ਸਿਹਤ ਬੀਮਾ ਯੋਜਨਾ : ਪੰਜਾਬ ਦੇ 63 ਹਸਪਤਾਲਾਂ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
Friday, Feb 26, 2021 - 11:26 AM (IST)

ਚੰਡੀਗੜ੍ਹ : ਸਰਬੱਤ ਸਿਹਤ ਬੀਮਾ ਯੋਜਨਾ (ਐਸ. ਐਸ. ਬੀ. ਵਾਈ.) ਦੇ ਲਾਗੂਕਰਨ 'ਚ ਊਣਤਾਈਆਂ ਪਾਏ ਜਾਣ ਦੀਆਂ ਰਿਪੋਰਟਾਂ ਅਤੇ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਸਟੇਟ ਐਂਟੀ ਫਰਾਡ ਯੂਨਿਟ (ਐਸ. ਏ. ਐਫ ਯੂੀ.) ਨੇ 63 ਹਸਪਤਾਲਾਂ ਨੂੰ 77 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਟੇਟ ਐਂਟੀ ਫਰਾਡ ਯੂਨਿਟ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ/ਬੇਨਿਯਮੀਆਂ ਦਾ ਪਤਾ ਲਗਾਉਣ ਲਈ ਸਰਗਰਮੀ ਨਾਲ ਨਿਗਰਾਨੀ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਸੀ।
ਇਹ ਵੀ ਪੜ੍ਹੋ : 'ਬੁਲੇਟ ਮੋਟਰਸਾਈਕਲ' ਰੱਖਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਜ਼ੁਰਮ 'ਤੇ ਹੋ ਸਕਦੀ ਹੈ 6 ਸਾਲ ਦੀ ਕੈਦ
ਉਨ੍ਹਾਂ ਦੱਸਿਆ ਕਿ ਮੁੱਖ ਕਾਰਜਕਾਰੀ ਅਧਿਕਾਰੀ, ਏ. ਬੀ-ਐਸ.ਐਸ.ਬੀ.ਵਾਈ, ਅਮਿਤ ਕੁਮਾਰ ਜੋ ਚੇਅਰਮੈਨ ਸਟੇਟ ਐਂਟੀ ਫਰਾਡ ਯੂਨਿਟ ਵੀ ਹਨ, ਨੇ ਦੱਸਿਆ ਕਿ ਹੁਣ ਤੱਕ ਹਸਪਤਾਲਾਂ ਨੂੰ 77 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਵੱਖ-ਵੱਖ ਹਸਪਤਾਲਾਂ ਤੋਂ 27,67,358 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 14 ਹਸਪਤਾਲਾਂ ਨੂੰ ਗੈਰ ਸੂਚੀਬੱਧ ਕਰਨ ਦੇ ਨਾਲ 9 ਹਸਪਤਾਲਾਂ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕੀਤਾ ਗਿਆ ਹੈ, ਜਦੋਂ ਕਿ 24 ਹਸਪਤਾਲਾਂ ਨੂੰ ਚਿਤਾਵਨੀ ਪੱਤਰ ਜਾਰੀ ਕੀਤੇ ਗਏ ਹਨ। ਤਕਰੀਬਨ 7 ਹਸਪਤਾਲਾਂ ਨੂੰ ਐਡਵਾਈਜ਼ਰੀਜ਼ ਵੀ ਜਾਰੀ ਕੀਤੀਆਂ ਗਈਆਂ ਹਨ। ਹਸਪਤਾਲਾਂ 'ਚ ਪਾਈਆਂ ਗਈਆਂ ਵੱਡੀਆਂ ਊਣਤਾਈਆਂ ਬਾਰੇ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਟੇਟ ਐਂਟੀ ਫਰਾਡ ਦੀਆਂ ਟੀਮਾਂ ਨੇ ਗਲਤ ਰੈਫ਼ਰ ਕਰਨ ਦੇ ਮਾਮਲਿਆਂ, ਲਾਭਪਾਤਰੀਆਂ ਤੋਂ ਦਵਾਈਆਂ ਅਤੇ ਸੂਚੀਬੱਧ ਹਸਪਤਾਲਾਂ 'ਚ ਇਲਾਜ ਲਈ ਪੈਸੇ ਲੈਣ, ਮਰੀਜ਼ ਦੇ ਜਨਰਲ ਵਾਰਡ 'ਚ ਦਾਖ਼ਲ ਹੋਣ ਦੇ ਮਾਮਲੇ ’ਚ ਆਈ. ਸੀ. ਯੂ. ਵਾਰਡਾਂ ਲਈ ਪੈਸੇ ਕਲੇਮ ਕਰਨਾ, ਯੁਨੀਲੇਟਰਲ ਪ੍ਰਕਿਰਿਆ ਦੇ ਮਾਮਲੇ 'ਚ ਬਾਈਲੇਟਰਲ ਸਰਜੀਕਲ ਪ੍ਰਕਿਰਿਆਵਾਂ ਲਈ ਪੈਸੇ ਕਲੇਮ ਕਰਨਾ, ਸੂਚੀਬੱਧ ਹਸਪਤਾਲ ਵੱਲੋਂ ਲਾਭਪਾਤਰੀਆਂ ਨੂੰ ਨਕਦੀ ਰਹਿਤ ਇਲਾਜ ਲਈ ਮਨ੍ਹਾਂ ਕਰਨਾ ਅਤੇ ਇੱਕ ਸਰਜੀਕਲ ਪੈਕੇਜ ਤੋਂ ਜ਼ਿਆਦਾ ਕਲੇਮ ਕਰਨ ਦੇ ਮਾਮਲਿਆਂ ’ਤੇ ਕਾਰਵਾਈ ਕੀਤੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਦੂਜੇ ਅਤੇ ਤੀਜੇ ਪੱਧਰ ਦੀਆਂ ਇਲਾਜ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੀ ਧੋਖਾਧੜੀ ਨੂੰ ਰੋਕਣ ਲਈ ਸਾਰੇ ਜ਼ਿਲਿਆਂ 'ਚ ਜ਼ਿਲਾ ਐਂਟੀ ਫਰਾਡ ਯੂਨਿਟ ਵੀ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਸਿਹਤ ਸੰਸਥਾ ਕਿਸੇ ਧੋਖਾਧੜੀ 'ਚ ਸ਼ਾਮਲ ਪਾਈ ਜਾਂਦੀ ਹੈ ਤਾਂ ਡੀ. ਏ. ਐਫ. ਯੂ. ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਕ੍ਰਿਕਟਰ 'ਯੁਵਰਾਜ' ਨੂੰ ਹਾਈਕੋਰਟ ਤੋਂ ਰਾਹਤ, ਇਸ ਮਾਮਲੇ 'ਚ ਕਾਰਵਾਈ 'ਤੇ ਲੱਗੀ ਰੋਕ
ਉਨ੍ਹਾਂ ਕਿਹਾ ਕਿ ਪੂਰੀ ਜਾਂਚ-ਪੜਤਾਲ ਤੋਂ ਬਾਅਦ ਸਬੰਧਿਤ ਡੀ. ਏ. ਐਫ. ਯੂ. ਕੇਸ ਨੂੰ ਅਗਲੇਰੀ ਕਾਰਵਾਈ ਲਈ ਸਟੇਟ ਐਂਟੀ ਫਰਾਡ ਯੂਨਿਟ ਅੱਗੇ ਰੱਖਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ’ਤੇ ਵਿੱਤੀ ਬੋਝ ਨੂੰ ਘਟਾਉਣ ਲਈ ਪੰਜਾਬ ਸਰਕਾਰ ਸਾਰੇ ਮਰੀਜ਼ਾਂ ਨੂੰ ਕਵਰ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ, ਜਿਸ ਲਈ ਸੂਬੇ ਭਰ 'ਚ ਤਕਰੀਬਨ 828 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲਾਭਪਾਤਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀਆਂ ਵੀ ਸਥਾਪਿਤ ਕੀਤੀਆਂ ਹਨ।
ਨੋਟ : ਪੰਜਾਬ 'ਚ 'ਸਿਹਤ ਬੀਮਾ ਯੋਜਨਾ' ਸਬੰਧੀ ਵਰਤੀ ਜਾ ਰਹੀ ਕੋਤਾਹੀ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ