550ਵੇਂ ਪ੍ਰਕਾਸ਼ ਪੁਰਬ ''ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ

09/22/2019 6:38:49 PM

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਲਈ ਦੋਵਾਂ ਦੇਸ਼ਾਂ 'ਚ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਲਾਂਘਾ ਖੁੱਲਣ ਮਗਰੋਂ ਦਰਸ਼ਨਾਂ ਲਈ ਜਾਣ ਵਾਸਤੇ ਕਿਸ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ, ਇਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਸਿੱਖ ਸ਼ਰਧਾਲੂ ਦੋਚਿੱਤੀ 'ਚ ਹਨ। ਪ੍ਰਕਾਸ਼ ਪੁਰਬ ਸਮਾਗਮ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਪਾਕਿਸਤਾਨ ਵੱਲੋਂ ਵੀ ਭਾਰਤੀ ਸ਼ਰਧਾਲੂਆਂ ਨੂੰ ਦਸ ਹਜ਼ਾਰ ਵੀਜ਼ੇ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਸਿੱਖ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਸੰੰਬੰਧੀ ਪੁਖਤਾ ਤੇ ਠੋਸ ਜਾਣਕਾਰੀ ਨਾ ਹੋਣ ਦੇ ਚੱਲਦੇ ਸੰਗਤ ਪ੍ਰੇਸ਼ਾਨੀ 'ਚ ਹੈ, ਇਸੇ ਦੇ ਮੱਦੇਨਜ਼ਰ ਐੱਸ. ਜੀ. ਪੀ. ਸੀ. ਹੈਲਪ ਡੈਸਕ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। 

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਮੁਤਾਬਕ ਸਿੱਖ ਸੰਸਥਾ ਜਲਦੀ ਹੀ ਯਾਤਰਾ ਵਿਭਾਗ ਵਿਚ 'ਇਕ ਹੈਲਪ ਡੈਸਕ' ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਦੋਵਾਂ ਸਰਕਾਰਾਂ ਵਿਚ ਸਮਝੌਤੇ 'ਤੇ ਸਹੀ ਪੈਣ ਮਗਰੋਂ ਪੁਖਤਾ ਜਾਣਕਾਰੀ ਹਾਸਲ ਹੋ ਸਕੇਗੀ। ਦੱਸਣਯੋਗ ਹੈ ਕਿ ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪਾਕਿਸਤਾਨ ਅਤੇ ਭਾਰਤੀ ਅਧਿਕਾਰੀਆਂ ਵਿਚਾਲੇ ਸਕੱਤਰ ਪੱਧਰ ਦੀ ਹੋਈ ਤੀਜੀ ਮੀਟਿੰਗ ਵਿਚ ਕੁਝ ਮੁੱਦਿਆਂ 'ਤੇ ਸਹਿਮਤੀ ਨਹੀਂ ਬਣ ਸਕੀ ਸੀ, ਜਿਨ੍ਹਾਂ ਵਿਚ ਪ੍ਰਤੀ ਸ਼ਰਧਾਲੂ 20 ਡਾਲਰ ਯਾਤਰੂ ਫੀਸ ਰੱਦ ਕਰਨ ਅਤੇ ਯਾਤਰੂ ਜਥੇ ਨਾਲ ਇਕ ਪ੍ਰੋਟੋਕੋਲ ਅਧਿਕਾਰੀ ਭੇਜਣ ਦੀ ਮੰਗ ਸ਼ਾਮਲ ਸੀ। ਵੇਰਵਿਆਂ ਮੁਤਾਬਕ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਇਸ ਸਬੰਧੀ ਚੌਥੀ ਮੀਟਿੰਗ ਜਲਦੀ ਹੀ ਸੱਦੇ ਜਾਣ ਦੀ ਸੰਭਾਵਨਾ ਹੈ।


Gurminder Singh

Content Editor

Related News