'550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਾਰੇ ਵਿਕਾਸ ਕਾਰਜ 30 ਸਤੰਬਰ ਤਕ ਕਰ ਲਏ ਜਾਣਗੇ ਮੁਕੰਮਲ'

06/01/2019 8:50:35 PM

ਸੁਲਤਾਨਪੁਰ ਲੋਧੀ,(ਸੋਢੀ ): ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਸਾਰੇ ਵਿਕਾਸ ਕਾਰਜ 30 ਸਤੰਬਰ 2019 ਤੱਕ ਮੁਕੰਮਲ ਕਰ ਲਏ ਜਾਣਗੇ। ਇਹ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਮੰਤਰੀ ਵਿਜੇ ਇੰਦਰ ਸਿੰਗਲਾ ਸ਼ਨੀਵਾਰ ਨੂੰ ਸੁਲਤਾਨਪੁਰ ਲੋਧੀ ਦੇ ਪੀ. ਡਬਲਿਊ. ਡੀ ਰੈਸਟ ਹਾਊਸ ਵਿਖੇ ਆਪਣੇ ਵਿਭਾਗ ਨਾਲ ਸਬੰਧਤ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਅਤੇ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਸਾਰੇ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨਾ ਯਕੀਨੀ ਬਣਾਉਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਚੱਲ ਰਹੇ ਕਾਰਜਾਂ ਦੀ ਨਿੱਜੀ ਤੌਰ 'ਤੇ ਲਗਾਤਾਰ ਨਿਗਰਾਨੀ ਰੱਖਣ। ਉਨ੍ਹਾਂ ਕਿਹਾ ਕਿ ਕਾਰਜਾਂ ਲਈ ਵਰਤੇ ਜਾ ਰਹੇ ਮਟੀਰੀਅਲ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਇਸ ਸਬੰਧੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੀ. ਡਬਲਿਊ. ਡੀ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਦੋ ਦਰਜਨ ਦੇ ਕਰੀਬ ਵਿਕਾਸ ਕਾਰਜਾਂ 'ਤੇ ਜੰਗੀ ਪੱਧਰ ਨਾਲ ਕੰਮ ਜਾਰੀ ਹੈ, ਜਿਨ੍ਹਾਂ 'ਚ ਸੁਲਤਾਨਪੁਰ ਲੋਧੀ ਨੂੰ ਜੋੜਦੀਆਂ ਮੁੱਖ ਸੜਕਾਂ ਤੋਂ ਇਲਾਵਾ ਪਿੰਡਾਂ ਦੀਆਂ ਸੜਕਾਂ ਦੇ ਕਾਇਆ ਕਲਪ, ਪੁਲਾਂ ਅਤੇ ਨਵੇਂ ਰੈਸਟ ਹਾਊਸ ਦਾ ਨਿਰਮਾਣ ਕਾਰਜ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਸਮੇਤ ਚੱਲ ਰਹੇ ਕਾਰਜਾਂ ਦਾ ਮੌਕਾ ਵੀ ਵੇਖਿਆ ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸੁਲਤਾਨਪੁਰ ਲੋਧੀ ਸ੍ਰੀਮਤੀ ਨਵਨੀਤ ਕੌਰ ਬੱਲ, ਡੀ. ਐਸ. ਪੀ. ਸੁਲਤਾਨਪੁਰ ਲੋਧੀ ਸ੍ਰੀ ਵਿਸ਼ਾਲਜੀਤ ਸਿੰਘ, ਐਕਸੀਅਨ ਪੀ. ਡਬਲਿਊ. ਡੀ (ਬੀ. ਐਂਡ ਆਰ) ਸ੍ਰੀ ਵਰਿੰਦਰ ਕੁਮਾਰ , ਜਥੇ ਜੁਗਰਾਜਪਾਲ ਸਿੰਘ ਸਾਹੀ ਸਕੱਤਰ ਮਾਰਕੀਟ ਕਮੇਟੀ , ਭੂਸ਼ਨ ਛੁਰਾ ਗੌਰਮਿੰਟ ਕੰਟਰੈਕਟਰ  ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
 


Related News