ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਈ. ਟੀ. ਦੀ ਯੋਗ ਵਰਤੋਂ ਲਈ ਮਿਲੇ 6 ਸਕੌਚ ਐਵਾਰਡ

Monday, Jun 25, 2018 - 07:02 AM (IST)

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਈ. ਟੀ. ਦੀ ਯੋਗ ਵਰਤੋਂ ਲਈ ਮਿਲੇ 6 ਸਕੌਚ ਐਵਾਰਡ

ਚੰਡੀਗੜ੍ਹ (ਸ਼ਰਮਾ) - ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸੂਚਨਾ ਤੇ ਤਕਨੀਕ (ਆਈ. ਟੀ.) ਦੀ ਯੋਗ ਤੇ ਸੁਚੱਜੀ ਵਰਤੋਂ ਕਰਨ ਲਈ ਸਕੌਚ ਗਰੁੱਪ ਵੱਲੋਂ ਸਿਲਵਰ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸਿਰਕੱਢ ਪਹਿਲਕਦਮੀਆਂ ਕਾਰਨ ਮਿਲਿਆ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਭਾਗ ਨੂੰ ਆਧੁਨਿਕ ਸਮੇਂ ਦਾ ਹਾਣੀ ਬਣਾਉਣਾ ਅਤੀ ਜ਼ਰੂਰੀ ਹੈ ਅਤੇ ਅੱਜ ਦੇ ਜ਼ਮਾਨੇ 'ਚ ਤਕਨੀਕ ਮੁੱਢਲੇ ਸਥਾਨ 'ਤੇ ਪਹੁੰਚ ਚੁੱਕੀ ਹੈ।  ਵਿਭਾਗ ਦੀ ਨੋਡਲ ਅਧਿਕਾਰੀ ਡਾ. ਰੋਜ਼ੀ ਵੈਦ ਨੇ ਦੱਸਿਆ ਕਿ ਵਿਭਾਗ ਨੂੰ ਕੁਲ 6 ਐਵਾਰਡ ਆਈ. ਟੀ. ਰਾਹੀਂ ਪ੍ਰਸ਼ਾਸਨ ਨੂੰ ਵਧੇਰੇ ਕੁਸ਼ਲਤਾ ਪ੍ਰਦਾਨ ਕਰਨ ਲਈ ਮਿਲੇ ਹਨ। ਇਹ ਐਵਾਰਡ ਈ-ਕੋਰਟ, ਸ਼ਾਮਲਾਤ ਪੋਰਟਲ ਅਤੇ ਮਹਾਤਮਾ ਗਾਂਧੀ ਸਰਬ ਵਿਕਾਸ ਯੋਜਨਾ ਆਦਿ ਦੇ ਸੁਚੱਜੇ ਕਾਰਜਾਂ ਬਦਲੇ ਪ੍ਰਾਪਤ ਹੋਏ ਹਨ। ਵਰਨਣਯੋਗ ਹੈ ਕਿ ਵਿਭਾਗ ਵੱਲੋਂ ਇਹ ਐਵਾਰਡ ਡਾ. ਰੋਜ਼ੀ ਵੈਦ ਨੇ ਨਵੀਂ ਦਿੱਲੀ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਾਪਤ ਕੀਤੇ।
ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਵਿਖੇ ਹੋਏ ਇਸ ਸਮਾਗਮ ਦੌਰਾਨ ਸਕੌਚ ਗਰੁੱਪ ਵੱਲੋਂ ਜ਼ਿਲਾ ਮਾਨਸਾ ਨੂੰ 2 ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਪਿੰਡ ਖੋਖਰ ਕਲਾਂ 'ਚ ਬਣਾਏ ਪਾਰਕ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਮਹਾਤਮਾ ਗਾਂਧੀ ਸਰਬ ਵਿਕਾਸ ਯੋਜਨਾ ਤਹਿਤ ਕੀਤੇ ਕੰਮਾਂ ਕਰ ਕੇ ਪ੍ਰਾਪਤ ਹੋਏ ਹਨ।


Related News