ਬਜਰੀ ਨਾਲ ਭਰੇ 8 ਟਰੱਕ ਫੜੇ
Saturday, Mar 24, 2018 - 02:10 AM (IST)

ਗੁਰਦਾਸਪੁਰ, (ਵਿਨੋਦ)- ਬੀਤੀ ਦੇਰ ਰਾਤ ਜ਼ਿਲਾ ਪ੍ਰਸ਼ਾਸਨ ਨੇ ਪੁਲਸ, ਆਬਕਾਰੀ ਵਿਭਾਗ ਅਤੇ ਮਾਈਨਿੰਗ ਵਿਭਾਗ ਦੇ ਨਾਲ ਮਿਲ ਕੇ ਜ਼ਿਲਾ ਗੁਰਦਾਸਪੁਰ ਵਿਚ ਹੋ ਰਹੀ ਮਾਈਨਿੰਗ ਅਤੇ ਜੰਮੂ-ਕਸ਼ਮੀਰ ਤੋਂ ਆ ਰਹੀ ਰੇਤ, ਬਜਰੀ ਸਬੰਧੀ ਜਾਂਚ ਪੜਤਾਲ ਕਰਨ ਲਈ ਦੀਨਾਨਗਰ ਇਲਾਕੇ ਵਿਚ ਮੁੱਖ ਸੜਕ 'ਤੇ ਨਾਕਾ ਲਾ ਕੇ 8 ਟਰੱਕਾਂ ਨੂੰ ਫੜਿਆ ਪਰ ਇਹ ਮਾਮਲਾ ਮਾਈਨਿੰਗ ਦੀ ਬਿਜਾਏ ਸਿਰਫ ਜੀ.ਐੱਸ.ਟੀ. ਚੋਰੀ ਅਤੇ ਓਵਰਲੋਡਿੰਗ ਦਾ ਨਿਕਲਿਆ ਜਿਸ ਅਧੀਨ ਰੇਤ ਨਾਲ ਭਰੇ ਟਰੱਕਾਂ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਿਜੇ ਸਿਆਲ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੁਝ ਟਰੱਕ ਚਾਲਕ ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਹਨ ਅਤੇ ਰਾਤ ਨੂੰ ਨਾਜਾਇਜ਼ ਮਾਈਨਿੰਗ ਕਰਦੇ ਹਨ, ਬੀਤੀ ਰਾਤ ਵੀ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਾਰਾਗੜ੍ਹ ਰਸਤੇ 8 ਟਰੱਕ ਰੇਤ ਲੈ ਕੇ ਜ਼ਿਲਾ ਗੁਰਦਾਸਪੁਰ ਦੀ ਹੱਦ ਤੋਂ ਨਿਕਲਣ ਵਾਲੇ ਹਨ ਜਿਸ ਅਧੀਨ ਅਸੀਂ ਆਬਕਾਰੀ ਵਿਭਾਗ, ਮਾਈਨਿੰਗ ਅਤੇ ਪੁਲਸ ਦੀ ਮਦਦ ਨਾਲ ਨਾਕਾ ਲਾ ਕੇ ਜੰਮੂ-ਕਸ਼ਮੀਰ ਰਾਜ ਤੋਂ ਰੇਤ, ਬਜਰੀ ਲੈ ਕੇ ਆ ਰਹੇ 8 ਟਰੱਕਾਂ ਨੂੰ ਕਬਜ਼ੇ ਵਿਚ ਲਿਆ।
ਵਧੀਕ ਜ਼ਿਲਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਟਰੱਕਾਂ ਦੀ ਜਾਂਚ-ਪੜਤਾਲ ਕਰਨ 'ਤੇ ਪਤਾ ਲੱਗਾ ਕਿ ਇਹ ਸਾਰੇ ਟਰੱਕ ਜੰਮੂ-ਕਸ਼ਮੀਰ ਤੋਂ ਰੇਤ ਤੇ ਬਜਰੀ ਉਥੇ ਲੱਗੇ ਕ੍ਰੱਸ਼ਰਾਂ ਤੋਂ ਲੈ ਕੇ ਆਏ ਹਨ। ਇਨ੍ਹਾਂ ਟਰੱਕਾਂ ਦੇ ਕੋਲ ਜੋ ਕਾਗਜ਼ ਸੀ, ਉਨ੍ਹਾਂ ਦੀ ਜਾਂਚ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਮਾਮਲਾ ਮਾਈਨਿੰਗ ਦਾ ਨਹੀਂ ਲੱਗਦਾ, ਬਲਕਿ ਜੀ.ਐੱਸ.ਟੀ. ਚੋਰੀ ਅਤੇ ਓਵਰਲੋਡਿੰਗ ਦਾ ਹੈ ਜਿਸ ਅਧੀਨ ਅਸੀਂ ਸਾਰੇ ਟਰੱਕਾਂ ਨੂੰ ਫੜ ਕੇ ਦੀਨਾਨਗਰ ਪੁਲਸ ਦੇ ਹਵਾਲੇ ਕਰ ਦਿੱਤਾ।
ਕੀ ਕਹਿੰਦੇ ਹਨ ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ?
ਇਸ ਮਾਮਲੇ ਸਬੰਧੀ ਜਦ ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਟਰੱਕਾਂ ਨੂੰ ਅਧਿਕਾਰੀਆਂ ਦੇ ਆਦੇਸ਼ 'ਤੇ ਕਬਜ਼ੇ ਵਿਚ ਲਿਆ ਗਿਆ ਹੈ। ਹੁਣ ਤਕ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਨ੍ਹਾਂ ਟਰੱਕਾਂ ਵਿਚੋਂ ਕੁਝ ਦੇ ਕੋਲ ਜੋ ਬਿੱਲ ਹਨ ਉਹ ਬਹੁਤ ਘੱਟ ਵਜ਼ਨ ਦੇ ਹਨ ਅਤੇ ਮਾਲ ਬਹੁਤ ਜ਼ਿਆਦਾ ਹੈ ਜਿਸ ਅਧੀਨ ਕ੍ਰੱਸ਼ਰ ਮਾਲਕ ਤੇ ਟਰੱਕ ਚਾਲਕ ਜੀ.ਐÎੱਸ.ਟੀ. ਦੀ ਚੋਰੀ ਕਰ ਰਹੇ ਹਨ। ਕੁਝ ਟਰੱਕਾਂ ਕੋਲੋਂ ਕੋਈ ਵੀ ਕਾਗਜ਼ ਨਹੀਂ ਮਿਲਿਆ ਅਤੇ ਸਾਰੇ ਟਰੱਕਾਂ ਵਿਚ ਨਿਰਧਾਰਿਤ ਮਾਤਰਾ ਤੋਂ ਬਹੁਤ ਜ਼ਿਆਦਾ ਰੇਤ, ਬਜਰੀ ਭਰੀ ਪਾਈ ਗਈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਟਰੱਕਾਂ ਦੇ ਚਾਲਾਨ ਕੱਟੇ ਗਏ ਹਨ ਅਤੇ ਜੀ.ਐੱਸ.ਟੀ. ਸਬੰਧੀ ਤਾਂ ਆਬਕਾਰੀ ਵਿਭਾਗ ਜੁਰਮਾਨਾ ਰਾਸ਼ੀ ਤੈਅ ਕਰੇਗਾ ਜਦਕਿ ਓਵਰਲੋਡਿੰਗ ਸਬੰਧੀ ਟਰਾਂਸਪੋਰਟ ਵਿਭਾਗ ਜੁਰਮਾਨਾ ਰਾਸ਼ੀ ਤੈਅ ਕਰੇਗਾ, ਜਦ ਤੱਕ ਇਹ ਟਰੱਕ ਚਾਲਕ ਜੁਰਮਾਨਾ ਅਦਾ ਨਹੀਂ ਕਰਦੇ, ਉਦੋਂ ਤੱਕ ਇਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਨਾਜਾਇਜ਼ ਮਾਈਨਿੰਗ ਦਾ ਹੈ ਜਾਂ ਨਹੀਂ ਇਹ ਮਾਈਨਿੰਗ ਵਿਭਾਗ ਤੈਅ ਕਰੇਗਾ।