ਨਾਭਾ ''ਚ 70 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ''ਕੋਰੋਨਾ'' ਟੈਸਟਿੰਗ ਲਈ ਮਤੇ ਪਾਸ

Thursday, Sep 24, 2020 - 04:18 PM (IST)

ਨਾਭਾ ''ਚ 70 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ''ਕੋਰੋਨਾ'' ਟੈਸਟਿੰਗ ਲਈ ਮਤੇ ਪਾਸ

ਨਾਭਾ (ਜੈਨ) : ਐੱਸ. ਡੀ. ਐੱਮ. ਕਾਲਾ ਰਾਮ ਕਾਂਸਲ ਅਤੇ ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਥਾਣਾ ਸਦਰ ਦੇ 70 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਮਤੇ ਪਾਸ ਕਰ ਕੇ ਕੋਰੋਨਾ ਚੈੱਕਅਪ ਅਤੇ ਸੈਂਪਲਿੰਗ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਗਿਆ ਹੈ। ਇੰਝ ਹੀ ਕੋਰੋਨਾ ਮਹਾਮਾਰੀ ’ਤੇ ਕਾਬੂ ਪਾਉਣ ਲਈ ਥਾਣਾ ਸਦਰ ਤੇ ਭਾਦਸੋਂ ਥਾਣਾ ਦੇ 167 ਪਿੰਡਾਂ/ਕਾਲੋਨੀਆਂ ਨੂੰ ਅਡਾਪਟ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ ’ਤੇ ਯਕੀਨ ਨਾ ਕਰਨ। ਮਾਸਕ ਪਹਿਨ ਕੇ ਘਰੋਂ ਬਾਹਰ ਨਿਕਲਣ ਤਾਂ ਜੋ ਮਹਾਮਾਰੀ ਖਤਮ ਹੋ ਸਕੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦਫ਼ਤਰ ਤੇ ਸੇਵਾ ਕੇਂਦਰ ਦੇ 52 ਮੁਲਾਜ਼ਮਾਂ ਦੇ ਕੋਰੋਨਾ ਦੇ ਨਮੂਨੇ ਲਏ ਗਏ, ਜਿਸ ’ਚੋਂ ਸੇਵਾ ਕੇਂਦਰ ਦੇ 3 ਮੁਲਾਜ਼ਮ ਪਾਜ਼ੇਟਿਵ ਪਾਏ ਗਏ ਹਨ, ਜਿਸ ਕਾਰਣ ਸੇਵਾ ਕੇਂਦਰ ਬੰਦ ਕਰ ਦਿੱਤਾ ਗਿਆ ਹੈ। ਇਸ ਰਿਆਸਤੀ ਨਗਰੀ ’ਚ ਹੁਣ ਤੱਕ 800 ਤੋਂ ਵੱਧ ਵਿਅਕਤੀ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ’ਚੋਂ ਵਧੇਰੇ ਤੰਦਰੁਸਤ ਹੋ ਚੁੱਕੇ ਹਨ, ਜਦੋਂ ਕਿ ਕੁੱਲ 17 ਮੌਤਾਂ ਹੋਈਆਂ ਹਨ।

ਐੱਸ. ਐੱਮ. ਓ. ਡਾ. ਦਲਵੀਰ ਕੌਰ ਅਨੁਸਾਰ ਸ਼ਹਿਰ ’ਚ ਇਸ ਸਮੇਂ 118 ਕੋਰੋਨਾ ਪਾਜ਼ੇਟਿਵ ਵਿਅਕਤੀ ਘਰਾਂ ’ਚ ਹੀ ਇਕਾਂਤਵਾਸ ਕੀਤੇ ਹੋਏ ਹਨ, ਜਦ ਕਿ ਕੁੱਝ ਵਿਅਕਤੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੇ ਨਿੱਜੀ ਹਸਪਤਾਲਾਂ ’ਚ ਦਾਖਲ ਹਨ। ਦੂਜੇ ਪਾਸੇ ਪ੍ਰਸ਼ਾਸਨ ਦੀ ਅਣਦੇਖੀ ਕਾਰਣ ਇਸ ਸਮੇਂ ਬਾਜ਼ਾਰਾਂ ’ਚ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਧੜੱਲੇ ਨਾਲ ਉੱਡ ਰਹੀਆਂ ਹਨ। ਕਿਸਾਨਾਂ ਦੇ ਅੰਦੋਲਨ ਕਾਰਣ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਤੇ ਧਰਨਿਆਂ ’ਚ ਮਾਸਕ ਦੀ ਵਰਤੋਂ ਨਹੀਂ ਹੋ ਰਹੀ ਅਤੇ ਨਾ ਹੀ ਸਮਾਜਿਕ ਦੂਰੀ ਦਾ ਖਿਆਲ ਕੀਤਾ ਜਾ ਰਿਹਾ ਹੈ, ਜਿਸ ਕਾਰਣ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।


author

Babita

Content Editor

Related News