ਰਿੰਦਾ ਤੇ ਗੋਲਡੀ ਬਰਾੜ ਵੱਲੋਂ ਚਲਾਏ ਜਾ ਰਹੇ ਇਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਹਥਿਆਰਾਂ ਸਣੇ 5 ਕਾਬੂ

Monday, Aug 14, 2023 - 07:16 PM (IST)

ਰਿੰਦਾ ਤੇ ਗੋਲਡੀ ਬਰਾੜ ਵੱਲੋਂ ਚਲਾਏ ਜਾ ਰਹੇ ਇਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਹਥਿਆਰਾਂ ਸਣੇ 5 ਕਾਬੂ

ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਪੁਲਸ ਵੱਲੋਂ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਹੋਰ ਅੱਤਵਾਦੀ ਮਾਡਿਊਲ ਜੋ ਅਮਰੀਕਾ ਅਧਾਰਿਤ ਲੋੜੀਂਦੇ ਗੈਂਗਸਟਰ ਹਰਪ੍ਰੀਤ ਉਰਫ਼ ਹੈਪੀ ਵੱਲੋਂ ਚਲਾਇਆ ਜਾ ਰਿਹਾ ਸੀ, ਦਾ ਪਰਦਾਫਾਸ਼ ਕਰਦਿਆਂ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਉਨ੍ਹਾਂ ਕੋਲੋਂ 2 ਵਿਦੇਸ਼ੀ 9 ਐੱਮਐੱਮ ਪਿਸਤੌਲਾਂ ਸਮੇਤ ਗੋਲ਼ੀ-ਸਿੱਕਾ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗੈਂਗਸਟਰ ਹਰਪ੍ਰੀਤ ਹੈਪੀ ਪਾਕਿਸਤਾਨ ਅਧਾਰਿਤ ਲੋੜੀਂਦੇ ਅੱਤਵਾਦੀ ਹਰਵਿੰਦਰ ਉਰਫ਼ ਰਿੰਦਾ ਅਤੇ ਅਮਰੀਕਾ ਅਧਾਰਿਤ ਲੋੜੀਂਦੇ ਅੱਤਵਾਦੀ ਗੋਲਡੀ ਬਰਾੜ ਦੇ ਸੰਪਰਕ ਵਿੱਚ ਹੈ।

ਇਹ ਵੀ ਪੜ੍ਹੋ : ਪਾਕਿ ਤੋਂ ਆਈ ਭਾਰਤੀ ‘ਨੂੰਹ’ ਸੀਮਾ ਹੈਦਰ ਨੇ ਪਤੀ ਸਚਿਨ ਤੇ ਪਰਿਵਾਰ ਨਾਲ ਲਹਿਰਾਇਆ ਤਿਰੰਗਾ

ਇਹ ਸਫ਼ਲਤਾ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ਮੌਕੇ ਅਤੇ ਪੰਜਾਬ ਪੁਲਸ ਵੱਲੋਂ ਚੈੱਕ ਗਣਰਾਜ (ਚੈੱਕੀਆ) ਦੇ ਗੁਰਦੇਵ ਸਿੰਘ ਉਰਫ਼ ਜੈਸਲ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਤਰਨਤਾਰਨ ਤੋਂ ਉਸ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ 3 ਪਿਸਤੌਲਾਂ ਸਮੇਤ ਗੋਲ਼ੀ-ਸਿੱਕਾ ਬਰਾਮਦ ਕਰਨ ਦੇ ਇਕ ਦਿਨ ਬਾਅਦ ਮਿਲੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਿੰਦਰ ਸਿੰਘ ਵਾਸੀ ਲੱਖੂਵਾਲ ਅੰਮ੍ਰਿਤਸਰ, ਗੁਰਪਿੰਦਰ ਸਿੰਘ ਉਰਫ਼ ਲਾਹੌਰੀਆ ਵਾਸੀ ਅਜਨਾਲਾ ਅੰਮ੍ਰਿਤਸਰ, ਲਵਪ੍ਰੀਤ ਸਿੰਘ ਵਾਸੀ ਅਜਨਾਲਾ ਅੰਮ੍ਰਿਤਸਰ, ਨਰਿੰਦਰ ਸਿੰਘ ਵਾਸੀ ਸੁੰਦਲ ਰਿਆਲੀ ਗੁਰਦਾਸਪੁਰ ਅਤੇ ਸੁਖਮਨਪ੍ਰੀਤ ਸਿੰਘ ਉਰਫ ਜੀਵਨ ਵਾਸੀ ਅਜਨਾਲਾ ਅੰਮ੍ਰਿਤਸਰ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਗੈਂਗਸਟਰ ਹਰਪ੍ਰੀਤ ਹੈਪੀ ਵੱਲੋਂ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਨਵੇਂ ਬਣਾਏ ਗਿਰੋਹ ਰਾਹੀਂ ਸੂਬੇ ਦੇ ਪ੍ਰਮੁੱਖ ਸਿਆਸੀ ਅਤੇ ਸਮਾਜਿਕ-ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਉਣ ਸਬੰਧੀ ਸੂਹ 'ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਇਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ।

ਇਹ ਵੀ ਪੜ੍ਹੋ : ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਸਰਹੱਦ 'ਤੇ ਫਿਰ ਫੜੀ ਗਈ ਵੱਡੀ ਮਾਤਰਾ 'ਚ ਹੈਰੋਇਨ

ਏਆਈਜੀ ਐੱਸਐੱਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਗੈਂਗਸਟਰ ਹਰਪ੍ਰੀਤ ਹੈਪੀ ਦੇ ਮਾਡਿਊਲ ਦੇ ਹਥਿਆਰਬੰਦ ਸੰਚਾਲਕਾਂ ਵੱਲੋਂ ਅੰਮ੍ਰਿਤਸਰ ਵਿੱਚ ਮੀਟਿੰਗ ਕਰਨ ਦੀ ਭਰੋਸੇਮੰਦ ਸੂਚਨਾ ਦੇ ਆਧਾਰ 'ਤੇ ਐੱਸਐੱਸਓਸੀ ਅੰਮ੍ਰਿਤਸਰ ਦੀ ਵਿਸ਼ੇਸ਼ ਟੀਮ ਨੇ ਤੁਰੰਤ ਇਲਾਕੇ ਵਿੱਚ ਪਹੁੰਚ ਕੇ ਯੋਜਨਾਬੱਧ ਤਰੀਕੇ ਨਾਲ ਘੇਰਾਬੰਦੀ ਕਰਕੇ ਇਸ ਮਾਡਿਊਲ ਦੇ 5 ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਬਰਾਮਦ ਕੀਤੇ। ਉਨ੍ਹਾਂ ਅੱਗੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਸੂਬੇ ਵਿੱਚ ਮਿੱਥ ਕੇ ਕਤਲ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਮੁੱਢਲੀ ਤਫ਼ਤੀਸ਼ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵੱਲੋਂ ਹਾਲ ਹੀ 'ਚ ਗੈਂਗਸਟਰ ਹਰਪ੍ਰੀਤ ਹੈਪੀ ਵੱਲੋਂ ਹਰਵਿੰਦਰ ਰਿੰਦਾ ਦੀ ਮਦਦ ਨਾਲ ਭਾਰਤ-ਪਾਕਿ ਸਰਹੱਦ ਰਾਹੀਂ ਡਰੋਨ ਦੁਆਰਾ ਭੇਜੀ ਗਈ ਹਥਿਆਰਾਂ ਦੀ ਖੇਪ ਪ੍ਰਾਪਤ ਕੀਤੀ ਗਈ ਸੀ।

ਇਹ ਵੀ ਪੜ੍ਹੋ : ਫਿਰ ਵਾਇਰਲ ਹੋਇਆ ਦਿੱਲੀ ਮੈਟਰੋ ਦਾ Video, ਹੱਥ 'ਚ ਮੋਬਾਇਲ ਫੜ ਵਿਅਕਤੀ ਨੇ ਕੀਤੀਆਂ ਅਜੀਬ ਹਰਕਤਾਂ

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਹਰਪ੍ਰੀਤ ਹੈਪੀ ਵੱਲੋਂ ਵੱਖ-ਵੱਖ ਚੈਨਲਾਂ ਰਾਹੀਂ ਭੇਜੀ ਗਈ ਵਿੱਤੀ ਸਹਾਇਤਾ ਵੀ ਮਿਲਦੀ ਰਹੀ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਵੱਲੋਂ ਗੈਂਗਸਟਰ ਹਰਪ੍ਰੀਤ ਹੈਪੀ ਵੱਲੋਂ ਨਿਰਧਾਰਤ ਕੀਤੇ ਗਏ ਪੰਜਾਬ ਦੇ ਟਾਰਗੈੱਟਾਂ ਦੀ ਰੇਕੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੂਰੇ ਅੱਤਵਾਦੀ ਨੈੱਟਵਰਕ ਦਾ ਪਤਾ ਲਗਾਉਣ ਅਤੇ ਉਨ੍ਹਾਂ ਚੈਨਲਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਰਾਹੀਂ ਹੈਪੀ ਨੇ ਹਥਿਆਰਾਂ ਦੀ ਖੇਪ ਤੇ ਆਪਣੇ ਸਾਥੀਆਂ ਲਈ ਵਿੱਤੀ ਸਹਾਇਤਾ ਦਾ ਪ੍ਰਬੰਧ ਕੀਤਾ ਸੀ। ਇਸ ਸਬੰਧੀ ਐੱਫਆਈਆਰ ਨੰਬਰ 25 ਮਿਤੀ 12.08.2023 ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 13, 17, 18 ਅਤੇ 20, ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 115 ਅਤੇ 120-ਬੀ ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News