ਫਜ਼ੂਲਖਰਚੀ ਤੇ ਸਿਰਦਰਦ ਸਾਬਿਤ ਹੋ ਰਿਹਾ ਹੈ 50 ਕਰੋੜ ਦਾ ਸਮਾਰਟ ਰੋਡ ਪ੍ਰਾਜੈਕਟ

05/12/2022 3:13:59 PM

ਜਲੰਧਰ (ਖੁਰਾਣਾ)–ਸੱਤਾ ਧਿਰ ’ਚ ਬੈਠੀ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਇੱਛਾ ਵਿਰੁੱਧ ਜਾ ਕੇ ਜਲੰਧਰ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਵਿਧਾਨ ਸਭਾ ਚੋਣਾਂ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਸ਼ਹਿਰ ’ਚ 50 ਕਰੋੜ ਰੁਪਏ ਦਾ ਸਮਾਰਟ ਰੋਡ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਤਹਿਤ ਸ਼ਹਿਰ ਦੇ ਸਭ ਤੋਂ ਰੁੱਝੇ ਖੇਤਰ ਦੀਆਂ ਸੜਕਾਂ ਨੂੰ ਤੋੜ ਦਿੱਤਾ ਗਿਆ। ਵਿਧਾਨ ਸਭਾ ਚੋਣਾਂ ਦੌਰਾਨ ਸਮਾਰਟ ਰੋਡ ਪ੍ਰਾਜੈਕਟ ਦੇ ਕਾਰਨ ਲੋਕਾਂ ਨੂੰ ਆਈ ਪ੍ਰੇਸ਼ਾਨੀ ਨੇ 2 ਕਾਂਗਰਸੀ ਵਿਧਾਇਕਾਂ ਰਾਜਿੰਦਰ ਬੇਰੀ ਅਤੇ ਸੁਸ਼ੀਲ ਰਿੰਕੂ ਤੱਕ ਦੀ ਬਲੀ ਲੈ ਲਈ ਅਤੇ ਅੱਜ ਵੀ ਇਸ ਪ੍ਰਾਜੈਕਟ ਦੇ ਕਾਰਨ ਹਜ਼ਾਰਾਂ ਲੱਖਾਂ ਲੋਕਾਂ ਨੂੰ ਲਗਾਤਾਰ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਇਸ ਪ੍ਰਾਜੈਕਟ ਤਹਿਤ ਕਪੂਰਥਲਾ ਰੋਡ ਅਤੇ ਟੈਗੋਰ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਨੂੰ ਪਿਛਲੇ 6 ਮਹੀਨਿਆਂ ਤੋਂ ਪੁੱਟਿਆ ਹੋਇਆ ਹੈ ਪਰ ਉਸ ਨੂੰ ਬਣਾਉਣ ਦਾ ਨਾਂ ਨਹੀਂ ਲਿਆ ਜਾ ਰਿਹਾ। ਇਸ ਖ਼ੇਤਰ ਤੋਂ ਉੱਡਦੀ ਮਿੱਟੀ ਨੇ ਸੈਂਕੜੇ ਲੋਕਾਂ ਨੂੰ ਦਮੇ ਦਾ ਮਰੀਜ਼ ਤਕ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਸਮਾਰਟ ਰੋਡ ਦਾ ਨਿਰਮਾਣ ਐੱਚ. ਐੱਮ. ਵੀ. ਕਾਲਜ ਵਾਲੀ ਰੋਡ ਅਤੇ ਪਟੇਲ ਚੌਂਕ ਖੇਤਰ ’ਚ ਵੀ ਚੱਲ ਰਿਹਾ ਹੈ ਜਿਥੇ ਲੋਕ ਕਾਫ਼ੀ ਪਰੇਸ਼ਾਨੀ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਘਰ ਦੇ ਬਾਹਰ ਖੜ੍ਹੀ 6 ਸਾਲਾ ਬੱਚੀ ਨੂੰ ਇੰਝ ਪਾਇਆ ਮੌਤ ਨੇ ਘੇਰਾ, ਜੋ ਕਿਸੇ ਨੇ ਸੋਚਿਆ ਵੀ ਨਾ ਸੀ

ਇਨ੍ਹਾਂ ਸੜਕਾਂ ਨੂੰ ਸਮਾਰਟ ਬਣਾਉਣ ਦੀ ਕੋਈ ਲੋੜ ਹੀ ਨਹੀਂ ਸੀ
ਸਮਾਰਟ ਸਿਟੀ ਕੰਪਨੀ ਨੇ ਜਦੋਂ ਡੀ. ਏ. ਵੀ. ਕਾਲਜ ਤੋਂ ਲੈ ਕੇ ਵਰਕਸ਼ਾਪ ਚੌਕ, ਵਰਕਸ਼ਾਪ ਚੌਕ ਤੋਂ ਲੈ ਕੇ ਪੁਰਾਣੀ ਸਬਜ਼ੀ ਮੰਡੀ ਚੌਕ, ਵਰਕਸ਼ਾਪ ਚੌਕ ਤੋਂ ਲੈ ਕੇ ਕਪੂਰਥਲਾ ਚੌਕ, ਕਪੂਰਥਲਾ ਚੌਂਕ ਤੋਂ ਲੈ ਕੇ ਬਸਤੀ ਬਾਵਾ ਖੇਲ ਨਹਿਰ ਦੀ ਪੁਲੀ ਅਤੇ ਪੁਲੀ ਤੋਂ ਲੈ ਕੇ ਬਾਬੂ ਜਗਜੀਵਨ ਰਾਮ ਚੌਕ ਤਕ ਦੀਆਂ ਸੜਕਾਂ ਨੂੰ ਸਮਾਰਟ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ, ਉਦੋਂ ਵੀ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਸੜਕਾਂ ਤਾਂ ਪਹਿਲਾਂ ਹੀ ਸਮਾਰਟ ਹਨ ਅਤੇ ਬਾਕੀ ਸ਼ਹਿਰ ਤੋਂ ਕਿਤੇ ਚੰਗੀਆਂ ਹਨ, ਇਸ ਲਈ ਇਸ ਖ਼ੇਤਰ ’ਚ ਇਹ ਪ੍ਰਾਜੈਕਟ ਸ਼ੁਰੂ ਨਾ ਕੀਤਾ ਜਾਵੇ।
ਉਦੋਂ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਕਾਂਗਰਸੀ ਨੇਤਾਵਾਂ ਤਕ ਦੀ ਨਹੀਂ ਮੰਨੀ ਅਤੇ ਸੜਕਾਂ ਨੂੰ ਪੁੱਟ ਕੇ ਰੱਖ ਦਿੱਤਾ। ਹੁਣ ਸਮਾਰਟ ਸੜਕਾਂ ਦੇ ਨਾਂ ’ਤੇ ਇਥੇ ਸਿਰਫ ਕੰਕਰੀਟ ਅਤੇ ਲੁੱਕ-ਬੱਜਰੀ ਪਾਉਣ ਦਾ ਹੀ ਕੰਮ ਕੀਤਾ ਜਾ ਰਿਹਾ ਹੈ। ਕਿਉਂਕਿ ਇਸ ਖੇਤਰ ’ਚ ਪਹਿਲਾਂ ਤੋਂ ਹੀ ਕਾਫੀ ਵੱਧ ਟ੍ਰੈਫਿਕ ਹੈ ਅਤੇ ਸੜਕਾਂ ਚੌੜੀਆਂ ਕਰਨ ਦੀ ਕੋਈ ਵਿਵਸਥਾ ਵੀ ਨਹੀਂ ਹੈ, ਇਸ ਲਈ ਸਮਾਰਟਨੈੱਸ ਦੇ ਨਾਂ ’ਤੇ ਇਨ੍ਹਾਂ ਸੜਕਾਂ ’ਤੇ ਕੁਝ ਵਾਧੂ ਨਹੀਂ ਕੀਤਾ ਜਾ ਸਕਦਾ, ਇਸ ਲਈ ਪੂਰੇ ਸ਼ਹਿਰ ’ਚ ਚਰਚਾ ਹੈ ਕਿ ਇਨ੍ਹਾਂ ਸੜਕਾਂ ’ਤੇ ਸਮਾਰਟ ਰੋਡ ਪ੍ਰਾਜੈਕਟ ਬਣਾਉਣ ਦੀ ਕੋਈ ਲੋੜ ਹੀ ਨਹੀਂ ਸੀ।

ਪ੍ਰਿੰਸੀਪਲ ਸੈਕ੍ਰੇਟਰੀ ਨੇ ਲੋਕਾਂ ਤੋਂ ਫੀਡਬੈਕ ਲੈਣ ਨੂੰ ਕਿਹਾ
ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕ੍ਰੇਟਰੀ ਨੇ ਪਿਛਲੇ ਦਿਨੀਂ ਚੰਡੀਗੜ੍ਹ ’ਚ ਸਾਰੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੀ ਇਕ ਬੈਠਕ ਲਈ ਜਿਸ ਦੌਰਾਨ ਪੰਜਾਬ ਦੇ 3 ਸ਼ਹਿਰਾਂ ’ਚ ਚੱਲ ਰਹੇ ਸਮਾਰਟ ਰੋਡ ਪ੍ਰਾਜੈਕਟ ਪ੍ਰਤੀ ਲੋਕਾਂ ਤੋਂ ਫੀਡਬੈਕ ਲੈਣ ਨੂੰ ਕਿਹਾ ਗਿਆ। ਇਨ੍ਹਾਂ ਹੁਕਮਾਂ ਦੇ ਤਹਿਤ ਸ਼ਹਿਰਵਾਸੀਆਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਉਹ ਸਮਾਰਟ ਰੋਡ ਪ੍ਰਾਜੈਕਟ ਤੋਂ ਸੰਤੁਸ਼ਟ ਹਨ ਵੀ ਜਾਂ ਨਹੀਂ। ਹੁਣ ਦੇਖਣਾ ਹੈ ਕਿ ਜਲੰਧਰ ਦੇ ਲੋਕ ਇਨ੍ਹਾਂ ਸਮਾਰਟ ਰੋਡਜ਼ ਬਾਰੇ ਆਪਣੀ ਕੀ ਪ੍ਰਤੀਕਿਰਿਆ ਪ੍ਰਿੰਸੀਪਲ ਸੈਕ੍ਰੇਟਰੀ ਤਕ ਪਹੁੰਚਾਉਂਦੇ ਹਨ।

ਇਹ ਵੀ ਪੜ੍ਹੋ: ਜਲੰਧਰ: ਦੋਵੇਂ ਹੱਥ ਬੰਨ੍ਹੇ ਲੋਹੇ ਦੀ ਗਰਿੱਲ ਨਾਲ ਲਟਕਦੀ ਮਿਲੀ ਪੁੱਤ ਦੀ ਲਾਸ਼, ਮਾਂ ਨੇ ਨੂੰਹ 'ਤੇ ਲਾਏ ਕਤਲ ਦੇ ਦੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News