ਨਿਹੰਗਾ ਦੇ ਪਹਿਰਾਵੇ ’ਚ 8 ਨੌਜਵਾਨਾਂ ਨੇ ਟਰੇਨ ’ਚ ਕੁੱਟਮਾਰ ਕਰ ਕੇ ਕੀਤੀ ਲੁੱਟ-ਖੋਹ
Monday, Aug 30, 2021 - 01:36 PM (IST)
ਲੁਧਿਆਣਾ (ਜ.ਬ.) : ਜੰਮੂ ਤੋਂ ਪ੍ਰਯਾਗਰਾਜ ਜਾ ਰਹੀ ਟਰੇਨ ਵਿਚ ਨਿਹੰਗਾਂ ਦੇ ਪਹਿਰਾਵੇ ’ਚ ਸਵਾਰ ਹੋਏ 8 ਨੌਜਵਾਨਾਂ ਨੇ ਯਾਤਰੀਆਂ ਨਾਲ ਕੁੱਟ-ਮਾਰ ਕਰ ਕੇ ਲੁੱਟ-ਖੋਹ ਕੀਤੀ। ਇਸ ਦੌਰਾਨ ਯਾਤਰੀਆਂ ਨੇ ਰੌਲਾ ਪਾਇਆ ਅਤੇ ਲੁਟੇਰਿਆਂ ਦਾ ਸਾਹਮਣਾ ਕੀਤਾ ਤਾਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਪਰ ਯਾਤਰੀਆਂ ਨੇ ਇਕ ਨੌਜਵਾਨ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਇਕ ਯਾਤਰੀ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਚੱਲਦੀ ਟਰੇਨ ’ਚ ਹੋਈ ਲੁੱਟ ਦੀ ਇਸ ਵਾਰਦਾਤ ਨੇ ਕੁਝ ਦਿਨ ਪਹਿਲਾਂ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੀਤੀ ਗਈ ਮਾਕਡ੍ਰਿਲ ਅਤੇ ਵਿਆਪਕ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਕਿਉਂਕਿ ਸਾਰੇ ਲੁਟੇਰੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੜ੍ਹੇ ਸਨ। ਜਾਂਚ ਦੌਰਾਨ ਪੁਲਸ ਨੇ ਟਰੇਨ ਵਿਚ ਸਵਾਰ ਹੁੰਦੇ ਇਨ੍ਹਾਂ ਨੌਜਵਾਨਾਂ ਦੀ ਸੀ. ਸੀ. ਟੀ. ਵੀ. ਫੁਟੇਜ ਬਰਾਮਦ ਕਰ ਲਈ ਹੈ। ਥਾਣਾ ਸਰਹਿੰਦ ਜੀ. ਆਰ. ਪੀ. ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਇਕ ਮੁਲਜ਼ਮ ਦੀ ਪਛਾਣ ਅਮਨਦੀਪ ਸਿੰਘ ਦੇ ਰੂਪ ਵਿਚ ਕੀਤੀ ਹੈ। ਇੰਸ. ਸੁਧੀਰ ਮਲਿਕ ਨੇ ਦੱਸਿਆ ਕਿ ਮੁਲਜ਼ਮ ਨੂੰ ਸੋਮਵਾਰ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਦੇਰ ਰਾਤ ਨੂੰ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦਾ ਦਾਅਵਾ ਹੈ ਕਿ ਫੜੇ ਗਏ ਮੁਲਜ਼ਮਾਂ ਤੋਂ ਹੋਰ ਵਾਰਦਾਤਾਂ ਨੂੰ ਲੈ ਕੇ ਵੀ ਖੁਲਾਸਾ ਹੋ ਸਕਦਾ ਹੈ। ਮੁਲਜ਼ਮਾਂ ਦੇ ਹੋਰ ਅਪਰਾਧਿਕ ਰਿਕਾਰਡ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਹੱਦ ਪਾਰ : ਨਿਕਾਹ ਦੇ 13 ਦਿਨ ਬਾਅਦ ਹੀ ਗੋਲ਼ੀ ਮਾਰ ਕੇ ਕਤਲ ਕੀਤੀ ਲਾੜੀ
ਜੰਮੂ ਤੋਂ ਪ੍ਰਯਾਗਰਾਜ ਜਾਣ ਵਾਲੀ ਹਫਤਾਵਰੀ ਸਪੈਸ਼ਲ ਟਰੇਨ ਸ਼ਨੀਵਾਰ ਨੂੰ 12 ਵਜੇ 3 ਨੰ. ਪਲੇਟਫਾਰਮ ’ਤੇ ਪੁੱਜੀ ਅਤੇ 10 ਮਿੰਟ ਦੇ ਠਹਿਰਾਅ ਤੋਂ ਬਾਅਦ ਰਵਾਨਾ ਹੋ ਗਈ। ਇਸ ਦੌਰਾਨ 4 ਨੌਜਵਾਨ ਇਕ ਸਲੀਪਰ ਕੋਚ ’ਚ ਸਵਾਰ ਹੋਏ, ਜਿਨ੍ਹਾਂ ਦੇ ਹੱਥਾਂ ਵਿਚ ਤਲਵਾਰਾਂ ਸਨ ਅਤੇ ਉਹ ਨਿਹੰਗਾਂ ਦੇ ਪਹਿਰਾਵੇ ਵਿਚ ਸਨ। ਦੋਰਾਹਾ ਨੇੜੇ ਟਰੇਨ ਵਿਚ ਪੁੱਜਦੇ ਹੀ ਉਨ੍ਹਾਂ ਨੇ ਯਾਤਰੀਆਂ ਨੂੰ ਧਮਕਾ ਕੇ ਸਾਮਾਨ ਖੋਹਣਾ ਸ਼ੁਰੂ ਕਰ ਦਿੱਤਾ। ਇਕ ਯਾਤਰੀ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਜਤਾਇਆ ਤਾਂ ਉਨ੍ਹਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਹੋਰ ਯਾਤਰੀ ਭੜਕ ਉੱਠੇ ਅਤੇ ਉਨ੍ਹਾਂ ਨੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਲੁਟੇਰੇ ਭੱਜ ਨਿਕਲੇ ਪਰ ਇਕ ਨੌਜਵਾਨ ਯਾਤਰੀਆਂ ਦੇ ਹੱਥੇ ਚੜ੍ਹ ਗਿਆ। ਜਾਂਚ ਦੌਰਾਨ ਪੁਲਸ ਨੂੰ ਬਰਾਮਦ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਿਚ ਪਤਾ ਲੱਗਾ ਹੈ ਕਿ ਚਾਰ ਨੌਜਵਾਨ ਨਿਹੰਗਾਂ ਦੇ ਪਹਿਰਾਵੇ ਵਿਚ ਮੇਨ ਪਾਰਕਿੰਗ ਵਾਲੀ ਸਾਈਡ ਤੋਂ ਦਾਖਲ ਹੋਏ ਸਨ।
ਬਿਨਾਂ ਗਾਰਦ ਦੇ ਜਾ ਰਹੀ ਸੀ ਟਰੇਨ
ਸੂਤਰਾਂ ਅਨੁਸਾਰ ਇਸ ਹਫਤਾਵਰੀ ਟਰੇਨ ਵਿਚ ਗਾਰਦ ਦੀ ਡਿਊਟੀ ਨਹੀਂ ਹੁੰਦੀ ਅਤੇ ਇਸ ਵਾਰ ਵੀ ਕੋਈ ਸੁਰੱਖਿਆ ਕਰਮਚਾਰੀ ਨਹੀਂ ਸੀ। ਆਏ ਦਿਨ ਇਸ ਟਰੇਨ ਵਿਚ ਕੋਈ ਨਾ ਕੋਈ ਵਾਰਦਾਤ ਹੁੰਦੀ ਰਹਿੰਦੀ ਹੈ। ਗਾਰਦ ਨਾ ਹੋਣ ਕਾਰਨ ਸਨੈਚਰਾਂ ਲਈ ਇਹ ਸਾਫਟ ਟਾਰਗੇਟ ਵਾਲੀ ਟਰੇਨ ਸਾਬਿਤ ਹੋ ਰਹੀ ਹੈ। ਜੋ ਕਿ ਵਿਭਾਗ ਦੀ ਵੱਡੀ ਲਾਪ੍ਰਵਾਹੀ ਹੈ।
ਇਹ ਵੀ ਪੜ੍ਹੋ : ਖ਼ਾਲਿਸਤਾਨ ਟਾਈਗਰ ਫੋਰਸ ਦੇ ਅਰਸ਼ਦੀਪ ਡਾਲਾ ਦਾ ਭਰਾ ਦਿੱਲੀ ਹਵਾਈਅੱਡੇ ਤੋਂ ਕਾਬੂ, ਸਰਹੱਦ ਪਾਰੋਂ ਮੰਗਵਾਏ ਸਨ ਹਥਿਆਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ