ਬੱਸ ਦਾ ਟਾਇਰ ਫਟਿਆ, 6 ਸਵਾਰੀਆਂ ਫੱਟਡ਼
Sunday, Jul 15, 2018 - 08:01 AM (IST)

ਭਦੌਡ਼ (ਰਾਕੇਸ਼) – ਪਿੰਡ ਮੱਝੂਕੇ ਵਿਖੇ ਇਕ ਨਿੱਜੀ ਕੰਪਨੀ ਦੀ ਬੱਸ ਡਰਾਈਵਰ ਸਾਈਡ ਦਾ ਅਗਲਾ ਟਾਇਰ ਫਟਣ ਕਾਰਨ ਖੇਤਾਂ ’ਚ ਲਹਿ ਗਈ, ਜਿਸ ਕਾਰਨ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਅਾਂ। ਬੱਸ ਦੇ ਡਰਾਈਵਰ ਬਲਵਿੰਦਰ ਸਿੰਘ ਪੁੱਤਰ ਰੱਖਾ ਸਿੰਘ ਅਤੇ ਕੰਡਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ 9:58 ਵਜੇ ਪਿੰਡ ਬਿਲਾਸਪੁਰ ਤੋਂ ਆ ਰਹੇ ਸਨ, ਜਦੋਂ ਪਿੰਡ ਮੱਝੂਕੇ ਵਿਖੇ ਪਹੁੰਚੇ ਤਾਂ ਅਚਾਨਕ ਹੀ ਡਰਾਈਵਰ ਸਾਈਡ ਦੇ ਟਾਇਰ ਦਾ ਪਟਾਕਾ ਪੈ ਗਿਆ, ਜਿਸ ਕਾਰਨ ਬੱਸ ਸਡ਼ਕ ਤੋਂ ਝੋਨੇ ਵਾਲੇ ਖੇਤ ’ਚ ਲਹਿ ਗਈ ਅਤੇ ਕੁਝ ਸਵਾਰੀਆਂ ਦੇ ਸੱਟਾਂ ਲੱਗੀਆਂ।
ਪਿੰਡ ਮੱਝੂਕੇ ਦੇ ਸਰਪੰਚ ਗੁਰਵਿੰਦਰ ਸਿੰਘ ਗੋਰਾ ਨੇ ਫੱਟਡ਼ ਸਵਾਰੀਆਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਲਿਅਾਂਦਾ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਹਾਦਸੇ ਬਾਰੇ ਪਤਾ ਲੱਗਿਆ ਤਾਂ ਉਹ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਸਵਾਰੀਆਂ ਨੂੰ ਬਾਹਰ ਕੱਢ ਕੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭਦੌਡ਼ ਲਿਅਾਂਦਾ। ਬੱਸ ਵਿਚ ਕਰੀਬ 20 ਸਵਾਰੀਆਂ ਸਫਰ ਕਰ ਰਹੀਆਂ ਸਨ, ਜਿਨ੍ਹਾਂ ਵਿੱਚੋਂ 6 ਸਵਾਰੀਆਂ ਅਮਰਜੀਤ ਕੌਰ, ਗਿੰਦਰ ਸਿੰਘ, ਬਲਜੀਤ ਕੌਰ, ਮਨਜੀਤ ਕੌਰ, ਰੂਪਾ ਬੇਗਮ ਤੇ ਸੁਰਜੀਤ ਕੌਰ ਨੂੰ ਸਿਵਲ ਹਸਪਤਾਲ ਭਦੌਡ਼ ਵਿਖੇ ਮੁੱਢਲੀ ਸਹਾਇਤਾ ਦਿੱਤੀ ਗਈ।