ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ਰਾਜਾ ਵੜਿੰਗ ਨੇ ਖੇਮਕਰਨ ਤੋਂ ਤਿਰੰਗਾ ਯਾਤਰਾ ਕੀਤੀ ਸ਼ੁਰੂ

Tuesday, Aug 09, 2022 - 07:12 PM (IST)

ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ਰਾਜਾ ਵੜਿੰਗ ਨੇ ਖੇਮਕਰਨ ਤੋਂ ਤਿਰੰਗਾ ਯਾਤਰਾ ਕੀਤੀ ਸ਼ੁਰੂ

ਖੇਮਕਰਨ (ਤਰਨਤਾਰਨ) (ਬਿਊਰੋ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ਇਥੋਂ 5 ਰੋਜ਼ਾ ‘ਤਿਰੰਗਾ ਯਾਤਰਾ’ ਸ਼ੁਰੂ ਕੀਤੀ। ਸਮਾਗਮ ਦਾ ਆਯੋਜਨ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕੀਤਾ ਸੀ। ਪੰਜਾਬ ਕਾਂਗਰਸ ਅੱਜ ਤੋਂ 14 ਅਗਸਤ ਤੱਕ ਚੱਲਣ ਵਾਲੀ ਪੰਜ ਰੋਜ਼ਾ ਯਾਤਰਾ ਦੌਰਾਨ ਤਕਰੀਬਨ 2000 ਕਿਲੋਮੀਟਰ ਦਾ ਦਾਇਰਾ ਤੈਅ ਘੇਰੇਗੀ। ਇਸ ਲਈ ਅੱਜ ਤੋਂ ਸ਼ੁਰੂ ਹੋ ਕੇ ਸਾਰੇ ਸੀਨੀਅਰ ਆਗੂਆਂ ਨੂੰ 5 ਦਿਨਾਂ ਦੌਰਾਨ 75-75 ਕਿਲੋਮੀਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਤਫ਼ਾਕ ਨਾਲ ਅੱਜ ਅਗਸਤ ਕ੍ਰਾਂਤੀ ਦਿਵਸ ਵੀ ਹੈ, ਜਦੋਂ 1942 ’ਚ ਅੱਜ ਦੇ ਦਿਨ ਕਾਂਗਰਸ ਨੇ ‘ਭਾਰਤ ਛੱਡੋ ਅੰਦੋਲਨ’ ਸ਼ੁਰੂ ਕੀਤਾ ਸੀ, ਜਿਸ ਤੋਂ 5 ਸਾਲ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਤਿਰੰਗਾ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਵੜਿੰਗ ਨੇ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਵਿਖੇ ਮੱਥਾ ਟੇਕਿਆ। ਉਨ੍ਹਾਂ ਸੂਬੇ ਅਤੇ ਦੇਸ਼ ਦੀ ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕਰਨ ਤੋਂ ਬਾਅਦ ਹਜ਼ਾਰਾਂ ਕਾਂਗਰਸੀ ਵਰਕਰਾਂ ਸਮੇਤ ਵੱਖ-ਵੱਖ ਥਾਵਾਂ ’ਤੇ ਤਿਰੰਗਾ ਝੰਡਾ ਲਹਿਰਾ ਕੇ ਯਾਤਰਾ ਦੀ ਸ਼ੁਰੂਆਤ ਕੀਤੀ।

PunjabKesari

ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਬਿਜਲੀ ਰੈਗੂਲੇਟਰੀ ਬਿੱਲ ਨੂੰ ਲੈ ਕੇ ਕੇਂਦਰ ’ਤੇ ਵਿੰਨ੍ਹੇ ਨਿਸ਼ਾਨੇ, ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ

ਇਸ ਉਪਰੰਤ ਉਨ੍ਹਾਂ ਗੁਰਦੁਆਰਾ ਬਾਬਾ ਬਕਾਲਾ ਜੀ ਵਿਖੇ ਮੱਥਾ ਟੇਕਿਆ। ਪੰਜਾਬ ਕਾਂਗਰਸ ਪ੍ਰਧਾਨ ਇਸ ਪੰਜ ਰੋਜ਼ਾ ਤਿਰੰਗਾ ਯਾਤਰਾ ਦੌਰਾਨ 75 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ। ਪਾਰਟੀ ਦੇ ਹੋਰ ਆਗੂ ਵੀ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ’ਚ ਇਸੇ ਤਰ੍ਹਾਂ ਦੀਆਂ ਯਾਤਰਾਵਾਂ ਕਰਨਗੇ। ਇਸ ਤਰ੍ਹਾਂ 5 ਦਿਨਾਂ ਦੌਰਾਨ ਕਾਂਗਰਸੀ ਆਗੂ ਤੇ ਵਰਕਰ ਤਕਰੀਬਨ 2000 ਕਿਲੋਮੀਟਰ ਦੀ ਤਿਰੰਗਾ ਯਾਤਰਾ ਨੂੰ ਕਵਰ ਕਰਨਗੇ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਾਂ ਦੇਸ਼ ਦੀਆਂ ਹੋਰ ਸਿਆਸੀ ਪਾਰਟੀਆਂ ਦੇ ਮੁਕਾਬਲੇ ਕਾਂਗਰਸ ਪਾਰਟੀ ਦਾ ਰਾਸ਼ਟਰੀ ਤਿਰੰਗੇ ਲਈ ਕੁਰਬਾਨੀਆਂ ਦੇਣ ਦਾ ਮਹਾਨ ਅਤੇ ਮਾਣਮੱਤਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 80 ਸਾਲ ਪਹਿਲਾਂ 9 ਅਗਸਤ, 1942 ਨੂੰ ਅੱਜ ਦੇ ਦਿਨ ਅੰਗਰੇਜ਼ਾਂ ਵੱਲੋਂ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਜੇਲ੍ਹ ਭੇਜਣ ਤੋਂ ਬਾਅਦ ਯੂਥ ਕਾਂਗਰਸ ਦੇ ਆਗੂ ਅਰੁਣ ਆਸਿਫ਼ ਅਲੀ ਨੇ ਤਿਰੰਗਾ ਲਹਿਰਾਉਣ ਦਾ ਬੀੜਾ ਚੁੱਕਿਆ ਸੀ।

ਇਹ ਖ਼ਬਰ ਵੀ ਪੜ੍ਹੋ : PAU ’ਚ ਚਾਂਸਲਰ ਸਣੇ ਸਿਖ਼ਰਲੀਆਂ ਖਾਲੀ ਪੋਸਟਾਂ ਨੂੰ ਲੈ ਕੇ ਅਕਾਲੀ ਦਲ ਨੇ ਘੇਰੀ ‘ਆਪ’ ਸਰਕਾਰ

ਸੂਬਾ ਕਾਂਗਰਸ ਪ੍ਰਧਾਨ ਨੇ ਰਾਸ਼ਟਰਵਾਦ ਬਾਰੇ ਭਾਜਪਾ ਦੇ ਦਾਅਵਿਆਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਭਾਜਪਾ ਨੂੰ ਰਾਸ਼ਟਰਵਾਦ ਦੇ ਮੁੱਦੇ ’ਤੇ ਕਾਂਗਰਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੌਮ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਦਾ ਸਾਡੇ ਨਾਲ ਕੋਈ ਮੁਕਾਬਲਾ ਨਹੀਂ ਹੈ। ਸਾਡੇ ਨੇਤਾਵਾਂ ਨੇ ਦੇਸ਼ ਦੀ ਅਾਜ਼ਾਦੀ ਤੋਂ ਪਹਿਲਾਂ ਅਤੇ ਅਾਜ਼ਾਦੀ ਤੋਂ ਬਾਅਦ ਵੀ ਰਾਸ਼ਟਰਵਾਦ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਹਨ। ਉਨ੍ਹਾਂ ਨੇ ਉਨ੍ਹਾਂ ਸਾਰੀਆਂ ਤਾਕਤਾਂ ਦੀ ਨਿਖੇਧੀ ਕੀਤੀ, ਜੋ ਦੇਸ਼ ਨੂੰ ਵੰਡਣ ਵਾਲੀਆਂ ਨੀਤੀਆਂ ਨਾਲ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਨ੍ਹਾਂ ਨੂੰ ਪੰਜਾਬੀਆਂ ਵੱਲੋਂ ਵਾਰ-ਵਾਰ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਝੰਡਾ ਲਹਿਰਾਉਣ ਦਾ ਵਿਰੋਧ ਕਰਨ ਵਾਲੇ ਅਜਿਹੇ ਸਾਰੇ ਲੋਕ ਪੰਜਾਬ ਦੇ ਦੋਸਤ ਨਹੀਂ ਹਨ, ਸਗੋਂ ਪੰਜਾਬ ਅਤੇ ਪੰਜਾਬੀਆਂ ਦੇ ਦੁਸ਼ਮਣਾਂ ਦੇ ਹੱਥਾਂ ’ਚ ਖੇਡ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਅਤੇ ਇਸ ਦੇ ਆਗੂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਅਤੇ ਖੂਨ ਦਾ ਬਲੀਦਾਨ ਦੇਣ ਤੋਂ ਕਦੇ ਪਿੱਛੇ ਨਹੀਂ ਹਟਣਗੇ ਅਤੇ ਸੂਬੇ ’ਚ ਭਾਈਚਾਰਕ ਏਕਤਾ ਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਅਜਿਹਾ ਕੀਤਾ ਹੈ ਅਤੇ ਭਵਿੱਖ ’ਚ ਵੀ ਅਸੀਂ ਦੇਸ਼ ਦੀ ਸ਼ਾਂਤੀ, ਭਾਈਚਾਰਕ ਸਾਂਝ, ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਸੁਖਪਾਲ ਭੁੱਲਰ, ਡਾ. ਧਰਮਵੀਰ ਅਗਨੀਹੋਤਰੀ, ਲਖਬੀਰ ਸਿੰਘ ਲੱਖਾ, ਐਸ.ਐਸ ਭਲਾਈਪੁਰ' ਰਾਜਬੀਰ ਭੁੱਲਰ, ਸੁਮਿਤ ਸਿੰਘ, ਰਾਜਾ ਗਿੱਲ ਆਦਿ ਵੀ ਹਾਜ਼ਰ ਸਨ।


author

Manoj

Content Editor

Related News