ਖੰਨਾ ਤੋਂ ਵੱਡੀ ਖ਼ਬਰ : ਫਾਰਚੂਨਰ ਗੱਡੀ ਨਹਿਰ 'ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ
Tuesday, Apr 26, 2022 - 11:49 AM (IST)
ਖੰਨਾ (ਵਿਪਨ) : ਪੁਲਸ ਜ਼ਿਲ੍ਹਾ ਖੰਨਾ ਦੇ ਪਿੰਡ ਝਮਟ ਨੇੜੇ ਬੀਤੀ ਰਾਤ ਨਹਿਰ 'ਚ ਫਾਰਚੂਨਰ ਗੱਡੀ ਡਿੱਗਣ ਨਾਲ 5 ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ ਗੱਡੀ 'ਚ ਸਵਾਰ ਇੱਕ ਦੋਸਤ ਬਚ ਗਿਆ। ਮਰਨ ਵਾਲਿਆਂ 'ਚ ਇੱਕ ਨੌਜਵਾਨ ਕੈਨੇਡਾ ਦਾ ਸਿਟੀਜ਼ਨ ਸੀ ਅਤੇ ਹੁਣ ਪੰਜਾਬ ਆਇਆ ਹੋਇਆ ਸੀ। ਐੱਨ. ਆਰ. ਆਈ. ਨੌਜਵਾਨ ਆਪਣੇ ਕਿਸੇ ਰਿਸ਼ਤੇਦਾਰ ਘਰ ਅਫ਼ਸੋਸ ਕਰਨ ਮਗਰੋਂ ਦੋਸਤਾਂ ਨਾਲ ਮੰਡੀ ਅਹਿਮਦਗੜ੍ਹ ਢਾਬੇ 'ਤੇ ਖਾਣਾ ਖਾਣ ਜਾ ਰਿਹਾ ਸੀ ਤਾਂ ਰਾਤ ਕਰੀਬ 11 ਵਜੇ ਗੱਡੀ ਨਹਿਰ 'ਚ ਡਿੱਗ ਗਈ। ਲਾਸ਼ਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਭੇਜਿਆ ਗਿਆ ਹੈ।
ਪਿੰਡ ਨੰਗਲਾਂ ਦੇ ਸਰਪੰਚ ਗੋਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਦੋਸਤ ਜਤਿੰਦਰ ਸਿੰਘ ਕੈਨੇਡਾ ਤੋਂ ਆਇਆ ਹੋਇਆ ਸੀ। ਜਤਿੰਦਰ ਆਪਣੇ ਦੋਸਤਾਂ ਨਾਲ ਲਹਿਲ ਪਿੰਡ ਤੋਂ ਵਾਪਸ ਜਾ ਰਿਹਾ ਸੀ ਤਾਂ ਗੱਡੀ ਨਹਿਰ ਦੇ ਕਿਨਾਰੇ ਨਾਲ ਟਕਰਾ ਕੇ ਵਿੱਚ ਜਾ ਡਿੱਗੀ। ਇਸ ਘਟਨਾ ਨਾਲ 5 ਲੋਕਾਂ ਦੀ ਮੌਤ ਹੋ ਗਈ। ਜਗਦੀਪ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਪਿੰਡ ਬੇਰ ਵਿਖੇ ਅਫ਼ਸੋਸ ਕਰਨ ਮਗਰੋਂ ਡਿਨਰ ਕਰਨ ਲਈ ਦੋਸਤਾਂ ਨਾਲ ਮੰਡੀ ਅਹਿਮਦਗੜ੍ਹ ਜਾ ਰਿਹਾ ਸੀ ਤਾਂ ਰਸਤੇ 'ਚ ਭਿਆਨਕ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, 27 ਅਤੇ 28 ਤਾਰੀਖ਼ ਨੂੰ ਵਧੇਗਾ 'ਲੂ' ਦਾ ਕਹਿਰ
ਹਾਦਸੇ ਦੀ ਜਾਂਚ ਕਰ ਰਹੇ ਥਾਣੇਦਾਰ ਚਰਨਜੀਤ ਸਿੰਘ ਨੇ ਦਸਿਆ ਕਿ ਰਾਤ ਕਰੀਬ 11 ਵਜੇ ਸੂਚਨਾ ਮਿਲੀ ਸੀ ਕਿ ਗੱਡੀ ਨਹਿਰ 'ਚ ਡਿੱਗ ਗਈ ਹੈ। ਕਰੇਨ ਨਾਲ ਗੱਡੀ ਬਾਹਰ ਕੱਢੀ ਤਾਂ ਇਸ ਵਿਚੋਂ 5 ਲਾਸ਼ਾਂ ਮਿਲੀਆਂ। ਇੱਕ ਵਿਅਕਤੀ ਬਚ ਗਈਆਂ, ਜਦੋਂ ਗੱਡੀ ਨਹਿਰ ਕਿਨਾਰੇ ਨਾਲ ਟਕਰਾਈ ਤਾਂ ਪਿੱਛੇ ਬੈਠਾ ਸੰਦੀਪ ਸਿੰਘ ਸ਼ੀਸ਼ਾ ਟੁੱਟਣ ਕਰਕੇ ਉੱਛਲ ਕੇ ਨਹਿਰ ਕਿਨਾਰੇ ਡਿੱਗ ਗਿਆ ਅਤੇ ਬਚ ਗਿਆ, ਜਦੋਂ ਕਿ ਬਾਕੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਤਿੰਦਰ ਸਿੰਘ (40) ਪੁੱਤਰ ਭਗਵੰਤ ਸਿੰਘ ਵਾਸੀ ਨੰਗਲਾ, ਜਗਤਾਰ ਸਿੰਘ (45) ਪੁੱਤਰ ਬਾਵਾ ਸਿੰਘ ਵਾਸੀ ਨੰਗਲਾ, ਜੱਗਾ ਸਿੰਘ (35) ਪੁੱਤਰ ਭਜਨ ਸਿੰਘ ਵਾਸੀ ਗੋਪਾਲਪੁਰ, ਕੁਲਦੀਪ ਸਿੰਘ (45) ਪੁੱਤਰ ਕਰਨੈਲ ਸਿੰਘ ਵਾਸੀ ਲੇਹਲ ਅਤੇ ਜਗਦੀਪ ਸਿੰਘ (35) ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਰੁੜਕਾ ਵੱਜੋਂ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ