ਰਾਤੋ-ਰਾਤ ਖੜ੍ਹਾ ਕੀਤਾ ਲੈਂਟਰ ਢੇਰ, 6 ਜ਼ਖ਼ਮੀ

Saturday, Nov 25, 2017 - 08:05 AM (IST)

ਰਾਤੋ-ਰਾਤ ਖੜ੍ਹਾ ਕੀਤਾ ਲੈਂਟਰ ਢੇਰ, 6 ਜ਼ਖ਼ਮੀ

ਪਟਿਆਲਾ/ਬਾਰਨ  (ਇੰਦਰਪ੍ਰੀਤ) - ਨੇੜਲੇ ਪਿੰਡ ਗੁਣੀਆਂ ਮਾਜਰਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਕੀਤੀ ਜਾ ਰਹੀ ਇਕ ਕਮਰੇ ਦੀ ਉਸਾਰੀ ਦਾ ਬੀਤੇ ਦਿਨ ਲੈਂਟਰ ਡਿੱਗ ਪਿਆ। ਇਸ ਕਾਰਨ 6 ਮਜ਼ਦੂਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਤੋਂ ਮੁਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤਾ ਗਿਆ।  ਜਾਣਕਾਰੀ ਦਿੰਦਿਆਂ ਭਗਤ ਸਿੰਘ ਵਾਸੀ ਗੁਣੀਆਂ ਮਾਜਰਾ ਨੇ ਪੰਚਾਇਤ 'ਤੇ ਦੋਸ਼ ਲਾਏ ਕਿ ਜਿਸ ਥਾਂ 'ਤੇ ਉਸਾਰੀ ਕੀਤੀ ਜਾ ਰਹੀ ਹੈ, ਉਸ ਜਗ੍ਹਾ 'ਤੇ ਪੰਚਾਇਤ ਦਾ ਕੋਈ ਮਾਲਕਾਨਾ ਹੱਕ ਨਹੀਂ ਹੈ। ਪੰਚਾਇਤ ਵੱਲੋਂ ਉਸ ਥਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਜਲਦਬਾਜ਼ੀ ਵਿਚ ਕਮਰੇ ਦੀ ਉਸਾਰੀ ਕੀਤੀ ਗਈ। ਬਿਨਾਂ ਕਿਸੇ ਇੰਜੀਨੀਅਰ ਦੀ ਸਲਾਹ ਦੇ ਮਜ਼ਬੂਤ ਨੀਂਹਾਂ ਦੇ ਬਿਲਡਿੰਗ ਤਿਆਰ ਕੀਤੀ ਗਈ।
ਜਦੋਂ ਕੱਲ ਕਾਹਲੀ ਵਿਚ ਉਕਤ ਇਮਾਰਤ ਦਾ ਲੈਂਟਰ ਪਾਇਆ ਜਾ ਰਿਹਾ ਸੀ ਤਾਂ ਇਕਦਮ ਛੱਤ ਡਿੱਗ ਜਾਣ ਕਾਰਨ 6 ਮਜ਼ਦੂਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਜੇਕਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ? ਲੈਂਟਰ ਡਿੱਗਣ ਕਾਰਨ ਸਰਕਾਰ ਦੇ ਪੈਸੇ ਦੀ ਬਰਬਾਦੀ ਵੀ ਹੋਈ ਹੈ। ਭਗਤ ਸਿੰਘ ਨੇ ਇਹ ਵੀ ਦੱਸਿਆ ਕਿ ਪੰਚਾਇਤ ਦੁਆਰਾ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਵਿਰੁੱਧ ਉਨ੍ਹਾਂ ਵੱਲੋਂ ਅਦਾਲਤ ਵਿਚ ਰਿੱਟ ਕੀਤੀ ਗਈ ਹੈ। ਜਲਦ ਹੀ ਉਨ੍ਹਾਂ ਨੂੰ ਸਟੇਅ ਮਿਲ ਜਾਵੇਗਾ। ਉਹ ਕਿਸੇ ਵੀ ਕੀਮਤ 'ਤੇ ਇਹ ਨਾਜਾਇਜ਼ ਉਸਾਰੀ ਨਹੀਂ ਹੋਣ ਦੇਣਗੇ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰ ਕੇ ਪੰਚਾਇਤ ਖਿਲਾਫ਼ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਪਿੰਡ ਦੀ ਸਰਪੰਚ ਅਮਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਧਰਮਸ਼ਾਲਾ ਦੀ ਉਸਾਰੀ ਕੀਤੀ ਜਾ ਰਹੀ ਸੀ। ਕਿਸੇ ਨੇ ਸ਼ਰਾਰਤ ਕਰਵਾ ਕੇ ਇਮਾਰਤ ਨੂੰ ਡੇਗਿਆ ਹੈ। ਉਨ੍ਹਾਂ ਕਿਹਾ ਕਿ 6 ਮਜ਼ਦੂਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।


Related News