ਦਰਦਨਾਕ ਘਟਨਾ : ਕਾਰ ਨੂੰ ਅੱਗ ਲੱਗਣ ਕਾਰਨ 5 ਸਾਲਾ ਮਾਸੂਮ ਬੱਚੀ ਜ਼ਿੰਦਾ ਸੜੀ

Sunday, Mar 05, 2023 - 09:36 PM (IST)

ਦਰਦਨਾਕ ਘਟਨਾ : ਕਾਰ ਨੂੰ ਅੱਗ ਲੱਗਣ ਕਾਰਨ 5 ਸਾਲਾ ਮਾਸੂਮ ਬੱਚੀ ਜ਼ਿੰਦਾ ਸੜੀ

ਮੁੱਦਕੀ/ਤਲਵੰਡੀ ਭਾਈ (ਹੈਪੀ/ਗੁਲਾਟੀ) : ਸੜਕ 'ਤੇ ਚੱਲਦੇ ਵਾਹਨ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਤੇ ਕਈ ਵਾਰ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਤਾਜ਼ਾ ਮਾਮਲਾ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਪੈਂਦੇ ਪਿੰਡ ਕੋਟ ਕਰੋੜ ਕਲਾਂ ਦੇ ਨਜ਼ਦੀਕ ਵਾਪਰਿਆ, ਜਿੱਥੇ ਇਕ ਸਵਿਫ਼ਟ ਕਾਰ ਨੂੰ ਅੱਗ ਲੱਗਣ ਕਾਰਨ ਉਸ ਵਿੱਚ ਬੈਠੀ ਇਕ 4-5 ਸਾਲਾ ਮਾਸੂਮ ਬੱਚੀ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਹ ਦਰਦਨਾਕ ਘਟਨਾ ਸ਼ਾਮ ਕਰੀਬ 6.30 ਵਜੇ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੀਨ ਦੀ ਨਵੀਂ ਸਾਜ਼ਿਸ਼: ਤਿੱਬਤੀਆਂ ਦੀ ਭਾਸ਼ਾ, ਸੱਭਿਆਚਾਰ ਤੇ ਪਛਾਣ ਨੂੰ ਇਸ ਤਰ੍ਹਾਂ ਕਰ ਰਿਹਾ ਤਬਾਹ

ਮਿਲੇ ਵੇਰਵਿਆਂ ਮੁਤਾਬਕ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਲੇਰ ਦਾ ਵਸਨੀਕ ਗੁਰਜੀਤ ਸਿੰਘ ਪੁੱਤਰ ਮੱਘਰ ਸਿੰਘ ਆਪਣੇ ਪਰਿਵਾਰ ਪਤਨੀ, 3 ਧੀਆਂ ਅਤੇ ਇਕ ਪੁੱਤਰ ਨਾਲ ਉਕਤ ਕਾਰ ਨੰਬਰ ਪੀ ਬੀ 19 ਏ 6969 'ਚ ਸਵਾਰ ਮੋਗਾ ਜ਼ਿਲ੍ਹੇ ਦੇ ਧਰਮਕੋਟ ਵਿਖੇ ਕਿਸੇ ਰਿਸ਼ਤੇਦਾਰੀ 'ਚੋਂ ਹੋ ਕੇ ਸ਼ਾਮ ਸਮੇਂ ਪਿੰਡ ਨੂੰ ਵਾਪਸ ਜਾ ਰਿਹਾ ਸੀ ਕਿ ਪਿੰਡ ਕੋਟ ਕਰੋੜ ਕਲਾਂ ਨੇੜੇ ਪਹੁੰਚਣ 'ਤੇ ਗੱਡੀ ਵਿੱਚ ਕੋਈ ਨੁਕਸ ਪੈ ਗਿਆ, ਜਿਸ ਨੂੰ ਵੇਖਣ ਲਈ ਗੁਰਜੀਤ ਗੱਡੀ 'ਚੋਂ ਬਾਹਰ ਆਇਆ ਤਾਂ ਅਚਾਨਕ ਗੱਡੀ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਪ੍ਰੋਸਟੇਟ ਕੈਂਸਰ ਦੇ ਇਲਾਜ ਤੋਂ ਬਾਅਦ ਅਮਰੀਕੀ ਵਿਅਕਤੀ ਬੋਲਣ ਲੱਗਾ ਆਇਰਿਸ਼

ਕਾਰ ਦੀ ਪਿਛਲੀ ਸੀਟ 'ਤੇ ਬੈਠੀ ਗੁਰਜੀਤ ਦੀ ਪਤਨੀ, 2 ਬੇਟੀਆਂ ਤੇ ਇਕ ਬੇਟਾ ਤਾਂ ਅੱਗ ਲੱਗੀ ਕਾਰ 'ਚੋਂ ਬਾਹਰ ਨਿਕਲਣ ਵਿੱਚ ਸਫਲ ਹੋ ਗਏ ਪਰ ਇਸੇ ਦੌਰਾਨ ਕਾਰ ਨੂੰ ਲੱਗ ਚੁੱਕੇ ਸੈਂਟਰ ਲਾਕ ਕਾਰਨ ਕਾਰ ਦੀਆਂ ਖਿੜਕੀਆਂ ਜਾਮ ਹੋ ਗਈਆਂ ਤੇ ਕਾਰ ਦੀ ਅਗਲੀ ਸੀਟ 'ਤੇ ਬੈਠੀ ਮਾਸੂਮ ਬੱਚੀ ਤਨਵੀਰ ਉਰਫ਼ ਤਨੂੰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਤਲਵੰਡੀ ਭਾਈ ਦੀ ਮੁਖੀ ਸ਼ਿਮਲਾ ਰਾਣੀ ਵੱਲੋਂ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਛਾਣਬੀਣ ਕੀਤੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News