38 ਹਜ਼ਾਰ ਮੀਲ ਦੀਆਂ ਪੈਦਲ ਯਾਤਰਾਵਾਂ ਕਰਕੇ ਬਾਬੇ ਨਾਨਕ ਨੇ ਦਿੱਤਾ ''ਸਰਬਤ ਦਾ ਭਲਾ'' ਦਾ ਸੰਦੇਸ਼

11/8/2019 1:31:31 PM

ਜਲੰਧਰ— ਸ੍ਰੀ ਗੁਰੂ ਨਾਨਕ ਦੇਵ ਜੀ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਕੱਲ੍ਹ ਯਾਨੀ ਸ਼ਨੀਵਾਰ ਨੂੰ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਨੂੰ ਲੈ ਕੇ ਸੰਗਤਾਂ ਬੇਹੱਦ ਉਤਸ਼ਾਹਤ ਹਨ। ਦੱਸਣਯੋਗ ਹੈ ਕਿ ਜਾਤ-ਪਾਤ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਮਾਮ ਸਮੱਸਿਆਵਾਂ ਨਾਲ ਘਿਰੇ ਸਮਾਜ ਨੂੰ ਜਗਾਉਣ ਲਈ 38 ਹਜ਼ਾਰ ਮੀਲ ਦੀ ਪੈਦਲ ਯਾਤਰਾ ਕਰਕੇ 4 ਉਦਾਸੀਆਂ ਕੀਤੀਆਂ ਸਨ ਅਤੇ ਦੁਨੀਆ ਨੂੰ 'ਸਰਬਤ ਦਾ ਭਲਾ' ਦਾ ਸੰਦੇਸ਼ ਦਿੱਤਾ ਸੀ। ਗੁਰੂ ਜੀ ਨੇ ਦਰਜਨ ਭਰ ਦੇਸ਼ਾਂ ਦੇ 248 ਪ੍ਰਮੁੱਖ ਨਗਰਾਂ ਦੀ ਸੈਰ ਕਰਕੇ ਸਮਾਜ ਦੇ ਵਿਕਾਸ ਲਈ ਕਈ ਕ੍ਰਾਂਤੀਕਾਰੀ ਕਦਮ ਚੁੱਕੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਪੜ੍ਹਾਅ 'ਚ 79, ਦੂਜੇ 'ਚ 75, ਤੀਜੇ 'ਚ 35 ਅਤੇ ਚੌਥੇ 'ਚ 59 ਸਥਾਨਾਂ ਦੀ ਯਾਤਰਾ ਕਰਕੇ ਪਰਮਾਤਮਾ ਇਕ ਦਾ ਸੰਦੇਸ਼ ਦਿੱਤਾ। 

PunjabKesari

1500 ਈ. 'ਚ ਕੀਤੀ ਬਾਬੇ ਨਾਨਕ ਨੇ ਪਹਿਲੀ ਉਦਾਸੀ 
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ 1500 ਈ. 'ਚ ਸ੍ਰੀ ਗੋਇੰਦਵਾਲ ਸਾਹਿਬ (ਅੰਮ੍ਰਿਤਸਰ) ਦੇ ਛਾਂਗਾ-ਮਾਂਗਾ ਦੇ ਜੰਗਲਾਂ ਤੋਂ ਕੀਤੀ। ਇਸ ਦੇ ਬਾਅਦ ਗੁੱਜਰਾਂਵਾਲਾ ਹੁੰਦੇ ਹੋਏ ਲਾਹੌਰ ਪਹੁੰਚੇ। ਉਥੋਂ ਕੁਰੂਕਸ਼ੇਤਰ, ਕਰਨਾਲ, ਹਰਿਦੁਆਰ, ਦਿੱਲੀ, ਆਗਰਾ, ਮਥੁਰਾ, ਅਲੀਗੜ, ਲਖਨਊ, ਕਾਨਪੁਰ, ਅਯੁੱਧਿਆ, ਇਲਾਹਾਬਾਦ, ਪ੍ਰਯਾਗ, ਬਨਾਰਸ, ਛਪਰਾ, ਹਾਜੀਪੁਰ, ਪਟਨਾ ਤੋਂ ਗਯਾ ਗਏ। ਉਥੋਂ ਭਾਗਲਪੁਰ, ਗੁਹਾਟੀ, ਇੰਫਾਲ, ਅਗਰਤਲਾ, ਢਾਕਾ, ਜਬਲਪੁਰ, ਚਿਤਰਕੂਟ, ਸਾਗਰ, ਭੋਪਾਲ, ਧੌਲਪੁਰ, ਭਰਤਪੁਰ, ਜੀਂਦ, ਕੈਥਲ ਹੁੰਦੇ ਹੋਏ 5 ਸਾਲ ਬਾਅਦ 1505 'ਚ ਵਾਪਸ ਸੁਲਤਾਨਪੁਰ ਲੋਧੀ ਪਹੁੰਚੇ। 

1506 ਈ. 'ਚ ਕੀਤੀ ਦੂਜੀ ਉਦਾਸੀ ਦੀ ਸ਼ੁਰੂਆਤ 
ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਾਬੇ ਨਾਨਕ ਨੇ ਦੂਜੀ ਉਦਾਸੀ 1506 ਈ. 'ਚ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਉਹ ਬਠਿੰਡਾ ਤੋਂ ਸਿਰਸਾ ਹੁੰਦੇ ਹੋਏ ਬੀਕਾਨੇਰ ਪਹੁੰਚੇ। ਉਥੋਂ ਜੈਸਲਮੇਰ, ਜੋਧਪੁਰ, ਪੁਸ਼ਕਰ, ਅਜਮੇਰ, ਚਿਤੌੜਗੜ੍ਹ, ਇੰਦੌਰ, ਹੋਸ਼ੰਗਾਬਾਦ, ਅਮਰਾਵਤੀ, ਬੀਦਰ, ਗੋਲਕੁੰਡਾ, ਹੈਦਰਾਬਾਦ, ਵਿਜੇਵਾੜਾ, ਤਿਰੁਪਤੀ, ਮਦਰਾਸ, ਪੁਡੂਚੇਰੀ, ਤੰਜੋਰੀ, ਊਜੈਨ, ਅਹਿਮਦਾਬਾਦ, ਬਾਂਸਵਾੜਾ, ਅਮਰਾਵਤੀ, ਅਕੋਲਾ, ਬੀਦਰ, ਤਿਰੂਚਿਰਾਪੱਲੀ, ਰਾਮੇਸ਼ਵਰ, ਟ੍ਰਿਕੋਮਾਲੀ, ਤ੍ਰਿਵੇਂਦਰਮ, ਕੋਚੀਨ, ਕੋਇਮਬਟੂਰ, ਕਾਲੀਕਟ, ਮੈਸੂਰ, ਬੈਂਗਲੁਰੂ, ਗੋਆ, ਪੁਣੇ, ਮੁੰਬਈ, ਸੂਰਤ, ਬੜੌਦਾ, ਜੂਨਾਗੜ, ਸੋਮਨਾਥ, ਦੁਆਰਕਾ, ਮੁਲਤਾਨ, ਪਾਕਪਟਨ ਅਤੇ ਤਲੰਵਡੀ ਹੁੰਦੇ ਹੋਏ 1509 ਨੂੰ ਸੁਲਤਾਨਪੁਰ ਲੋਧੀ ਵਾਪਸ ਪਹੁੰਚੇ। 

PunjabKesari

1514 'ਚ ਕੀਤੀ ਤੀਜੀ ਉਦਾਸੀ ਦੀ ਸ਼ੁਰੂਆਤ 
1514 ਨੂੰ ਤੀਜੀ ਉਦਾਸੀ ਸ੍ਰੀ ਕਰਤਾਰਪੁਰ ਤੋਂ ਕਲਾਨੌਰ, ਕਾਂਗੜਾ ਤੋਂ ਹੁੰਦੇ ਹੋਏ ਪਾਲਮਪੁਰ ਪਹੁੰਚੇ ਅਤੇ ਉਥੋਂ ਚੰਬਾ, ਕੁਲੂ, ਮੰਡੀ, ਰਿਵਾਲਸਰ, ਰੋਪੜ, ਦੇਹਰਾਦੂਨ, ਮਸੂਰੀ, ਗੰਗੋਤਰੀ, ਬਦਰੀਨਾਥ ਅਲਮੋੜਾ, ਰਾਨੀਖੇਤ, ਕਾਠਮਾਂਡੂ, ਮਾਨਸਰੋਵਰ, ਲੇਹ, ਤਾਸ਼ਕੰਦ, ਕਿਸ਼ਤਵਾੜ, ਭਦਰਵਾਹ, ਵੈਸ਼ਨੋਦੇਵੀ, ਰਿਆਸੀ, ਜੰਮੂ ਤੋਂ ਹੁੰਦੇ ਹੋਏ 1516 ਨੂੰ ਵਾਪਸ ਕਰਤਾਰਪੁਰ ਪਹੁੰਚੇ। 

1518 'ਚ ਬਾਬੇ ਨਾਨਕ ਨੇ ਚੌਥੀ ਉਦਾਸੀ ਦੀ ਸ਼ੁਰੂਆਤ 
ਸ੍ਰੀ ਗੁਰੂ ਨਾਨਕ ਦੇਵ ਜੀ ਨੇ 1518 ਤੋਂ ਆਪਣੀ ਚੌਥੀ ਉਦਾਸੀ ਕਰਤਾਰਪੁਰ ਤੋਂ ਸ਼ੁਰੂ ਕੀਤੀ ਅਤੇ ਹੈਦਰਾਬਾਦ, ਦੇਵਲ (ਕਰਾਚੀ) ਮੱਕਾ, ਜੱਦਾ, ਮਦੀਨਾ, ਯਰੂਸ਼ਲਮ, ਦਮਸ਼ਿਕ, ਪਾਰਚਿਨਾਰ (ਪੇਸ਼ਾਵਰ) ਤੋਂ ਹੁੰਦੇ ਹੋਏ ਬਗਦਾਦ ਪਹੁੰਚੇ। ਉਥੋਂ ਤੇਹਰਾਨ, ਸਮਰਕਦ, ਕਾਬੁਲ, ਕੰਧਾਰ, ਪੇਸ਼ਾਵਰ ਤੋਂ ਹੋ ਕੇ ਵਾਪਸ ਕਰਤਾਰਪੁਰ ਵਾਪਸ ਆਏ। ਆਪਣੀਆਂ ਇਨ੍ਹਾਂ ਉਦਾਸੀਆਂ ਦੇ ਜ਼ਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਜਾਤ-ਪਾਤ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ 'ਸਰਬਤ ਦਾ ਭਲਾ' ਦਾ ਸੰਦੇਸ਼ ਦਿੱਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Edited By shivani attri