ਪੰਜਾਬ 'ਚ 6 ਮਹੀਨਿਆਂ ਦੌਰਾਨ 55 ਐਨਕਾਊਂਟਰ, ਪੁਲਸ ਦੀ ਗੋਲੀ ਨਾਲ 15 ਗੈਂਗਸਟਰਾਂ ਦੀ ਮੌਤ

Wednesday, Mar 20, 2024 - 11:38 AM (IST)

ਪੰਜਾਬ 'ਚ 6 ਮਹੀਨਿਆਂ ਦੌਰਾਨ 55 ਐਨਕਾਊਂਟਰ, ਪੁਲਸ ਦੀ ਗੋਲੀ ਨਾਲ 15 ਗੈਂਗਸਟਰਾਂ ਦੀ ਮੌਤ

ਚੰਡੀਗੜ੍ਹ : ਮੁਕੇਰੀਆਂ ਕੋਲ ਮੰਸੂਰਪੁਰ 'ਚ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਦਾ ਕਤਲ ਕਰਨ ਵਾਲੇ ਬਦਮਾਸ਼ ਸੁਖਵਿੰਦਰ ਸਿੰਘ ਉਰਫ਼ ਰਾਣਾ ਮਨਸੂਰਪੁਰੀਆ ਦਾ ਐਨਕਾਊਂਟਰ ਕਰ ਦਿੱਤਾ ਗਿਆ। ਪੰਜਾਬ 'ਚ ਜੇਕਰ ਪਿਛਲੇ 6 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਇਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਇਹ 55ਵਾਂ ਐਨਕਾਊਂਟਰ ਹੈ, ਜਿਨ੍ਹਾਂ 'ਚ 15 ਗੈਂਗਸਟਰ ਮਾਰੇ ਗਏ ਹਨ। ਪੁਲਸ ਅਧਿਕਾਰੀਆਂ ਦੇ ਮੁਤਾਬਕ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਪਰਾਧੀਆਂ 'ਤੇ ਪੂਰੀ ਤਰ੍ਹਾਂ ਨਕੇਲ ਕੱਸਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਦ ਹੋਈ UPSC ਦੀ ਪ੍ਰੀਖਿਆ, ਜਾਣੋ ਕੀ ਹੈ ਨਵੀਂ ਤਾਰੀਖ਼

ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ ਦੌਰਾਨ ਵਾਪਰੀਆਂ ਗੋਲੀਬਾਰੀ ਦੀਆਂ 93 ਘਟਨਾਵਾਂ 'ਚੋਂ ਪਿਛਲੇ 6 ਮਹੀਨਿਆਂ ਦੌਰਾਨ ਪੰਜਾਬ 'ਚ 55 ਤੋਂ ਵੱਧ ਐਨਕਾਊਂਟਰ ਕੀਤੇ ਗਏ ਹਨ। ਸਿਰਫ ਮੋਹਾਲੀ ਜ਼ਿਲ੍ਹੇ 'ਚ ਹੀ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਏ 13 ਮੁਕਾਬਲਿਆਂ 'ਚ 19 ਗੈਂਗਸਟਰ ਜ਼ਖਮੀ ਹੋਏ, ਜਦੋਂ ਕਿ 21 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਦੂਜੇ ਜ਼ਿਲ੍ਹਿਆਂ 'ਚ ਵੀ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ ਦੌਰਾਨ ਜਾਂ ਤਾਂ ਗੈਂਗਸਟਰ ਮਾਰੇ ਗਏ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਲੜ ਰਹੇ 5 ਮੰਤਰੀਆਂ ਦੀ ਸੁਰੱਖਿਆ ਬਾਰੇ ਮੁੱਖ ਚੋਣ ਅਧਿਕਾਰੀ ਦਾ ਵੱਡਾ ਬਿਆਨ (ਵੀਡੀਓ)

ਦਿਲਚਸਪ ਗੱਲ ਇਹ ਹੈ ਕਿ ਕਰੀਬ 80 ਫ਼ੀਸਦੀ ਕੇਸਾਂ 'ਚ ਗੈਂਗਸਟਰਾਂ ਨੂੰ ਲੱਤਾਂ 'ਚ ਗੋਲੀਆਂ ਲੱਗੀਆਂ ਹਨ। ਬੀਤੀ 29 ਨਵੰਬਰ ਨੂੰ ਕਾਰੋਬਾਰੀ ਸੰਭਵ ਜੈਨ ਦੇ ਅਗਵਾ ਮਾਮਲੇ 'ਚ ਲੋੜੀਂਦੇ 2 ਗੈਂਗਸਟਰਾਂ ਸੰਜੀਵ ਕੁਮਾਰ ਅਤੇ ਸ਼ੁਭਮ ਗੋਪੀ ਲੁਧਿਆਣਾ ਪੁਲਸ ਨਾਲ ਮੁਕਾਬਲੇ 'ਚ ਮਾਰੇ ਗਏ ਸਨ। 15 ਦਸੰਬਰ ਨੂੰ ਵੀ ਮਾਨਸਾ ਪੁਲਸ ਵਲੋਂ ਐਨਕਾਊਂਟਰ ਦੌਰਾਨ ਇਕ ਗੈਂਗਸਟਰ ਦੀ ਲੱਤ 'ਚ ਗੋਲੀ ਮਾਰੀ ਗਈ ਸੀ।

ਇਸ ਬਾਰੇ ਸੀਨੀਅਰ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਂਗਸਟਰਾਂ 'ਤੇ ਸਖ਼ਤ ਕਾਰਵਾਈ ਪੁਲਸ 'ਤੇ ਭਾਰੀ ਦਬਾਅ ਦਾ ਨਤੀਜਾ ਹੈ ਅਤੇ ਸਰਕਾਰ ਨੂੰ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਜਨਤਾ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੈਂਗਸਟਰ ਕੇਸਾਂ ਨਾਲ ਨਜਿੱਠਣ ਵਾਲੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੁਲਸ ਕੋਲ ਜਵਾਬੀ ਫਾਇਰਿੰਗ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧੀਆਂ ਨੂੰ ਸਪੱਸ਼ਟ ਸੰਦੇਸ਼ ਦੇਣ ਲਈ ਗੋਲੀ ਦੀ ਵਰਤੋਂ ਜ਼ਰੂਰੀ ਹੈ। ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਬੰਦੂਕਾਂ ਦੀ ਆਸਾਨੀ ਨਾਲ ਉਪਲੱਬਧਤਾ ਅਪਰਾਧੀਆਂ ਦੁਆਲੇ ਸ਼ਿਕੰਜਾ ਕੱਸਣਾ ਮੁਸ਼ਕਲ ਬਣਾ ਰਹੀ ਹੈ ਕਿਉਂਕਿ ਬਹੁਤ ਸਾਰੇ ਛੋਟੇ-ਛੋਟੇ ਗੈਂਗਸਟਰ ਆਪਣੇ ਮਾਡਿਊਲ ਅਤੇ ਗੈਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News