500 ਲਿਟਰ ਲਾਹਣ, 35 ਬੋਤਲਾਂ ਨਾਜਾਇਜ਼ ਸ਼ਰਾਬ, 12 ਡਰੰਮ ਤੇ ਭੱਠੀ ਦਾ ਸਾਮਾਨ ਬਰਾਮਦ
Friday, Jan 24, 2025 - 05:06 AM (IST)
ਸੁਲਤਾਨਪੁਰ ਲੋਧੀ/ਭੁਲੱਥ (ਧੀਰ, ਰਜਿੰਦਰ) - ਜ਼ਿਲਾ ਪੁਲਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸੁਭਾਨਪੁਰ ਪੁਲਸ ਨੇ ਪਿੰਡ ਬੂਟ ਵਿਖੇ ਵੇਈਂ ਕੰਢਿਓਂ 500 ਲਿਟਰ ਲਾਹਣ, 35 ਬੋਤਲਾਂ ਨਾਜਾਇਜ਼ ਸ਼ਰਾਬ, 12 ਡਰੰਮ ਤੇ ਭੱਠੀ ਦਾ ਸਾਮਾਨ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਬੂਟ ਵਿਖੇ ਵੇਈਂ ਨਜ਼ਦੀਕ ਕਿਸੇ ਅਣਪਛਾਤੇ ਵਿਅਕਤੀ ਨੇ ਦੇਸੀ ਸ਼ਰਾਬ ਕੱਢਣ ਲਈ ਵੱਡੀ ਮਾਤਰਾ ’ਚ ਲਾਹਣ ਰੱਖੀ ਹੋਈ ਹੈ ਤੇ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋ ਸਕਦੀ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਡੀ. ਐੱਸ. ਪੀ. ਸਬ ਡਵੀਜ਼ਨ ਭੁਲੱਥ ਕਰਨੈਲ ਸਿੰਘ ਦੀ ਅਗਵਾਈ ਹੇਠ ਐੱਸ. ਐੱਚ. ਓ. ਕੰਵਰਜੀਤ ਸਿੰਘ ਬੱਲ ਨੇ ਏ. ਐੱਸ. ਆਈ. ਗੁਰਦੇਵ ਸਿੰਘ ਸਮੇਤ ਪੁਲਸ ਪਾਰਟੀ ਨਾਲ ਮੁਖ਼ਬਰ ਵੱਲੋਂ ਦੱਸੀ ਉਕਤ ਜਗ੍ਹਾ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਸ ਨੂੰ 12 ਡਰੰਮ, ਭੱਠੀ ਦਾ ਸਾਮਾਨ, 500 ਲਿਟਰ ਲਾਹਣ ਤੇ 35 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਮਿਲੀਆਂ।
ਐੱਸ. ਐੱਚ. ਓ. ਕੰਵਰਜੀਤ ਸਿੰਘ ਬੱਲ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਭਾਨਪੁਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਕਥਿਤ ਮੁਲਜ਼ਮ ਸਲਾਖਾਂ ਪਿੱਛੇ ਹੋਣਗੇ।