ਕਿਸੇ ਨਿਰਧਨ ਦੁਖੀਏ ਆਤੁਰ ਦਾ ਕੁਝ ਭਾਰ ਤਾਂ ਹੌਲਾ ਕਰਿਆ ਕਰ

Monday, Mar 18, 2019 - 10:15 AM (IST)

ਕਿਸੇ ਨਿਰਧਨ ਦੁਖੀਏ ਆਤੁਰ ਦਾ ਕੁਝ ਭਾਰ ਤਾਂ ਹੌਲਾ ਕਰਿਆ ਕਰ

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਸਮਾਜ ਵਿਚ ਦੁੱਖ ਸਹਿਣ ਕਰਨ ਵਾਲੇ ਲੋਕਾਂ ਦਾ ਕੋਈ ਅੰਤ ਨਹੀਂ ਹੈ। ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ ਹਾਲਾਤ ਵੱਲ ਨਜ਼ਰ ਮਾਰੀਏ ਤਾਂ ਜਿਹੜੀ ਤਸਵੀਰ ਉੱਭਰਦੀ ਹੈ, ਉਸ ਵਿਚ ਲੱਖਾਂ ਲੋਕ ਹਾਲੋਂ ਬੇਹਾਲ ਹੋ ਕੇ, ਦੁੱਖਾਂ-ਮੁਸੀਬਤਾਂ ਦੀ ਪੀੜ 'ਚ ਵਿਲਕਦੇ, ਰੋਣ-ਕੁਰਲਾਉਣ ਲਈ ਮਜਬੂਰ ਹਨ। ਕਿਤੇ ਭੁੱਖ-ਮਰੀ ਦੀ ਸਥਿਤੀ ਹੈ, ਕਿਤੇ ਕੁਦਰਤੀ ਆਫਤਾਂ ਦੀ ਮਾਰ ਪਈ ਹੈ ਅਤੇ ਕਈ ਲੋਕ ਸਰੀਰਕ ਸਮੱਸਿਆਵਾਂ ਦੇ ਸ਼ਿਕਾਰ ਹੋ ਕੇ ਦਰਦਾਂ ਦੇ ਦਰਿਆ 'ਚ ਗੋਤੇ ਖਾ ਰਹੇ ਹਨ। 

ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਨੂੰ ਅੱਤਵਾਦ ਦੀ ਜਿਹੜੀ ਮਾਰ ਪਈ ਹੈ, ਉਸਨੇ ਵੀ ਲੱਖਾਂ ਬੇਦੋਸ਼ੇ ਲੋਕਾਂ ਦਾ ਖੂਨ ਵਹਾਇਆ ਹੈ। ਧਰਤੀ ਤੋਂ ਅੱਤਵਾਦ ਦਾ ਸਫਾਇਆ ਕਰਨ ਲਈ ਅਜੇ ਹੋਰ ਜ਼ਿਆਦਾ ਇੱਛਾ-ਸ਼ਕਤੀ, ਇਕਜੁੱਟਤਾ ਅਤੇ ਵੱਡੇ ਯਤਨਾਂ ਦੀ ਲੋੜ ਹੈ। ਅੱਤਵਾਦ-ਵਿਰੋਧੀ ਇਰਾਦਿਆਂ ਨੂੰ ਅਜੇ ਹੋਰ ਬੁਲੰਦ ਕੀਤਾ ਜਾਣਾ ਚਾਹੀਦਾ ਹੈ। 

ਜਦੋਂ ਤਕ ਪੂਰੇ ਸੰਸਾਰ 'ਚ ਅੱਤਵਾਦ ਨੂੰ ਨੱਥ ਨਹੀਂ ਪਾ ਲਈ ਜਾਂਦੀ, ਉਦੋਂ ਤਕ ਪੀੜਤ ਪਰਿਵਾਰਾਂ, ਦਹਿਸ਼ਤਵਾਦੀ ਤਾਕਤਾਂ ਵਲੋਂ ਝੰਬੇ ਲੋਕਾਂ ਅਤੇ ਵਿਧਵਾ ਔਰਤਾਂ ਦਾ ਦੁੱਖ-ਦਰਦ ਵੰਡਾਉਣ ਲਈ ਯਤਨ-ਕਦਮ ਨਾ ਸਿਰਫ ਜਾਰੀ ਰੱਖੇ ਜਾਣ, ਸਗੋਂ ਉਨ੍ਹਾਂ ਦਾ ਘੇਰਾ ਵਿਸ਼ਾਲ ਕੀਤਾ ਜਾਵੇ ਅਤੇ ਤੇਜ਼ੀ ਵੀ ਲਿਆਂਦੀ ਜਾਵੇ। ਆਰਥਕ ਤੌਰ 'ਤੇ ਕਮਜ਼ੋਰ, ਪੀੜਾਂ ਮਾਰੇ ਅਤੇ ਲਾਚਾਰ ਵਿਅਕਤੀ ਦੀ ਸਹਾਇਤਾ ਕਰ ਕੇ ਮਨ ਨੂੰ ਜੋ ਸਕੂਨ ਮਿਲਦਾ ਹੈ, ਉਸ ਸਕੂਨ ਦੀ ਸੋਚ ਵਿਚੋਂ ਹੀ ਉਪਜੀ ਹੈ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ-ਮੁਹਿੰਮ, ਜਿਸ ਦੀ ਸਰਪ੍ਰਸਤੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਪਿਛਲੇ 20 ਸਾਲਾਂ ਤੋਂ ਕਰ ਰਹੇ ਹਨ। 

ਇਸ ਮੁਹਿੰਮ ਅਧੀਨ ਹੁਣ ਤਕ 500 ਟਰੱਕਾਂ ਦੀ ਰਾਹਤ-ਸਮੱਗਰੀ ਜੰਮੂ-ਕਸ਼ਮੀਰ ਨਾਲ ਸਬੰਧਿਤ ਅੱਤਵਾਦ ਪੀੜਤਾਂ, ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਪੰਜਾਬ ਦੇ ਸਰਹੱਦੀ ਪਿੰਡਾਂ 'ਚ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਲੋਕਾਂ ਤਕ ਪਹੁੰਚਾਈ ਜਾ ਚੁੱਕੀ ਹੈ। ਇਸ ਸਿਲਸਿਲੇ 'ਚ 501ਵੇਂ ਟਰੱਕ ਦੀ ਰਾਹਤ-ਸਮੱਗਰੀ ਪਿਛਲੇ ਦਿਨੀਂ ਮਾਤਾ ਵੈਸ਼ਣੋ ਦੇਵੀ ਦੇ ਚਰਨਾਂ 'ਚ ਸਥਿਤ ਨਗਰ ਕੱਟੜਾ ਵਿਖੇ ਜੁੜੇ 300 ਦੇ ਕਰੀਬ ਪਰਿਵਾਰਾਂ ਨੂੰ ਵੰਡੀ ਗਈ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ ਕੰਬਲ, ਸੂਟ, ਸ਼ਾਲ, ਸਵੈਟਰ ਅਤੇ ਹੋਰ ਕੱਪੜੇ ਮੁਹੱਈਆ ਕਰਵਾਏ ਗਏ।

ਰਾਹਤ ਵੰਡ ਆਯੋਜਨ ਦੀ ਦੇਖ-ਰੇਖ ਕਰ ਰਹੇ ਖੇਤਰ ਦੇ ਸਾਬਕਾ ਭਾਜਪਾ ਵਿਧਾਇਕ ਸ਼੍ਰੀ ਬਲਦੇਵ ਸ਼ਰਮਾ ਨੇ ਰਾਹਤ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਖ-ਵੱਖ ਕਾਰਨਾਂ ਕਰ ਕੇ ਵਿਧਵਾ ਹੋਈਆਂ ਬਹੁਤ ਸਾਰੀਆਂ ਔਰਤਾਂ ਕੱਟੜਾ ਦੇ ਆਸ-ਪਾਸ ਸਥਿਤ ਪਿੰਡਾਂ 'ਚ ਰਹਿ ਰਹੀਆਂ ਹਨ, ਜਿਨ੍ਹਾਂ  ਕੋਲ ਰੋਜ਼ੀ-ਰੋਟੀ ਦਾ ਕੋਈ ਪ੍ਰਬੰਧ ਨਹੀਂ ਹੈ। ਇਨ੍ਹਾਂ ਵਿਧਵਾਵਾਂ ਦਾ ਦੁੱਖ-ਦਰਦ ਵੰਡਾਉਣਾ ਵੱਡੇ ਪੁੰਨ ਦਾ ਕਾਰਜ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਉਹ ਖ਼ੁਦ ਆਪਣੀ ਕਮਾਈ 'ਚੋਂ 1000 ਵਿਧਵਾਵਾਂ ਨੂੰ ਹਰ ਮਹੀਨੇ 100-100 ਰੁਪਏ ਦੀ ਸਹਾਇਤਾ ਉਦੋਂ ਤਕ ਦਿੰਦੇ ਰਹੇ, ਜਦੋਂ ਤਕ ਉਨ੍ਹਾਂ ਦੀ ਪੈਨਸ਼ਨ ਨਹੀਂ ਲਗਵਾ ਦਿੱਤੀ ਗਈ। ਹੁਣ ਵੀ ਉਹ ਅਜਿਹੇ ਪਰਿਵਾਰਾਂ ਦੀ ਮਦਦ ਲਈ ਯਤਨਸ਼ੀਲ ਰਹਿੰਦੇ ਹਨ। 
ਸਾਬਕਾ ਵਿਧਾਇਕ ਨੇ ਕਿਹਾ ਕਿ ਅਜਿਹੀਆਂ ਲਾਚਾਰ ਅਤੇ ਲੋੜਵੰਦ ਔਰਤਾਂ ਦਾ ਦਰਦ ਵੰਡਾਉਣ ਨਾਲ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਪੰਜਾਬ ਵਾਸੀਆਂ ਨੇ ਵੀ ਇਨ੍ਹਾਂ ਲਈ ਮਦਦ ਭਿਜਵਾ ਕੇ ਬਹੁਤ ਨੇਕ ਕਾਰਜ ਕੀਤਾ ਹੈ। 

ਜੋਤ ਨਾਲ ਜੋਤ ਜਗਦੀ ਹੈ : ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦਾਂ ਅਤੇ ਪੀੜਤ ਪਰਿਵਾਰਾਂ ਦੀ ਵੱਧ-ਚੜ੍ਹ ਕੇ ਮਦਦ ਕੀਤੀ ਜਾਣੀ ਚਾਹੀਦੀ ਹੈ। ਸਾਡੇ ਵੱਲੋਂ ਦਿੱਤੇ ਛੋਟੇ ਜਿਹੇ ਯੋਗਦਾਨ ਨਾਲ ਵੀ ਸਬੰਧਤ ਵਿਅਕਤੀ ਨੂੰ ਵੱਡਾ ਹੌਸਲਾ ਮਿਲਦਾ ਹੈ। ਅਸਲ ਵਿਚ ਇਸ ਤਰ੍ਹਾਂ ਜੋਤ ਨਾਲ ਜੋਤ ਜਗਾਉਣ ਦੀ ਹੀ ਕੋਸ਼ਿਸ਼ ਹੁੰਦੀ ਹੈ। 

ਰਾਹਤ ਮੁਹਿੰਮ ਦਾ ਜ਼ਿਕਰ ਕਰਦਿਆਂ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਪਰਮ ਪੂਜਨੀਕ ਸ਼੍ਰੀ ਵਿਜੇ ਜੀ ਵਲੋਂ ਆਰੰਭੇ ਇਸ ਸੇਵਾ-ਕਾਰਜ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਹਨ। ਦਾਨੀ ਸ਼ਖ਼ਸੀਅਤਾਂ, ਸੰਸਥਾਵਾਂ ਅਤੇ ਸੋਸਾਇਟੀਆਂ ਵਲੋਂ ਦਿੱਤੀ ਗਈ ਰਾਹਤ-ਸਮੱਗਰੀ ਨੂੰ ਲੋੜਵੰਦ ਹੱਥਾਂ ਤਕ ਪਹੁੰਚਾਉਣ ਲਈ ਜਿੱਥੇ ਰਾਹਤ-ਟੀਮ ਦੇ ਬਹੁਤ ਸਾਰੇ ਮੈਂਬਰ ਇਸ ਲਈ ਯਤਨਸ਼ੀਲ ਰਹਿੰਦੇ ਹਨ, ਉਥੇ ਸਥਾਨਕ ਲੋਕਾਂ ਦਾ ਵੀ ਅਹਿਮ ਸਹਿਯੋਗ ਹੁੰਦਾ ਹੈ। 
ਉਨ੍ਹਾਂ ਕਿਹਾ ਕਿ ਯਤਨ ਇਹੀ ਹੁੰਦਾ ਹੈ ਕਿ ਸਮੱਗਰੀ ਮੁਹੱਈਆ ਕਰਵਾਉਣ ਵਾਲੇ ਦਾਨਵੀਰ ਖ਼ੁਦ ਵੀ ਪ੍ਰਭਾਵਿਤ ਪਰਿਵਾਰਾਂ ਤਕ ਪਹੁੰਚਣ ਅਤੇ ਆਪਣੇ ਹੱਥੀਂ ਸਮੱਗਰੀ ਵੰਡਣ ਦਾ ਕਾਰਜ ਕਰਨ। ਇਸ ਨਾਲ ਹੋਰ ਲੋਕਾਂ ਤਕ ਵੀ ਸੰਦੇਸ਼ ਪਹੁੰਚਦਾ ਹੈ ਅਤੇ ਇਸ ਪ੍ਰਕਿਰਿਆ ਰਾਹੀਂ ਹੋਰ ਜ਼ਿਆਦਾ ਲੋੜਵੰਦਾਂ ਦੀ ਮਦਦ ਸੰਭਵ ਹੁੰਦੀ ਹੈ। 

ਭਾਰਤੀ ਕੁਸ਼ਤੀ ਸੰਸਥਾ ਦੇ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਸ਼ਰਮਾ ਨੇ ਕਿਹਾ ਕਿ ਸਮਾਜ ਦੀ ਭਲਾਈ ਲਈ ਅਤੇ ਇਨਸਾਨੀਅਤ ਦੀ ਖਾਤਰ ਕੰਮ ਕਰਨ ਵਾਲਿਆਂ ਨੂੰ ਯੁਗਾਂ ਤਕ ਯਾਦ ਰੱਖਿਆ ਜਾਂਦਾ ਹੈ। ਆਮ ਮਨੁੱਖ ਦਾ ਨਾਂ ਤਾਂ ਦੋ-ਤਿੰਨ ਪੀੜ੍ਹੀਆਂ ਤੋਂ ਬਾਅਦ ਪਰਿਵਾਰ ਨਾਲ ਸਬੰਧਿਤ ਲੋਕਾਂ ਨੂੰ ਵੀ ਯਾਦ ਨਹੀਂ ਰਹਿੰਦਾ। ਦੂਜਿਆਂ ਦੇ ਕੰਮ ਆਉਣਾ ਹੀ ਮਹਾਨ ਕਾਰਜ ਹੈ ਅਤੇ ਸਭ ਨੂੰ ਇਸ ਰਸਤੇ 'ਤੇ ਚੱਲਣਾ ਚਾਹੀਦਾ ਹੈ। 

ਕਿਸੀ ਕੇ ਪਾਂਵ ਕਾ ਕਾਂਟਾ ਨਿਕਾਲ ਕਰ ਤੋ ਦੇਖ : ਪ੍ਰੋਮਿਲਾ ਅਰੋੜਾ
ਕਪੂਰਥਲਾ ਦੀ ਸਮਾਜ ਸੇਵਿਕਾ ਮੈਡਮ ਪ੍ਰੋਮਿਲਾ ਅਰੋੜਾ ਨੇ ਲੋੜਵੰਦਾਂ ਦੀ ਮਦਦ ਕੀਤੇ ਜਾਣ ਸਬੰਧੀ ਇਕ ਸ਼ੇਅਰ ਪੜ੍ਹਦਿਆਂ ਕਿਹਾ:
ਤੇਰੇ ਦਿਲ ਕੀ ਚੁਭਨ ਭੀ ਕੁਛ ਤੋ ਕਮ ਹੋਗੀ,
ਕਿਸੀ ਕੇ ਪਾਂਵ ਕਾ ਕਾਂਟਾ ਨਿਕਾਲ ਕਰ ਤੋ ਦੇਖ। 

ਉਨ੍ਹਾਂ ਕਿਹਾ ਕਿ ਜਦੋਂ ਇਨਸਾਨ ਕਿਸੇ ਦੂਜੇ ਦਾ ਦਰਦ ਵੰਡਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਆਪਣੇ ਮਨ ਨੂੰ ਵੀ ਮੁਸ਼ਕਲਾਂ ਤੋਂ ਕੁਝ ਰਾਹਤ ਮਹਿਸੂਸ  ਹੁੰਦੀ ਹੈ। ਇਸ ਲਈ ਸਾਨੂੰ ਦੁਖੀਆਂ, ਲਾਚਾਰ ਲੋਕਾਂ ਦੇ ਕੰਮ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨੀਅਤ ਨੂੰ ਪਿਆਰ ਕਰਨਾ ਹੀ ਹਕੀਕਤ 'ਚ ਰੱਬ ਨੂੰ  ਪਿਆਰ ਕਰਨਾ ਹੈ। 

ਕੱਟੜਾ ਨਗਰ ਕਮੇਟੀ ਦੇ ਪ੍ਰਧਾਨ ਸ਼੍ਰੀ ਬਿਮਲ ਇੰਦੂ ਉਰਫ ਸ਼ਸ਼ੀ ਗੁਪਤਾ ਨੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਦੋ-ਚਾਰ ਦਿਨ ਇਕ ਹੀ ਕੰਮ ਕਰ ਕੇ ਅੱਕ ਜਾਂਦਾ ਹੈ ਪਰ ਪੰਜਾਬ ਕੇਸਰੀ ਗਰੁੱਪ 20 ਸਾਲਾਂ ਤੋਂ ਲਗਾਤਾਰ ਸੇਵਾ-ਮੁਹਿੰਮ ਚਲਾ ਰਿਹਾ ਹੈ। ਇਹ ਇਨਸਾਨੀਅਤ ਦੀ ਭਲਾਈ ਦੀ ਇਕ ਮਿਸਾਲ ਹੈ। 

ਇਸ ਮੌਕੇ 'ਤੇ ਜਨਹਿੱਤ ਵੈੱਲਫੇਅਰ ਸੋਸਾਇਟੀ ਦੀ ਚੇਅਰਪਰਸਨ ਮੈਡਮ ਡੌਲੀ ਹਾਂਡਾ, ਸ਼੍ਰੀਮਤੀ ਮੀਨਾਕਸ਼ੀ ਸ਼ਰਮਾ, ਰਜਿੰਦਰ ਸ਼ਰਮਾ (ਭੋਲਾ ਜੀ), ਪੰਜਾਬ ਕੇਸਰੀ ਦੇ ਕੱਟੜਾ ਤੋਂ ਪ੍ਰਤੀਨਿਧੀ ਅਮਿਤ ਕੁਮਾਰ, ਜ਼ਿਲਾ ਰਿਆਸੀ ਦੇ ਭਾਜਪਾ ਪ੍ਰਧਾਨ ਕੁਲਦੀਪ ਰਾਜ ਦੁਬੇ, ਐੱਮ. ਐੱਲ. ਸੀ. ਬਿਕਰਮ, ਸੰਜੇ ਕੁਮਾਰ ਮੰਡੋਤਰਾ, ਸ਼ਾਮੂ ਪੰਡਤ, ਵਿਜੇ ਸ਼ਰਮਾ, ਨੈਕਾ ਨੇਤਾ ਅਸ਼ਵਨੀ ਕੁਮਾਰ, ਭਾਜਪਾ ਨੇਤਾ ਅਜੈ ਵਰਮਾ, ਸਾਬਕਾ ਕੌਂਸਲਰ ਰਜਿੰਦਰ ਕੁਮਾਰ, ਆਸ਼ੀਸ਼ ਸ਼ਰਮਾ ਅਤੇ ਸੰਜੇ ਪਾਧਾ ਵੀ ਮੌਜੂਦ ਸਨ। 
ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਕਟੜਾ ਦੇ ਵੱਖ-ਵੱਖ ਖੇਤਰਾਂ ਤੋਂ ਇਲਾਵਾ ਸੇਰਵੜ, ਸਰੂਨ, ਕੋਟਲੀ ਬਜਾਜਾਂ ਅਤੇ ਕੁੰਡ ਦਰੋੜਿਆਂ ਆਦਿ ਪਿੰਡਾਂ ਨਾਲ ਸਬੰਧਤ ਸਨ।


author

Shyna

Content Editor

Related News