ਪੰਜਵੀਂ ਜਮਾਤ ਦੀ ਪ੍ਰੀਖਿਆ ਰਾਹੀਂ ਕਾਂਗਰਸ ਸਰਕਾਰ ਦਾ ਸਿਆਸੀ ਪ੍ਰਚਾਰ ਕਰਨ ਦੀ ਡੀ. ਟੀ. ਐੱਫ਼. ਵੱਲੋਂ ਨਿਖ਼ੇਧੀ

Tuesday, Sep 14, 2021 - 11:44 AM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਦੋ-ਮਹੀਨਾ (ਬਾਈ ਮੰਥਲੀ) ਪ੍ਰੀਖਿਆਵਾਂ ਦੇ ਪਹਿਲੇ ਦਿਨ ਲਏ ਨੈਸ਼ਨਲ ਅਚੀਵਮੈਂਟ ਸਰਵੇ ਅਧਾਰਿਤ ਪੰਜਵੀਂ ਜਮਾਤ ਦੇ ਪ੍ਰਸ਼ਨ-ਪੱਤਰ ਵਿਚ ਕਾਂਗਰਸ ਸਰਕਾਰ ਦੀਆਂ ਸਰਕਾਰੀ ਸਕੀਮਾਂ ਦਾ ਹੂ-ਬੁ-ਹੂ ਇਸ਼ਤਿਹਾਰ ਛਾਪਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਖ਼ਤ ਨਿਖੇਧੀ ਕੀਤੀ ਹੈ। ਡੀ. ਟੀ. ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਇਸ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਪਾਰਟੀ ਲਈ ਸਿਆਸੀ ਲਾਭ ਪਹੁੰਚਾਉਣ ਦਾ ਇਕ ਹੋਰ ਯਤਨ ਕਰਾਰ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਸਕੂਲਾਂ 'ਚ ਅੱਜ ਤੋਂ ਸ਼ੁਰੂ ਹੋਈਆਂ ਪ੍ਰੀਖਿਆਵਾਂ ਦੇ ਪੇਪਰ 'ਲੀਕ', ਕੀਤੀ ਗਈ ਸ਼ਿਕਾਇਤ

ਆਗੂਆਂ ਨੇ ਸਕੂਲ ਸਿੱਖਿਆ ਸਕੱਤਰ ਵਲੋਂ ਪਾਠਕ੍ਰਮ ਨੂੰ ਲਾਂਭੇ ਕਰਕੇ ਮਨਮਰਜ਼ੀ ਕਰਨ ਅਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਹਿੱਤ ਪੂਰਨ ਦੀ ਨਿਖੇਧੀ ਕੀਤੀ ਹੈ। ਡੀ. ਟੀ. ਐੱਫ਼. ਦੇ ਮੀਤ ਪ੍ਰਧਾਨਾਂ ਗੁਰਮੀਤ ਸੁਖਪੁਰ, ਗੁਰਪਿਆਰ ਕੋਟਲੀ, ਰਾਜੀਵ ਕੁਮਾਰ ਬਰਨਾਲਾ, ਜਗਪਾਲ ਬੰਗੀ, ਜਸਵਿੰਦਰ ਔਜਲਾ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਭਾਗ ਦੇ ਫੇਸਬੁੱਕ ਪੇਜ ਨੂੰ ਜ਼ਬਰੀ ਲਾਈਕ, ਕੁਮੈਂਟ ਅਤੇ ਸ਼ੇਅਰ ਕਰਨ ਅਤੇ ਹੋਰਾਂ ਤੋਂ ਕਰਵਾਉਣ ਦੇ ਹੁਕਮ ਚਾੜ੍ਹੇ ਗਏ ਗਏ ਸਨ। ਦੂਜੇ ਪਾਸੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਨੈਸ਼ਨਲ ਅਚੀਵਮੈਂਟ ਸਰਵੇ, ਜਿਸ ਤੋਂ ਕਿ ਸੂਬਿਆਂ ਦੀ ਸਿੱਖਿਆ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ, ਨੂੰ ਅਸਲ ਸਕੂਲੀ ਸਿੱਖਿਆ ਤੇ ਪਾਠਕ੍ਰਮ ਦੇ ਤੱਤ ਰੂਪ ਨੂੰ ਖੂਹ ਖਾਤੇ ਪਾ ਕੇ, ਗੈਰ ਸੰਵਿਧਾਨਕ ਢਾਂਚੇ ਰਾਹੀਂ ਕੇਵਲ ਝੂਠੇ ਅੰਕੜਿਆਂ ਦਾ ਜਾਲ ਬੁਣਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ, ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਨੇ ਖ਼ੁਦ ਨੂੰ ਗੋਲੀ ਮਾਰ ਖ਼ਤਮ ਕੀਤੀ ਜ਼ਿੰਦਗੀ

ਜਦੋਂ ਕਿ ਬੱਚਿਆਂ ਦੀ ਡੇਢ ਸਾਲ ਦੀ ਪੜ੍ਹਾਈ ਪਹਿਲਾਂ ਹੀ ਲੰਬਾ ਸਮਾਂ ਸਕੂਲ ਬੰਦ ਰਹਿਣ ਕਾਰਨ ਬਹੁਤ ਪੱਛੜ ਚੁੱਕੀ ਹੈ। ਡੀ. ਟੀ. ਐੱਫ਼. ਦੇ ਆਗੂਆਂ ਨੇ ਕਿਹਾ ਕਿ ਇਸ ਸਰਵੇ ਦੀ ਤਿਆਰੀ ਲਈ ਸਿੱਖਿਆ ਸਕੱਤਰ ਦੇ ਹੁਕਮ ਨਾਲ ਅਧਿਕਾਰੀਆਂ ਨੇ ਸਕੂਲ ਸਮੇ ਤੋਂ ਬਾਅਦ, ਛੁੱਟੀ ਵਾਲੇ ਦਿਨ ਅਤੇ ਰਾਤਾਂ ਤੱਕ ਜ਼ੂਮ ਮੀਟਿੰਗਾਂ, ਆਨਲਾਈਨ ਪੇਪਰ ਅਤੇ ਫਿਜ਼ੀਕਲ ਮੀਟਿੰਗਾਂ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਬੁਰੀ ਤਰ੍ਹਾਂ ਕਚੂਮਰ ਕੱਢਿਆ ਹੋਇਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ 'ਕੈਪਟਨ' ਨਾਲ ਮੀਟਿੰਗ ਅੱਜ

ਅੰਕੜਿਆਂ ਦੀ ਦੌੜ ਵਿਚ ਅੱਗੇ ਲੰਘਣ ਅਤੇ ਪੰਜਾਬ ਸਰਕਾਰ ਦਾ ਅਧਿਆਪਕਾਂ, ਬੇਰੁਜ਼ਗਾਰਾਂ ਅਤੇ ਹੋਰ ਹਿੱਸਿਆਂ ਵਲੋਂ ਕੀਤੇ ਜਾ ਰਹੇ ਵਿਰੋਧ ਨੂੰ ਢਕਣ ਲਈ ਅਫਸਰਸ਼ਾਹੀ ਵੱਲੋਂ ਵਿਦਿਆਰਥੀਆਂ ਦੇ ਪ੍ਰਸ਼ਨ-ਪੱਤਰ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ, ਜੋ ਕਿ ਸਪੱਸ਼ਟ ਰੂਪ ਵਿਚ ਅਗਾਮੀ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀਆਂ ਦੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਨੂੰ ਬਹੁ ਵਿਕਲਪੀ ਉੱਤਰਾਂ ਤੱਕ ਸੀਮਤ ਕਰਕੇ ਵਿਦਿਆਰਥੀਆਂ ਵਿਚ ਰਚਨਾਤਮਕਤਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News