ਰੂਪਨਗਰ ਜ਼ਿਲ੍ਹੇ ''ਚ 8 ਹੋਰ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
Monday, Jul 27, 2020 - 12:53 AM (IST)
ਰੂਪਨਗਰ, (ਕੈਲਾਸ਼)- ਜ਼ਿਲਾ ਰੂਪਨਗਰ ’ਚ ਅੱਜ 8 ਨਵੇਂ ਮਾਮਲੇ ਪਾਜ਼ੇਟਿਵ ਮਰੀਜ਼ਾਂ ਦੇ ਆਏ ਹਨ ਜਿਸ ਨਾਲ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 47 ਤੱਕ ਪਹੁੰਚ ਗਈ ਹੈ। ਜਾਣਕਾਰੀ ਦਿੰਦੇ ਜ਼ਿਲਾ ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਨੇ ਦੱਸਿਆ ਕਿ ਜੋ 8 ਨਵੇਂ ਮਾਮਲੇ ਆਏ ਹਨ ਉਨ੍ਹਾਂ ’ਚ ਇਕ 46 ਸਾਲਾ ਵਿਅਕਤੀ ਜ਼ਿਲਾ ਜੇਲ ਤੋਂ, 22 ਸਾਲਾ ਲਡ਼ਕਾ ਬੱਸੀ ਗੁਜਰਾਂ ਤੋਂ, 32 ਸਾਲਾ ਵਿਅਕਤੀ, 21 ਸਾਲ ਦੀ ਲਡ਼ਕੀ ਮੋਰਿੰਡਾ ਤੋਂ, ਇਕ ਸਾਲਾ ਲਡ਼ਕੀ ਮੋਰਿੰਡਾ ਤੋਂ, 7 ਸਾਲ ਦਾ ਲਡ਼ਕਾ ਰੂਪਨਗਰ ਤੋਂ, 51 ਸਾਲ ਦਾ ਆਦਮੀ ਚੈਡ਼ੀਆਂ ਤੋਂ ਅਤੇ 42 ਸਾਲਾ ਵਿਅਕਤੀ ਖਾਬਡਾ ਤੋਂ ਸਾਹਮਣੇ ਆਏ ਹਨ।
ਚੈਡ਼ੀਆਂ ਅਤੇ ਖਾਬਡ਼ਾ ਦੇ ਸੰਕਰਮਿਤ ਵਿਅਕਤੀਆਂ ਦੇ ਸੈਂਪਲ ਪੀ.ਜੀ.ਆਈ. ਚੰਡੀਗਡ਼੍ਹ ’ਚ ਲਏ ਗਏ ਸਨ ਜਦਕਿ ਉਹ ਪਹਿਲਾਂ ਹੀ ਦੂਜੇ ਰੋਗਾਂ ਕਾਰਣ ਪੀ.ਜੀ.ਆਈ. ’ਚ ਜ਼ੇਰੇ ਇਲਾਜ਼ ਹਨ। ਉਨ੍ਹਾਂ ਦੱਸਿਆ ਕਿ ਅੱਜ ਤੱਕ ਕੁੱਲ ਸੈਂਪਲ 19876 ਲਏ ਗਏ ਹਨ ਜਿਨ੍ਹਾਂ ’ਚੋਂ 19,385 ਸੈਂਪਲ ਨੈਗੇਟਿਵ ਆਏ ਹਨ ਅਤੇ 292 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਅਤੇ ਹੁਣ ਜ਼ਿਲੇ ’ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ ਐਤਵਾਰ ਦੇ 8 ਕੇਸਾਂ ਸਮੇਤ 217 ਹੋ ਚੁੱਕੀ ਹੈ ਜਿਨ੍ਹਾਂ ’ਚੋਂ ਅਜੇ ਤੱਕ 166 ਲੋਕ ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜ਼ਿਲੇ ’ਚ 4 ਕੋਰੋਨਾ ਸੰਕਰਮਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।