੋ ਗਏ ਹਨ, ਅੱਜ ਸਾਡੇ ਵਾਲੰਟੀਅਰ ਸੀਨਾ ਚੋੜਾ ਕਰਕੇ ਆਪਣੇ ਪਿੰਡਾਂ-ਮੁਹੱਲਿਆਂ ਵਿਚ ਜਾ ਰਹੇ ਹਨ ਅਤੇ ਵਿਕਾਸ ਕਾਰਜਾਂ ਦੇ ਕੰਮ ਕਰਵਾ ਰਹੇ ਹਨ। ਹਸਪਤਾਲਾਂ ਦੀ ਹਾਲਤ ਸੁਧਰ ਰਹੀ ਹੈ, ਸਕੂਲ ਬਣ ਰਹੇ ਹਨ।

PunjabKesari

ਭਗਵੰਤ ਮਾਨ ਨੇ ਕਿਹਾ ਕਿ 26 ਜਨਵਰੀ ਤੱਕ ਪੰਜਾਬ ਵਿਚ ਕੋਈ ਅਜਿਹਾ ਹਸਪਤਾਲ ਨਹੀਂ ਹੋਵੇਗਾ, ਜਿੱਥੇ ਕੋਈ ਐਕਸ-ਰੇ ਦੀ ਮਸ਼ੀਨ ਨਹੀਂ ਹੋਵੇਗੀ। 26 ਜਨਵਰੀ ਤੱਕ ਪੰਜਾਬ ਦੇ ਹਰ ਹਸਪਤਾਲ ਵਿਚ ਐਕਸ-ਰੇ ਦੀ ਮਸ਼ੀਨ ਲੱਗੀ ਹੋਵੇਗੀ ਅਤੇ ਮਹਿੰਗੀ ਦਵਾਈ ਵੀ ਮਰੀਜ਼ਾਂ ਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਪਵੇਗੀ। ਹਰ ਮਹਿੰਗੀ ਦਵਾਈ ਹਸਪਤਾਲ ਵਿਚ ਹੀ ਮਿਲਿਆ ਕਰੇਗੀ। ਤੁਹਾਡੇ ਟੈਕਸ ਦਾ ਪੈਸਾ ਤੁਹਾਡੇ 'ਤੇ ਹੀ ਲਗਾਇਆ ਜਾਵੇਗਾ। 

ਭਗਵੰਤ ਮਾਨ ਨੇ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦਾ ਕੀਤਾ ਦਾਅਵਾ 
ਉਥੇ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਾਂਗੇ। ਇਥੋਂ ਤੱਕ ਕਿ ਚੰਡੀਗੜ੍ਹ ਦੀ ਲੋਕ ਸਭਾ ਸੀਟ ਵੀ ਅਸੀਂ ਹੀ ਜਿੱਤਾਂਗੇ। ਇਸ ਮੌਕੇ ਭਾਜਪਾ ਦੀ ਮੋਦੀ ਸਰਕਾਰ 'ਤੇ ਵੀ ਖ਼ੂਬ ਰਗੜੇ ਲਾਏ ਗਏ। 

ਇਹ ਵੀ ਪੜ੍ਹੋ: ਸੁਖਬੀਰ ਬਾਦਲ 'ਤੇ CM ਮਾਨ ਦਾ ਤਿੱਖਾ ਹਮਲਾ, ਕਿਹਾ-ਕਰੋ ਮੇਰੇ 'ਤੇ ਕੇਸ, ਕੋਰਟ 'ਚ ਨਜਿੱਠਾਂਗਾ

PunjabKesari

ਇਸ ਦੌਰਾਨ 550 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਸਮੇਤ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਸ਼ਹੀਦ ਊਧਮ ਸਿੰਘ ਦੇ ਨਾਂ ਉਤੇ ਬਣਨ ਵਾਲੇ ਇਸ ਕਾਲਜ ਵਿੱਚ ਐੱਮ. ਬੀ. ਬੀ. ਐੱਸ. ਦੀਆਂ 100 ਸੀਟਾਂ ਹੋਣਗੀਆਂ ਅਤੇ ਇਸ ਲਈ ਕੌਮੀ ਮੈਡੀਕਲ ਕਮਿਸ਼ਨ ਯੂ. ਜੀ.-ਐੱਮ. ਐੱਸ. ਆਰ.-2023 ਤਹਿਤ 420 ਬਿਸਤਰਿਆਂ ਵਾਲਾ ਹਸਪਤਾਲ ਲੋੜੀਂਦਾ ਹੋਵੇਗਾ। ਦੋਵਾਂ ਮੁੱਖ ਮੰਤਰੀਆਂ ਨੇ ਪਿੰਡ ਖੁਰਾਲਗੜ੍ਹ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮੈਮੋਰੀਅਲ ਅਤੇ ਆਡੀਟੋਰੀਅਮ ਤੇ ਓਪਨ ਥੀਏਟਰ ਵੀ ਲੋਕਾਂ ਨੂੰ ਸਮਰਪਿਤ ਕੀਤਾ। ਦੋਵਾਂ ਮੁੱਖ ਮੰਤਰੀਆਂ ਨੇ ਕਿਹਾ ਕਿ 148 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਪ੍ਰਾਜੈਕਟ ਲੋਕਾਈ ਨੂੰ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ ਤੇ ਫਲਸਫ਼ੇ ਬਾਰੇ ਜਾਣੂੰ ਕਰਵਾਉਣ ਵਿੱਚ ਸਹਾਈ ਹੋਵੇਗਾ। ਇਸ ਦੌਰਾਨ ਦੋਵਾਂ ਆਗੂਆਂ ਨੇ 30.82 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਬਜਵਾੜਾ ਤੇ ਕਿਲਾ ਬੈਰੋਂ ਵਿੱਚ ਬਣਨ ਵਾਲੇ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਹੁਸ਼ਿਆਰਪੁਰ ਵਿੱਚ ਫ਼ਰਦ ਕੇਂਦਰ ਨਾਲ ਤਹਿਸੀਲ ਇਮਾਰਤ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ, ਜਿਸ ਉਤੇ 5.29 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਸ ਇਮਾਰਤ ਵਿੱਚ ਐੱਸ. ਡੀ. ਐੱਮ. ਦਫ਼ਤਰ, ਐੱਸ. ਡੀ. ਐੱਮ. ਅਦਾਲਤ, ਤਹਿਸੀਲ ਦਫ਼ਤਰ, ਤਹਿਸੀਲਦਾਰ ਅਦਾਲਤ, ਸਬ ਰਜਿਸਟਰੇਸ਼ਨ ਦਫ਼ਤਰ, ਕੰਟੀਨ, ਵੇਟਿੰਗ ਏਰੀਆ, ਮੀਟਿੰਗ ਰੂਮ, ਫ਼ਰਦ ਕੇਂਦਰ, ਰਿਕਾਰਡ ਰੂਮ ਅਤੇ ਹੋਰ ਸਹੂਲਤਾਂ ਹੋਣਗੀਆਂ। ਇਸੇ ਤਰ੍ਹਾਂ ਮੁਹੱਲਾ ਕੱਚਾ ਟੋਭਾ, ਨਿਊ ਸ਼ਾਂਤੀ ਨਗਰ, ਪ੍ਰੇਮਗੜ੍ਹ, ਨਿਊ ਬੈਂਕ ਕਾਲੋਨੀ ਅਤੇ ਬੂਥਗੜ੍ਹ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਲਈ 1.94 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਬਾਲਾਪੀਰ ਰੋਡ, ਟਾਂਡਾ ਰੋਡ ਤੋਂ ਮੁੱਖ ਸੜਕ ਬੇਗੋਵਾਲ ਦੇ ਨਿਰਮਾਣ ਅਤੇ ਬੇਗੋਵਾਲ ਸ਼ਹਿਰ ਵਿੱਚ ਨਾਲੇ ਦੇ ਦੋਵੇਂ ਪਾਸੇ ਇੰਟਰਲਾਕਿੰਗ ਟਾਇਲਾਂ ਲਾਉਣ ਦੇ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰੱਖਿਆ, ਜਿਸ ਉਤੇ 1.52 ਕਰੋੜ ਰੁਪਏ ਦੀ ਲਾਗਤ ਆਵੇਗੀ।

PunjabKesari

ਇਸੇ ਤਰ੍ਹਾਂ ਫਗਵਾੜਾ ਵਿੱਚ ਵੀ 14 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਗੜ੍ਹਸ਼ੰਕਰ ਵਿਖੇ 1.36 ਕਰੋੜ ਰੁਪਏ ਦੀ ਲਾਗਤ ਨਾਲ 100 ਫ਼ੀਸਦੀ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੋਵਾਂ ਮੁੱਖ ਮੰਤਰੀਆਂ ਨੇ 22.68 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਪੰਚਾਇਤੀ ਜ਼ਮੀਨਾਂ ਤੇ ਚਾਰ ਏਕੜ ਰਕਬੇ ਵਿੱਚ ਖੇਡ ਮੈਦਾਨਾਂ ਦੀ ਉਸਾਰੀ ਲਈ ਇਕ ਵੱਡੇ ਪ੍ਰਾਜੈਕਟ ਦੀ ਸ਼ੁਰੂਆਤ ਵੀ ਕੀਤੀ। ਹਥਿਆਰਬੰਦ ਸੈਨਾਵਾਂ ਦੇ ਭਰਤੀ ਇਮਤਿਹਾਨਾਂ ਲਈ ਲੜਕਿਆਂ ਅਤੇ ਲੜਕੀਆਂ ਦੀ ਸਿਖਲਾਈ ਲਈ 26.96 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਐਸ. ਬਹਾਦਰ ਅਮੀ ਚੰਦ ਸੋਨੀ ਇੰਸਟੀਚਿਊਟ ਦਾ ਉਦਘਾਟਨ ਵੀ ਕੀਤਾ ਤਾਂ ਜੋ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਦਾਖਲਾ ਲੈਣ ਦੀ ਸਹੂਲਤ ਦਿੱਤੀ ਜਾ ਸਕੇ। ਉਨ੍ਹਾਂ ਨੇ 5.75 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ 30 ਬਿਸਤਰਿਆਂ ਵਾਲੇ ਮਦਰ ਐਂਡ ਚਾਈਲਡ ਹਸਪਤਾਲ ਵਿੰਗ ਲਈ ਨਵੀਂ ਇਮਾਰਤ ਵੀ ਸਮਰਪਿਤ ਕੀਤੀ। ਦੋਵਾਂ ਮੁੱਖ ਮੰਤਰੀਆਂ ਨੇ ਗੜ੍ਹਸ਼ੰਕਰ ਵਿਖੇ 0.80 ਕਰੋੜ ਦੀ ਲਾਗਤ ਨਾਲ ਹਾਲ ਹੀ ਵਿੱਚ ਅੱਪਗ੍ਰੇਡ ਕੀਤਾ ਸਬ ਡਿਵੀਜ਼ਨ ਹਸਪਤਾਲ ਵੀ ਲੋਕਾਂ ਨੂੰ ਸਮਰਪਿਤ ਕੀਤਾ।

ਇਸੇ ਤਰ੍ਹਾਂ ਮਾਹਿਲਪੁਰ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਨੂੰ ਵੀ ਦੋਵਾਂ ਮੁੱਖ ਮੰਤਰੀਆਂ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ 0.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਦੋਵਾਂ ਆਗੂਆਂ ਨੇ ਹਰਿਆਣਾ ਨਗਰ ਕੌਂਸਲ ਲਈ 3.14 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਦੀ ਸਹੂਲਤ ਦੇਣ ਦਾ ਵੀ ਐਲਾਨ ਕੀਤਾ।
ਦੋਵਾਂ ਮੁੱਖ ਮੰਤਰੀਆਂ ਨੇ 500 ਵਿਅਕਤੀਆਂ ਦੀ ਸਮਰੱਥਾ ਵਾਲਾ ਮਲਟੀਪਰਪਜ਼ ਹਾਲ ਵੀ ਦਸੂਹਾ ਦੇ ਲੋਕਾਂ ਨੂੰ ਸਮਰਪਿਤ ਕੀਤਾ, ਜਿੱਥੇ ਲੋਕ ਮਾਮੂਲੀ ਕੀਮਤ ਉਤੇ ਵਿਆਹ, ਸਮਾਗਮ, ਇਕੱਠ, ਮੀਟਿੰਗਾਂ ਅਤੇ ਹੋਰ ਕੰਮ ਕਰ ਸਕਣਗੇ। ਇਹ ਪ੍ਰਾਜੈਕਟ 1.42 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲ ਸਪਲਾਈ ਸਕੀਮ ਲਈ 100 ਕਰੋੜ ਰੁਪਏ ਦੀ ਲਾਗਤ ਆਈ ਹੈ। ਕਾਲੋਵਾਲ ਅਤੇ ਮੀਰਪੁਰ ਕੋਟਲੀ ਦੇ ਲੋਕਾਂ ਨੂੰ 1.59 ਕਰੋੜ ਰੁਪਏ ਦੀ ਲਾਗਤ ਵਾਲੇ ਟਿਊਬਵੈੱਲ, ਸਿਵਲ ਵਰਕ ਅਤੇ ਓਐਚਐਸਆਰ ਪ੍ਰਾਜੈਕਟ ਤੋਹਫੇ ਵਜੋਂ ਦਿੱਤੇ ਗਏ ਹਨ। ਟਾਹਲੀ ਅਤੇ ਬਘੌਰਾ (ਚੱਬੇਵਾਲ) ਦੇ ਲੋਕਾਂ ਨੂੰ ਕ੍ਰਮਵਾਰ 0.15 ਕਰੋੜ ਅਤੇ 0.20 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦੀ ਤੋਹਫ਼ਾ ਦਿੱਤਾ ਗਿਆ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਨੂੰ ਲੈ ਕੇ CM ਮਾਨ ਦਾ ਵੱਡਾ ਦਾਅਵਾ, ਪੰਜਾਬ ਦੀਆਂ 13 ਸੀਟਾਂ ਜਿੱਤੇਗੀ 'ਆਪ'

PunjabKesari

ਲੋਕਾਂ ਨੂੰ ਪੀਣ ਯੋਗ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੋਵਾਂ ਮੁੱਖ ਮੰਤਰੀਆਂ ਨੇ ਮੁਕੇਰੀਆਂ ਦੇ ਸੀਬੋ ਚੈਕ, ਭੋਜਪੁਰ, ਅਬਦੁੱਲਾਪੁਰ ਅਤੇ ਕਾਲੂ ਚਾਂਗ ਪਿੰਡਾਂ ਦੇ ਵਸਨੀਕਾਂ ਨੂੰ 1.85 ਕਰੋੜ ਰੁਪਏ ਦੀ ਲਾਗਤ ਨਾਲ ਟਿਊਬਵੈੱਲ, ਸਿਵਲ ਵਰਕ ਅਤੇ ਓ. ਐੱਚ. ਐੱਸ. ਆਰ. ਸਮੇਤ ਜਲ ਸਪਲਾਈ ਸਕੀਮ ਦਾ ਤੋਹਫ਼ਾ ਵੀ ਦਿੱਤਾ। ਉਨ੍ਹਾਂ ਨੇ ਢਿਲਵਾਂ ਸ਼ਹਿਰ ਵਿੱਚ 1.53 ਕਰੋੜ ਰੁਪਏ ਅਤੇ ਨਡਾਲਾ ਸ਼ਹਿਰ ਵਿੱਚ 1.18 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਅਤੇ ਐਨ.ਪੀ. ਭੁਲੱਥ ਵਿੱਚ ਨਵੇਂ ਬਣੇ ਕਲਸਟਰ ਫਾਇਰ ਬ੍ਰਿਗੇਡ ਦਫ਼ਤਰ ਦਾ ਉਦਘਾਟਨ ਕੀਤਾ। ਜੋ ਕਿ 0.45 ਕਰੋੜ ਰੁਪਏ ਦੀ ਲਾਗਤ ਨਾਲ ਹੋਰ ਗੁਆਂਢੀ ਯੂ.ਐਲ.ਬੀਜ਼ ਨਡਾਲਾ, ਢਿੱਲਵਾਂ ਅਤੇ ਬੇਗੋਵਾਲ ਨੂੰ ਅਤੇ ਇਕ ਕਰੋੜ ਰੁਪਏ ਦੀ ਲਾਗਤ ਨਾਲ ਨਡਾਲਾ, ਢਿੱਲਵਾਂ, ਭੁਲੱਥ ਅਤੇ ਬੇਗੋਵਾਲ ਦੇ ਆਮ ਆਦਮੀ ਕਲੀਨਿਕਾਂ ਨੂੰ ਜੋੜੇਗਾ। ਦੋਵਾਂ ਮੁੱਖ ਮੰਤਰੀਆਂ ਨੇ ਹੁਸ਼ਿਆਰਪੁਰ ਦੇ ਲਾਜਵੰਤੀ ਆਊਟਡੋਰ ਸਟੇਡੀਅਮ ਵਿੱਚ ਅੱਠ ਲੇਨ ਅਥਲੈਟਿਕਸ ਸਿੰਥੈਟਿਕ ਟਰੈਕ ਅਤੇ ਸਰਕਾਰੀ ਕਾਲਜ, ਟਾਂਡਾ ਵਿੱਚ ਛੇ-ਛੇ ਕਰੋੜ ਰੁਪਏ ਦੀ ਲਾਗਤ ਨਾਲ ਅੱਠ ਲੇਨ ਅਥਲੈਟਿਕਸ ਸਿੰਥੈਟਿਕ ਟਰੈਕ ਬਣਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ। ਉਨ੍ਹਾਂ ਹੁਸ਼ਿਆਰਪੁਰ ਵਿੱਚ 6.77 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਹਸਪਤਾਲ ਦੀ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਵੀ ਐਲਾਨ ਕੀਤਾ। ਇਸੇ ਤਰ੍ਹਾਂ ਉਨ੍ਹਾਂ ਕਮਿਊਨਿਟੀ ਹੈਲਥ ਸੈਂਟਰ ਗੜ੍ਹਦੀਵਾਲਾ ਨੂੰ 8.05 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਨ, ਸੀ. ਐੱਚ. ਸੀ. ਟਾਂਡਾ ਨੂੰ 2.40 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਨ ਅਤੇ ਸੀ. ਐੱਚ. ਸੀ. ਬੁੱਢਾਬਾਦ ਨੂੰ 2.26 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ।

ਦੋਵਾਂ ਮੁੱਖ ਮੰਤਰੀਆਂ ਨੇ ਇਹ ਵੀ ਕਿਹਾ ਕਿ ਟਾਂਡਾ ਵਿਖੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਐੱਸ. ਡੀ. ਐੱਮ. ਦਫ਼ਤਰ ਅਤੇ ਅਦਾਲਤ, ਤਹਿਸੀਲਦਾਰ ਦਫ਼ਤਰ ਅਤੇ ਕਚਹਿਰੀ, ਵੇਟਿੰਗ ਏਰੀਆ, ਮੀਟਿੰਗ ਹਾਲ, ਫ਼ਰਦ ਕੇਂਦਰ, ਰਿਕਾਰਡ ਰੂਮ ਅਤੇ ਹੋਰ ਸਹੂਲਤਾਂ ਨਾਲ ਨਵੀਂ ਤਹਿਸੀਲ ਦੀ ਇਮਾਰਤ ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖਰਖਾਣ, ਪਿੱਪਲਵਾਲਾ, ਬੂਥਗੜ੍ਹ, ਨਾਰੀ, ਸਿੰਘਪੁਰ, ਭਾਮ, ਢੱਡੇ ਕਟਵਾਲ, ਹਰਸਾ ਮਾਨਸਰ, ਅੰਬਾਲਾ ਜੱਟਾਂ, ਕੋਈ, ਝੱਜ, ਕੁਰਾਲਾ ਕਲਾਂ, ਤਲਵੰਡੀ ਡੱਡੀਆਂ, ਬਾਬਕ, ਭੰਬੋਤਰ, ਚਮੂਹੀ, ਸਾਠਵਾਂ, ਸੰਸਾਰਪੁਰ, ਸਫਦਰਪੁਰ, ਤਲਵਾੜਾ ਸਿਟੀ, ਰਾਮਗੜ੍ਹ ਸੀਕਰੀ, ਦਾਰਾਪੁਰ, ਬਹੇੜਾ, ਮਸਤਪੁਰ, ਮਿਰਜ਼ਾਪੁਰ ਖਡਿਆਲਾ, ਭਾਗੋਵਾਲ ਅਤੇ  ਮਾਹਿਲਪੁਰ ਵਿਖੇ 6.96 ਕਰੋੜ ਦੀ ਲਾਗਤ ਨਾਲ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ-1, ਭੂੰਗਾ, ਟਾਂਡਾ, ਦਸੂਹਾ ਅਤੇ ਸ੍ਰੀ ਹਰਗੋਬਿੰਦਪੁਰ ਬਲਾਕਾਂ ਵਿਖੇ ਨਵੀਆਂ ਲਾਇਬ੍ਰੇਰੀਆਂ ਖੋਲ੍ਹਣ ਉਤੇ 2.56 ਕਰੋੜ ਰੁਪਏ ਖ਼ਰਚੇ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News