ਮਨੀ ਐਕਸਚੇਂਜਰ ਨੂੰ ਲੁੱਟਣ ਦੇ ਮਾਮਲੇ ''ਚ ਦੋਸ਼ੀ ਨੂੰ 7 ਸਾਲ ਦੀ ਜੇਲ; 5 ਹਜ਼ਾਰ ਜੁਰਮਾਨਾ

Thursday, Jun 08, 2017 - 07:32 AM (IST)

ਮਨੀ ਐਕਸਚੇਂਜਰ ਨੂੰ ਲੁੱਟਣ ਦੇ ਮਾਮਲੇ ''ਚ ਦੋਸ਼ੀ ਨੂੰ 7 ਸਾਲ ਦੀ ਜੇਲ; 5 ਹਜ਼ਾਰ ਜੁਰਮਾਨਾ

ਹੁਸ਼ਿਆਰਪੁਰ, (ਜ.ਬ.)- ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ ਨੇ ਮਨੀ ਐਕਸਚੇਂਜਰ ਕੋਲੋਂ ਲੁੱਟ-ਖੋਹ ਕਰਨ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 7 ਸਾਲ ਦੀ ਜੇਲ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦੇ ਹੁਕਮ ਦਿੱਤੇ ਹਨ। ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ 'ਚ ਇਕ ਮਹੀਨੇ ਦੀ ਜੇਲ ਹੋਰ ਕੱਟਣੀ ਪਵੇਗੀ। 
ਵਰਣਨਯੋਗ ਹੈ ਕਿ 4 ਜੁਲਾਈ 2013 ਨੂੰ ਥਾਣਾ ਸਿਟੀ ਦੀ ਪੁਲਸ ਕੋਲ ਦਿੱਤੇ ਬਿਆਨਾਂ ਵਿਚ ਦਵਿੰਦਰਪਾਲ ਸੂਦ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਆਪਣੀ ਦੁਕਾਨ ਸੂਦ ਮਨੀ ਐਕਸਚੇਂਜ ਬਤਰਾ ਪੈਲੇਸ ਦੇ ਕੋਲ ਆਪਣੇ ਬੇਟੇ ਅਨੀਪ ਸੂਦ ਨਾਲ ਬੈਠਾ ਸੀ। ਇਸ ਦੌਰਾਨ 2 ਨੌਜਵਾਨ ਦੁਕਾਨ ਅੰਦਰ ਆਏ ਤੇ ਉਨ੍ਹਾਂ ਦੇ ਬੇਟੇ ਦੀ ਕਨਪਟੀ 'ਤੇ ਪਿਸਤੌਲ ਤਾਣ ਲਿਆ ਤੇ ਸਾਮਾਨ ਦੀ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ। ਦਵਿੰਦਰਪਾਲ ਨੇ ਦੱਸਿਆ ਕਿ ਉਸ ਨੇ ਦੁਕਾਨ ਅੰਦਰ ਪਈ ਸਪਰੇਅ ਦੀ ਸ਼ੀਸ਼ੀ ਚੁੱਕ ਕੇ ਦੋਵਾਂ ਨੌਜਵਾਨਾਂ 'ਤੇ ਪਾ ਦਿੱਤੀ। ਜਦੋਂ ਦੋਵੇਂ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਦਵਿੰਦਰਪਾਲ ਤੇ ਉਨ੍ਹਾਂ ਦੇ ਬੇਟੇ ਨੇ ਉਕਤ ਨੌਜਵਾਨਾਂ ਨੂੰ ਧੱਕਾ ਮਾਰ ਕੇ ਦੁਕਾਨ ਦੇ ਅੰਦਰ ਸੁੱਟ ਦਿੱਤਾ ਤੇ ਬਾਹਰੋਂ ਕੁੰਡੀ ਲਾ ਦਿੱਤੀ। ਇਸ ਦੌਰਾਨ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ। 
ਮਾਣਯੋਗ ਅਦਾਲਤ ਨੇ ਉਕਤ ਮਾਮਲੇ ਵਿਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਬਘਿਆੜੀ (ਟਾਂਡਾ) ਨੂੰ ਉਪਰੋਕਤ ਸਜ਼ਾ ਸੁਣਾਈ ਹੈ ਜਦਕਿ ਦੂਜੇ ਦੋਸ਼ੀ ਜਗਜੀਤ ਸਿੰਘ ਉਰਫ ਬਿੱਲਾ ਪੁੱਤਰ ਮਹਿੰਗਾ ਸਿੰਘ ਵਾਸੀ ਬੇਗਮਪੁਰ ਜੰਡਿਆਲਾ ਨੂੰ ਭਗੌੜਾ ਐਲਾਨ ਦਿੱਤਾ ਹੈ।


Related News